ਕ੍ਰਿਸਟਿਅਨ ਪੋਰਟਰ ਨੇ ਆਪਣੇ ਉਪਰ ਲਗਾਏ ਗਏ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਕਾਰਨ, ਏ.ਬੀ.ਸੀ. ਚੈਨਲ ਉਪਰ ਕੀਤਾ ਮਾਣਹਾਨੀ ਦਾ ਮੁਕੱਦਮਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਟਾਰਨੀ ਜਨਰਲ ਕ੍ਰਿਸਟਿਅਨ ਪੋਰਟਰ ਨੇ ਆਪਣੇ ਉਪਰ ਲਗਾਏ ਗਏ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਹੱਦੋਂ ਵੱਧ ਤਵੱਜੋ ਦੇ ਕੇ ਉਨ੍ਹਾਂ ਦਾ ਪ੍ਰਸਾਰਣ ਕਰਨ ਕਾਰਨ ਆਪਣੇ ਸਾਖ ਨੂੰ ਲੱਗੀ ਠੇਸ ਦਾ ਹਵਾਲਾ ਦਿੰਦਿਆਂ ਹੋਇਆਂ, ਏ.ਬੀ.ਸੀ. ਚੈਨਲ ਅਤੇ ਪੱਤਰਕਾਰ ਲੂਈਸ ਮਿਲੀਗਨ ਉਪਰ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।
ਉਨ੍ਹਾਂ ਦੇ ਵਕੀਲ ਰੈਬੇਕਾਹ ਗਿਲੀਜ਼ ਰਾਹੀਂ ਦਾਇਰ ਕੀਤੇ ਗਏ ਮੁਕੱਦਮੇ ਵਿੱਚ ਦਾਖਿਲ ਕੀਤੇ ਗਏ ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਉਕਤ ਪੱਤਰਕਾਰ ਅਤੇ ਚੈਨਲ ਨੇ ਅਜਿਹੀ ਕਹਾਣੀ ਘੜੀ, ਜਿਸਦਾ ਕਿ ਵਜੂਦ ਹੀ ਨਹੀਂ ਸੀ ਅਤੇ ਉਨ੍ਹਾਂ ਦਾ ਸਮੁੱਚਾ ਕੈਰੀਅਰ ਦੇ ਨਾਲ ਨਾਲ ਉਨ੍ਹਾਂ ਦੀ ਬਣੀ ਬਣਾਈ ਇੱਜ਼ਤ ਨੂੰ ਹੀ ਰੋਲ਼ ਕੇ ਰੱਖ ਦਿੱਤਾ। ਪਹਿਲਾਂ ਤਾਂ ਉਕਤ ਕਹਾਣੀ ਨੂੰ ਪੋਰਟਰ ਦਾ ਨਾਮ ਲਏ ਬਿਨ੍ਹਾਂ ਹੀ ਪ੍ਰਸਾਰਿਤ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦਾ ਨਾਮ ਵੀ ਨਸ਼ਰ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਚੈਨਲ ਨੇ ਅਦਾਲਤ ਦੇ ਬਾਹਰ ਆਪੂਪਣੇ ਵਿੱਚ ਹੀ ਉਨ੍ਹਾਂ ਦੇ ਖ਼ਿਲਾਫ਼ ਸਾਰੇ ਫੈਸਲੇ ਵੀ ਸੁਣਾ ਦਿੱਤੇ ਅਤੇ ਉਨ੍ਹਾਂ ਨੂੰ ਅਜਿਹੇ ਘਿਨੌਣੇ ਕਾਰਨਾਮਿਆਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਦੀ ਸੂਚੀ ਵਿੱਚ ਖੜ੍ਹਾ ਕਰ ਦਿੱਤਾ।
