ਗੀਤ ਦੀ ਗੱਲ ਕਰਦਿਆਂ -“ਸੁਰ ਸਰਤਾਜ” ਚੁੰਨੀ ਵਾਲੀ ਕੁੜੀ ਮਨਦੀਪ ਮਾਛੀਵਾੜਾ ਦੀ ਪੇਸ਼ਕਾਰੀ “ਚੁੰਨੀ ਦੀ ਕਲੀ” ਨੂੰ ਖੁਸ਼ ਆਮਦੀਦ

ਕਿਸੇ ਵੀ ਖੇਤਰ ਦੇ ਟੀ ਵੀ ਮੁਕਾਬਲਾ ਸ਼ੋਅ ਜਾਂ ਰੀਐਲਿਟੀ ਸ਼ੋਅ ਆਮ ਤੌਰ ਤੇ ਉਸ ਖੇਤਰ ਦੇ ਨਵੇਂ ਉਭਰਦੇ ਕਲਾਕਾਰਾਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਬਿੰਦੂ ਰਹਿੰਦਾ ਹੈ । ਇਹਨਾਂ ਮੁਕਾਬਲਿਆਂ ਵਿੱਚੋਂ ਅਕਸਰ ਛੁਪਿਆ ਰੰਗ ਜਨਤਾ ਅਤੇ ਸੰਬੰਧਤ ਖੇਤਰ ਦੇ ਨਜਰੀਂ ਪੈਂਦਾ ਹੈ ਜੋ ਉਸਾਰੂ ਕਲਾ ਦਾ ਪ੍ਰਦਰਸ਼ਨੀ ਦਾ ਕਾਰਨ ਬਣਦਾ ਹੈ । ਕੁਝ ਵਰੇ ਪਹਿਲਾਂ ਜਲੰਧਰ ਦੂਰਦਰਸ਼ਨ ਤੋਂ ਗੀਤ ਸੰਗੀਤ ਨੂੰ ਉਤਸਾਹਤ ਕਰਨ ਲਈ ਦੂਸਰੇ ਪੰਜਾਬੀ ਮੀਡੀਆ ਦੀ ਤਰਜ ਤੇ ਇੱਕ ਰੀਐਲਿਟੀ ਸ਼ੋਅ “ ਸੁਰ ਸਰਤਾਜ ” ਪੇਸ਼ ਹੋਇਆ ਜਿਹੜਾ ਗਾਇਕੀ ਦੇ ਖੇਤਰ ਵਿੱਚ ਨਵਾਂ ਟੇਲੈਂਟ ਲੱਭਣ ਤੇ ਕੇਂਦਰਤ ਸੀ । “ ਸੁਰ ਸਰਤਾਜ ” ਤੇ ਉਸ ਪਹਿਲੇ ਸ਼ੋਅ ਦੀ ਜੇਤੂ ਰਹੀ ਸੁਰ ਸਰਤਾਜ ਲੁਧਿਆਣਾ ਦੇ ਪਛੜੇ ਮੰਨੇ ਜਾਂਦੇ ਇੱਕ ਛੋਟੇ ਕਸਬੇ ਮਾਛੀਵਾੜਾ ਦੀ ਲੜਕੀ ਮਨਦੀਪ ਕੌਰ ਰਹੀ ਸੀ । ਉਦੋਂ ਉਸ ਲੜਕੀ ਨੂੰ ਅਚਾਨਕ ਬਹੁਤ ਸਨਮਾਨ ਮਿਲਿਆ ਅਤੇ ਮੀਡੀਆ ਦੀਆਂ ਸੁਰਖੀਆਂ ਵੀ ਮਿਲੀਆਂ ਪਰ ਉਸ ਲੜਕੀ ਦੀ ਸੰਗੀਤਕ ਦੁਨੀਆਂ ਤੋਂ ਕੁਝ ਵਰੇ ਦੀ ਦੂਰੀ ਉਹਦੇ ਪ੍ਰੰਸ਼ੰਸਕਾਂ ਨੂੰ ਨਿਰਾਸ਼ ਕਰਦੀ ਰਹੀ । ਸੁਰ ਸਰਤਾਜ ਬਨਣ ਤੋਂ ਪਹਿਲਾਂ ਮਨਦੀਪ ਜੀ ਪੰਜਾਬੀ ਦੇ ਸ਼ੋਅ “ ਪੰਜਾਬ ਦਾ ਸੁਪਰ ਸਟਾਰ ” ਦੀ ਫ਼ਸਟ ਰੱਨਰ ( 