ਗਿਆਨੀ ਜਸਵੰਤ ਸਿੰਘ ਵਿਰੁੱਧ ਇਸਾਈ ਪ੍ਰਚਾਰਕਾਂ ਵਲੋਂ ਤੂਲ ਅਤੇ ਬੁੱਤ ਵਿਰੋਧੀ ਨੌਜਵਾਨਾਂ ‘ਤੇ ਪੁਲਿਸ ਕਾਰਵਾਈ ਵਿਵਾਦਤ ਪਹੁੰਚ: ਪੰਥਕ ਤਾਲਮੇਲ ਸੰਗਠਨ

ਵੱਖ-ਵੱਖ ਸਿੱਖ ਸੰਸਥਾਂਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਸਿੱਖ ਧਰਮ ਦਾ ਪੱਕਾ ਅਨੁਯਾਈ ਨਾ ਹੀ ਆਪਣਾ ਧਰਮ ਛੱਡਦਾ ਹੈ ਅਤੇ ਨਾ ਹੀ ਕਿਸੇ ਦਾ ਧਰਮ ਛਡਾਉਂਦਾ ਹੈ। ਏਥੋਂ ਤੱਕ ਕਿ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦਾ ਇਤਿਹਾਸ ਗਵਾਹ ਹੈ ਕਿ ਦੂਸਰੇ ਧਰਮਾਂ ਦੀ ਰਾਖੀ ਕਰਨੀ ਸਿੱਖ ਧਰਮ ਦਾ ਵਿਲੱਖਣ ਸਿਧਾਂਤ ਹੈ। ਇਸ ਲਈ ਗਿਆਨੀ ਜਸਵੰਤ ਸਿੰਘ ਕਥਾਵਾਚਕ ਵਲੋਂ ਸੁਤੇ-ਸਿਧ ਕੀਤੀ ਵੀਚਾਰ ਨੂੰ ਆਧਾਰ ਬਣਾ ਕੇ ਈਸਾਈ ਪ੍ਰਚਾਰਕਾਂ ਵਲੋਂ ਸ਼ੋਸ਼ਲ ਮੀਡੀਏ ਵਿਚ ਤੂਲ ਦੇਣੀ ਅਤੇ ਪਰਚਾ ਕਰਾਉਣਾ ਸਦਭਾਵਨਾ ਤੇ ਭਾਈਚਾਰੇ ਦੇ ਹਿਤ ਵਿਚ ਨਹੀਂ ਹੈ। ਜੇਕਰ ਇਸਾਈ ਭਾਈਚਾਰੇ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕਰ ਲਈ ਸੀ ਤਾਂ ਇਸ ਮਾਮਲੇ ਨੂੰ ਉੱਥੇ ਤੱਕ ਹੀ ਸੀਮਤ ਰੱਖਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਵਿਵਾਦ ਤੋਂ ਪਹਿਲਾਂ ਸੰਵਾਦ ਦਾ ਰਸਤਾ ਅਖ਼ਤਿਆਰ ਕਰਨਾ ਸਮੁੱਚੇ ਸਮਾਜ ਦੇ ਹਿਤ ਵਿਚ ਹੈ। ਇਸ ਦੇ ਨਾਲ ਹੀ ਇਸਾਈ ਪ੍ਰਚਾਰਕ ਵੀ ਇਹ ਯਕੀਨੀ ਬਣਾਉਣ ਕਿ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਮਨ-ਮਰਜ਼ੀ ਨਾਲ ਨਹੀਂ ਕਰੇਗਾ ਅਤੇ ਨਾ ਹੀ ਸਿੱਖੀ ਫ਼ਲਸਫ਼ੇ ਦੇ ਹਵਾਲੇ ਨਾਲ ਲੋਕਾਂ ਨੂੰ ਗੁਮਰਾਹ ਕਰੇਗਾ।
ਪੰਥਕ ਤਾਲਮੇਲ ਸੰਗਠਨ ਨੇ ਸ੍ਰੀ ਦਰਬਾਰ ਸਾਹਿਬ ਦੇ ਮਾਰਗ ਵਿਚ ਸਥਿਤ ਭੰਗੜਾ ਪਾਉਂਦੇ ਬੁੱਤਾਂ ਦੇ ਸਬੰਧ ਵਿਚ ਸੰਕੇਤਕ ਵਿਰੋਧ ਕਰਨ ਵਾਲੇ ਸਿੱਖ ਨੌਜਵਾਨਾਂ ਵਿਰੁੱਧ ਪੁਲਿਸ ਵਧੀਕੀ ਦੀ ਨਿੰਦਾ ਕਰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਕਿਉਂਕਿ ਅਜਿਹੇ ਇਤਰਾਜ਼ਯੋਗ ਬੁੱਤਾਂ ਦੀ ਸਥਾਪਨਾ ਲਈ ਪੰਥਕ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧਕ ਜ਼ਿੰਮੇਵਾਰ ਹਨ, ਜਿਨ੍ਹਾਂ ਦੀ ਖਾਮੋਸ਼ੀ ਕਾਰਨ ਨੌਜਵਾਨਾਂ ਨੂੰ ਆਪਣਾ ਵਿਰੋਧ ਦਰਜ ਕਰਾਉਣ ਦਾ ਫਰਜ਼ ਨਿਭਾਉਣਾ ਪਿਆ ਹੈ। ਸੰਗਠਨ ਨੇ ਕਿਹਾ ਕਿ ਇਹ ਮਸਲਾ ਇਕ ਤਸਵੀਰ ਪੇਸ਼ ਕਰਦਾ ਹੈ ਕਿ ਸਿੱਖ ਕੌਮ ਅੰਦਰ ਬੁਤ-ਪ੍ਰਸਤੀ ਕਿਸ ਹੱਦ ਤੱਕ ਘਰ ਕਰ ਚੁੱਕੀ ਹੈ ਅਤੇ ਬਹੁ-ਗਿਣਤੀ ਲੋਕਾਂ ਦੀ ਮਾਨਸਿਕਤਾ ਅੰਦਰ ਹੀ ਜਠੇਰੇ, ਮੜ੍ਹੀਆਂ-ਮਸਾਣਾਂ ਅਤੇ ਕਬਰਾਂ ਪ੍ਰਤੀ ਲਗਾਉ ਹੈ। ਅਜਿਹੀ ਮਾਨਸਿਕਤਾ ਦੇ ਸ਼ਿਕਾਰ ਲੋਕ ਹੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਵਜੋਂ ਕਾਬਜ਼ ਹਨ ਅਤੇ ਸ਼ਬਦ-ਗੁਰੂ ਦੇ ਗਿਆਨ ਤੋਂ ਸੱਖਣੇ ਹਨ।

Install Punjabi Akhbar App

Install
×