ਹਲਫ਼ਨਾਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਕਤ ਦੋਸ਼ਾਂ ਦਾ ਕੋਈ ਵੀ ਆਧਾਰ, ਗਵਾਹ ਜਾਂ ਸਬੂਤ ਨਹੀਂ ਹੈ ਅਤੇ ਬਿਨ੍ਹਾਂ ਕਿਸੇ ਸਿਰ-ਪੈਰ ਦੇ ਅਜਿਹੀਆਂ ਕਹਾਣੀਆਂ ਘੜੀਆਂ ਗਈਆਂ ਅਤੇ ਸਮੁੱਚੇ ਦੇਸ਼ ਅਤੇ ਸੰਸਾਰ ਅੰਦਰ ਹੀ ਕ੍ਰਿਸਟਿਅਨ ਪੋਰਟਰ ਨੂੰ ਬਦਨਾਮੀ ਦਾ ਮੂੰਹ ਦੇਖਣਾ ਪਿਆ ਹੈ।
ਇਸ ਤੋਂ ਇਲਾਵਾ, 80,000 ਤੋਂ ਵੀ ਜ਼ਿਆਦਾ ਲੋਕਾਂ ਨੇ ਇੱਕ ਪਟੀਸ਼ਨ ਹਸਤਾਖਰ ਕਰਕੇ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕ੍ਰਿਸਟਿਅਨ ਪੋਰਟਰ ਨੂੰ ਫੌਰਨ ਬਰਖਾਸਤ ਕੀਤਾ ਜਾਵੇ ਕਿਉਂਕਿ ਉਨ੍ਹਾਂ ਉਪਰ ਬਹੁਤ ਜ਼ਿਆਦਾ ਘਿਨੌਣੇ ਇਲਜ਼ਾਮ ਲੱਗੇ ਹਨ ਜਿਸ ਵਿੱਚ ਕਿ ਇੱਕ ਔਰਤ ਦਾ ਸਰੀਰਕ ਸ਼ੋਸ਼ਣ ਅਤੇ ਉਕਤ ਮਹਿਲਾ ਦੀ ਸ਼ਿਕਾਇਤ ਕਰਨ ਤੋਂ ਬਾਅਦ ਉਸ ਦੇ ਖੁਦਕਸ਼ੀ ਕਰ ਜਾਣ ਵਾਲੇ ਇਲਜ਼ਾਮ ਆਦਿ ਸ਼ਾਮਿਲ ਹਨ।
ਦੂਸਰੇ ਪਾਸੇ, ਕ੍ਰਿਸਟਿਅਨ ਪੋਰਟਰ ਦੀ ਸਾਬਕਾ ਪਤਨੀ ਨੇ ਪਰਥ ਵਿੱਚ ਹੋਈ ਰੈਲੀ ਜਿਸ ਵਿੱਚ ਕਿ ਔਰਤਾਂ ਪ੍ਰਤੀ ਅਪਰਾਧਾਂ ਅਤੇ ਗੈਰ-ਜ਼ਿਮੇਵਾਰਾਨਾ ਹਰਕਤਾਂ ਦੇ ਖ਼ਿਲਾਫ਼ ਆਵਾਜ਼ ਉਠਾਈ ਗਈ ਹੈ, ਵਿੱਚ ਹਜ਼ਾਰਾਂ ਔਰਤਾਂ ਦੇ ਨਾਲ ਹਿੱਸਾ ਲਿਆ। ਇਹੀ ਰੈਲੀ ਅੱਜ ਕੈਨਬਰਾ ਪਾਰਲੀਮੈਂਟ ਦੇ ਸਾਹਮਣੇ ਵੀ ਕੀਤਾ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸਿਡਨੀ, ਮੈਲਬੋਰਨ ਅਤੇ ਬ੍ਰਿਸਬੇਨ ਵਿੱਚ ਅਜਿਹੀਆਂ ਹੀ ਰੈਲੀਆਂ ਹੋ ਰਹੀਆਂ ਹਨ।

Install Punjabi Akhbar App

Install
×