2006) ਵੀ ਰਹੀ ਹੈ। ਚਾਹੇ ਸਥਾਨਕ ਕੁਝ ਮੇਲਿਆਂ ਚ ਉਹ ਗਾਹੇ ਬੇਗਾਹੇ ਆਪਣੀ ਹਾਜਰੀ ਲੁਆਉਂਦੀ ਰਹੀ ਪਰ ਸੰਗੀਤਕ ਖੇਤਰ ਦੀ ਬਕਾਇਦਗੀ ਵਾਲੇ ਸ਼ੋਸਲ ਅਤੇ ਪ੍ਰਚਲਿਤ ਮੀਡੀਆ ਚ ਉਹਦੇ ਗੈਰ-ਹਾਜਰੀ ਚੁੱਭਣ ਲੱਗੀ ਸੀ ਕਿ ਪੰਜਾਬੀ ਸੱਭਿਆਚਾਰ ਦੇ ਪ੍ਰਸਾਰ ਲਈ ਇੰਨੇ ਮੁਕਾਬਲਿਆਂ ਤੋਂ ਤਿਆਰ ਕਲਾਕਾਰ ਪੰਜਾਬੀ ਦੇ ਪਰਦੇ ਤੇ ਚਮਕਣ ਦੀ ਬਜਾਇ ਅਲੋਪ ਕਿਉਂ ਹੋ ਜਾਣ। ਟਾਵੀਂ ਟਾਵੀਂ ਹਾਜਰੀ ਵਿੱਚ ਜਦੋਂ ਵਿਰਸਾ ਰਿਕਾਰਡਜ਼ ਵਲੋਂ ਉਸਦਾ ਗੀਤ ‘ਖੂੰਡਾ’, ਰਿਲੀਜ ਕੀਤਾ ਗਿਆ ਤਾਂ ਮਨ ਨੂੰ ਸਕੂਨ ਮਿਲਿਆ ਕਿ ਪੰਜਾਬ ਦੀ ਸੱਭਿਆਚਾਰਕ ਆਵਾਜ ਇੰਡਸਟਰੀ ਚ ਆ ਗਈ ਹੈ । ਸਰੋਤਿਆਂ ਤੋਂ ਖੂੰਡੇ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਮਨਦੀਪ ਨੇ ਸਿਲਸਲੇ ਵਾਰ ਸਿੰਗਲ ਟਰੈਕ “ ਭਗਤ ਸਿੰਘ ” ਅਤੇ “ ਚੰਨਾ ਮੇਰਿਆ ” ਪੇਸ਼ ਕੀਤੇ। ਮਨਦੀਪ ਦੀ ਪੰਜਾਬੀ ਸੱਭਿਆਚਾਰ ਵਿੱਚ ਹੁਣੇ ਨਵੇਂ ਗੀਤ “ ਚੁੰਨੀ ” ਦੀ ਕਲੀ ਦੇ ਰੂਪ ਵਿੱਚ ਪੇਸ਼ਕਾਰੀ ਦੀ ਦਸਤਕ ਬਹੁਤ ਸ਼ੁਭ ਹਾਜਰੀ ਹੈ, ਜਿਹੜੀ ਪੰਜਾਬੀ ਮੁਟਿਆਰਾਂ ਦੇ ਸਿਰਾਂ ਤੋਂ ਅਲੋਪ ਹੁੰਦੀ ਪੰਜਾਬੀ ਸੱਭਿਆਚਾਰਕ ਪਹਿਰਾਵੇ ਨੂੰ ਸਾਹਿਤਕ ਸਮਰਪਿਤ ਹੈ । ਇਸਗੀਤ ਦੀ ਖਾਸੀਅਤ ਇਹ ਹੈ ਕਿ ਸਿਰ ਤੇ ਹਮੇਸ਼ਾਂ ਚੁੰਨੀ ਲੈ ਕੇ ਗਾਉਣ ਲਈ ਮਸ਼ਹੂਰ ਇਹ ਕੁੜੀ ਚੁੰਨੀ ਦੇ ਮਹੱਤਵ ਨਾਲ ਪੇਸ਼ ਹੋਈ ਹੈ । “ ਛੋਟੀ ਹੁੰਦੀ ਪੁੱਤਾਂ ਵਾਗੂੰ ਪਾਲਿਆ ਮਾਪਿਆ ਨੇ, ਲੈਦੀਂ ਸੀ ਮੈਂ ਚੁੰਨੀ, ਲੱਗਦੀ ਮੈਂ ਬੜੀ ਪਿਆਰੀ ” ਗਾਣੇ ਵਿੱਚ ਗੀਤਕਾਰ ਜੀ ਐਸ ਸਿੱਧੂ ਦੇ ਖੂਬਸੂਰਤ ਲਫਜਾਂ ਨੂੰ ਸੰਗੀਤਕਾਰ ਜੰਗਾਂ ਕੈਂਥ ਨੇ ਢੱਡ ਸਾਰੰਗੀ ਦੇ ਸੰਗੀਤ ਵਿੱਚ ਸ਼ਿੰਗਾਰ ਕੇ ਪੰਜਾਬੀ ਦੀ ਮੁਢਲੀ ਸੱਭਿਆਚਾਰਕ ਦਿੱਖ ਵਿੱਚ ਪੇਸ਼ ਕੀਤਾ ਹੈ। ਇਸ ਗੀਤ ਦਾ ਵੀਡੀਓ ਵੀ ਸੁਵਿੰਦਰ ਜੈਨ ਵਲੋਂ ਬਿਲਕੁਲ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਣਾਇਆ ਗਿਆ ਹੈ। ਇਸ ਗੀਤ ਦੇ ਨਾਲ ਮਨਦੀਪ ਦੇ ਗਾਏ ਗੀਤਾਂ ਤੋਂ ਉਹਦੀ ਪਰਪੱਕ ਗਾਇਕੀ ਦੀ ਝਲਕ ਪੈਂਦੀ ਹੈ । ਸੰਗੀਤ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਮਨਦੀਪ ਦੀ ਗਾਇਕੀ ਚ ਸਿਖਲਾਈ ਵੀ ਪਰਿਵਾਰਕ ਢਾਡੀ ਜਥੇ ਦੀ ਗਾਇਕੀ ਨਾਲ ਹੋਈ ਹੈ ਕਿਉਂਕਿ ਉਹਦੇ ਪਿਤਾ ਨਰੰਜਨ ਸਿੰਘ ਨੂਰ ਗਾਇਕੀ ਦਾ ਸ਼ੌਕੀਨ ਸੀ ਜਿਹੜਾ ਆਪਣੇ ਅਧੂਰੇ ਸੁਪਨੇ ਨੂੰ ਹੁਣ ਆਪਣੀ ਬੇਟੀ ਦੇ ਸੁਪਨੇ ਦੀ ਪੂਰਤੀ ਚੋਂ ਪੂਰੇ ਹੁੰਦੇ ਦੇਖਣਾ ਚਾਹੁੰਦਾ ਹੈ । ਇਸ ਪੰਜਾਬੀ ਲੋਕ ਗਾਇਕੀ ਦੀ ਕਲੀ ਚੁੰਨੀ ਵਿੱਚ ਮਨਦੀਪ ਨਾਲ ਸੰਰੰਗੀ ਤੇ ਸਾਥ ਦੇ ਰਿਹਾ ਸ਼ਖਸ ਵੀ ਉਸਦਾ ਭਰਾ ਗੁਰਪ੍ਰੀਤ ਸਿੰਘ ਨੂਰ ਹੈ ਜੋ ਰਾਸ਼ਟਰੀ ਜੇਤੂ ਕਲਾਸੀਕਲ ਸੰਰੰਗੀ ਵਾਦਕ ਰਿਹਾ ਹੈ । ਚੁਣਵੇਂ ਅਤੇ ਸੱਭਿਆਚਾਰਕ ਗੀਤਾਂ ਅਤੇ ਸੱਭਿਆਚਾਰਕ ਦਿੱਖ ਨਾਲ ਸਮੇਂ ਸਮੇਂ ਤੇ ਪੰਜਾਬੀ ਸੰਗੀਤਕ ਖੇਤਰ ਵਿੱਚ ਮਨਦੀਪ ਦੀ ਹਾਜਰੀ ਖੁਸ਼ ਆਮਦੀਦ ਹੈ ।
(ਸੁਰਜੀਤ ਸਿੰਘ ਭਦੌੜ)
98884-88060

Install Punjabi Akhbar App

Install
×