ਪਿੰਡ, ਪੰਜਾਬ ਦੀ ਚਿੱਠੀ (72) – ਨਵਾਂ ਸਾਲ ਖੁਸ਼ੀਆਂ ਲਿਆਵੇ!

ਮਿਤੀ : 02-01-2022

ਹਾਂ, ਬਈ ਮਿੱਤਰੋ, ਇੱਥੇ ਹਰ ਪਾਸੇ ਕਣਕ ਦੀ ਹਰੀ ਚਾਦਰ ਵਿਛ ਗਈ ਹੈ। ਕਿਤੇ-ਕਿਤੇ ਬਰਸੀਨ ਵਿੱਚੋਂ ਪੀਲੇ ਫੁੱਲ ਅਤੇ ਵੱਟਾਂ ਉੱਤੇ ਚਿੱਟੇ ਮੂੰਗਰਿਆਂ ਦੀ ਝਲਕ ਪੈਂਦੀ ਹੈ। ਗੰਨੇ ਅਤੇ ਕਿੰਨੂਆਂ ਦਾ ਪੂਰਾ ਜ਼ੋਰ ਹੈ। ਸੜ੍ਹਕਾਂ ਦੁਆਲੇ ਥਾਂ-ਥਾਂ ਕਿੰਨੂਆਂ ਦੇ ਸਟਾਲ ਤਾਜ਼ਾ ਜੂਸ ਪੇਸ਼ ਕਰ ਰਹੇ ਹਨ। ਵੱਡੀ ਖ਼ਬਰ ਇਹ ਹੈ, ਕਿ ਸ਼ਹੀਦੀ ਹਫ਼ਤੇ ਦੇ ਸੰਬੰਧ ਵਿੱਚ, ਸੈਂਕੜੇ ਲੰਗਰ ਲੱਗੇ ਹਨ। ਆਪਣੇ ਪਿੰਡ ਵੀ ਪਹਿਲਾਂ ਹੀ ਗੁਰਦੁਆਰਾ ਸਾਹਿਬ ਇਕੱਠ ਕਰਕੇ ਤਿਆਰੀ ਕਰ ਲਈ ਸੀ। ਲੈ ਬਈ, ਦੋ ਦਿਨ ਵੱਡੀ ਸੜ੍ਹਕ ਉੱਤੇ, ਪੂਰੇ ਪਿੰਡ ਦੇ ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਮਾਈਆਂ ਨੇ ਐਨੀ ਸੇਵਾ ਕੀਤੀ ਕਿ, ‘ਰਹਿ ਰੱਬ ਦਾ ਨਾਂ’। ਸਾਰਾ ਦਿਨ ਬੀਬੀਆਂ ਪ੍ਰਸ਼ਾਦੇ ਲਾਹੁੰਦੀਆਂ ਰਹੀਆਂ, ਸ਼ਰਧਾ ਨਾਲ। ਬੈਰੀਕੇਡ ਲਾ ਕੇ ਜਵਾਨਾਂ ਨੇ, ਚਮਕਦੀਆਂ ਟਰੈਫਿਕ ਵਾਲੀਆਂ ਜੈਕਟਾਂ ਪਾ ਕੇ ਸੇਵਾ ਕੀਤੀ। ਕਿਸਾਨ ਅੰਦੋਲਨ ਵਾਲੇ, ਕਿਸਾਨੀ ਹਰੇ ਝੰਡੇ ਅਤੇ ਨਿਸ਼ਾਨ ਸਾਹਿਬ ਤਾਜ਼ੇ ਹੀ ਸੰਭਾਲੇ ਸਨ, ਬੜੇ ਕੰਮ ਆਏ। ਹਰੀਆਂ ਅਤੇ ਕੇਸਰੀ ਪੱਗਾਂ ਵਾਲਿਆਂ ਕੋਲ ਝੂਲਦੇ ਝੰਡੇ ਵੇਖ ਕੇਰਾਂ ਤਾ ਕਾਰਾਂ ਵਾਲੇ ਡਰ ਜਾਂਦੇ ਪਰ ਨੇੜੇ ਆ ਕੇ ਵੇਖਦੇ ਤਾਂ ਦੰਗ ਹੋ ਜਾਂਦੇ। ਹੱਥ ਬੰਨ੍ਹ ਕੇ, ਉੱਚੀ ਆਵਾਜ਼ ਵਿੱਚ ਚੱਲਦੇ ਸ਼ਬਦਾਂ ਨਾਲ, ਸੇਵਾਦਾਰ, ਦੋ ਪ੍ਰਸ਼ਾਦੇ ਅਤੇ ਕੜਛੀ ਸਬਜ਼ੀ ਹੱਥ ਉੱਪਰ ਰੱਖ ਦਿੰਦੇ। ਚਾਹ ਛਕਣ ਵਾਲੇ ਸਾਈਡ ਤੇ ਕਾਰ ਲਾ ਕੇ ਗਰਮ-ਗਰਮ ਇਲੈਚੀਆਂ ਵਾਲੀ ਚਾਹ ਛਕਦੇ। ”ਐਨੀ ਸੇਵਾ!” ਸਾਰੇ ਅਸ਼-ਅਸ਼ ਕਰ ਉੱਠੇ। ਕਈ ਰਾਹੀ ਕਹਿੰਦੇ ਸੁਣੇ, ”ਆਹ ਜਿਹੜੀ ਗੁਰੂ ਕੇ ਲੰਗਰ ਵਾਲੀ ਸੇਵਾ ਐ ਨਾ, ਇਸ ਨੇ ਪੂਰੀ ਦੁਨੀਆਂ ਵਿੱਚ ਗੁਰੂ ਅਤੇ ਸਿੱਖੀ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਏਹਦੀ ਕੋਈ ਰੀਸ ਨੀ।” ਕਈ ਸੇਵਾ ਵਿੱਚ ਮਾਇਆ ਵੀ ਦਾਨ ਕਰ ਜਾਂਦੇ। ਭੋਲਾ, ਭੀਤਾ ਤੇ ਭਿੰਡਰ ਤਾਂ ਛੁੱਟੀਆਂ ਕਰਕੇ ਸਵੇਰੇ ਜਾਂਦੇ ਅਤੇ ਸੋਤੇ ਪਏ ਮੁੜਦੇ। ਨਾ ਆਰਾਮ ਨਾ ਥਕਾਵਟ। ਸੇਵਾ ਦਾ ਨਸ਼ਾ ਹੀ ਐਸਾ ਹੈ। ਪਤਾ ਹੀ ਨਹੀਂ, ਕਿੰਨੇ ਲੋੜਵੰਦਾਂ ਦੀ ਭੁੱਖ, ਤ੍ਰਿਪਤ ਹੋਈ ਜਾਂਦੀ ਹੈ। ਸ਼ਹੀਦਾਂ ਨੂੰ, ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਜੀ।
ਹੋਰ, ਰੈਲੀਆਂ, ਕੋਰੋਨਾ ਨੂੰ ਡਰਾ ਰਹੀਆਂ ਹਨ ਅਤੇ ਕੋਰੋਨਾ ਲੋਕਾਂ ਨੂੰ। ਟੁੱਟ-ਭੱਜ, ਗੱਠਜੋੜ ਅਤੇ ਸੌਦੇਬਾਜੀ ਸਿਖ਼ਰ ‘ਤੇ ਹੈ। ਪਾਪੂੜਾ, ਕੈਨੇਡਾ ਤੋਂ ਆ ਕੇ ਇੱਥੇ ਘਬਰਾਈ ਜਾਂਦਾ ਹੈ ਅਤੇ ਸੰਧੂ, ਆਸਟਰੇਲੀਆ ਜਾ ਕੇ ਫਸਿਆ ਮਹਿਸੂਸ ਕਰਦਾ ਹੈ। ਊਂ, ਦੁੱਖ-ਸੁੱਖ ਅਤੇ ਕੰਮ ਧੰਦੇ ਵੀ ‘ਸਰਕਾਰ ਵਾਂਗੂੰ’ ਚੱਲੀ ਹੀ ਜਾਂਦੇ ਹਨ। ਠੰਡ ਤਾਂ ਬਹੁਤ ਹੈ, ਪਰ ਤੁਹਾਡੇ ਵਾਂਗੂੰ, ਫੁੱਟਾਂ ਦੇ ਹਿਸਾਬ ਨਹੀਂ। ਸਮਝ ਨਹੀਂ ਆਉਂਦੀ, ‘ਤੁਸੀਂ ਪ੍ਰਬੰਧ ਕਿਵੇਂ ਕਰ ਰਹੇ ਹੋ? ਤਕੜੇ ਹੀ ਹੋ ਭਾਈ। ਰੱਬ, ਸਾਰਿਆਂ ਨੂੰ ਸਲਾਮਤ ਰੱਖੇ, ਜੀਵਾਂ ਅਤੇ ਜੜ੍ਹੀ-ਬੂਟਿਆਂ ਵਾਂਗੂੰ। ਆਮੀਨ!
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×