ਪਿੰਡ, ਪੰਜਾਬ ਦੀ ਚਿੱਠੀ (70)

ਪਿੰਡਾਂ ਵਾਲੇ ਪੰਜਾਬੀਓ, ਸਤ ਸ਼੍ਰੀ ਅਕਾਲ। ਇੱਥੇ ਸਭ ਰਾਜੀ-ਖੁਸ਼ੀ ਹੈ। ਆਪ ਜੀ ਦੀ ਰਾਜੀ-ਖੁਸ਼ੀ ਪਰਮਾਤਮਾ ਪਾਸੋਂ, ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਅਮਰੀਕਾ ਵਾਲਾ ‘ਸੁੱਖਾ ਬਾਈ’ ਅੱਜ-ਕੱਲ ਆਇਆ ਹੋਇਆ ਹੈ। ਉਸਦੀ ਮਨਸ਼ਾ, ਮੋਟੀ ਜ਼ਮੀਨ ਲੈ ਕੇ, ਫਾਰਮ ਹਾਊਸ ਬਣਾਉਣ ਦੀ ਹੈ। ਅਬੋਹਰ ਵੱਲ ਦੱਸ ਪੈਣ ਤੇ, ਉਸਦੇ ਨਾਲ, ਜ਼ਮੀਨ ਵੇਖਣ ਚਲੇ ਗਏ। ਅੱਗੇ ਦੀ ਅੱਗੇ, ਇੱਕ ਰਿਸ਼ਤੇਦਾਰ ਕੋਲ ਚਾਹ-ਪਾਣੀ ਪੀ ਕੇ, ਉਸ ਨੂੰ ਬਿਠਾ ਅੱਗੇ ਪਿੰਡਾਂ ‘ਚ ਗਏ। ਜਿਹੜੇ ਪਿੰਡ ਜਾਈਏ, ਸੱਥ ‘ਚ ਅੱਪੜ ਕੇ ਸਿੱਧਾ ਸਵਾਲ, ”ਸਾ-ਸਰੀ ਕਾਲ ਜੀ, ਪੰਜਾਹ-ਸੌ ਕਿੱਲਾ ਜ਼ਮੀਨ ਖਰੀਦਣੀ ਹੈ, ਦੱਸ ਪਾਓ ਜੀ।” ਵੱਡੀ ਕਾਰ, ਚਾਰ-ਪੰਜ ਜਣੇ ਲੰਮੇ-ਲੰਮੇ, ਚਿੱਟੇ ਕਮੀਜ਼-ਪਜਾਮੇ ਅਤੇ ਫਲੀਟ, ਹੱਥਾਂ ‘ਚ ਵੱਡੇ-ਵੱਡੇ ਫ਼ੋਨ ਵੇਖ, ਪਹਿਲਾਂ ਤਾਂ ਸਾਰੇ ਭਮੰਤਰ ਜਿਹੇ ਜਾਂਦੇ। ”ਕਿੱਥੋਂ ਆਏ ਓ, ਚਾਹ-ਪਾਣੀ ਪੀਓ,” ਕਹਿ ਕੇ ਨਾਂਹ-ਨੁੱਕਰ ਜੀ ਕਰ ਜਾਂਦੇ। ਇੱਕ ਪਿੰਡ ਦੇ ਖੇਤਾਂ ਕੋਲੋਂ ਲੰਘਦਿਆਂ, ਟਿੱਬਾ ਜਿਹਾ ਆਇਆ, ਉੱਚੀ ਜ਼ਮੀਨ। ਸੁਖਮੰਦਰ ਨੇ ਜੀਪ ਵਰਗੀ ਕਾਰ ਰੋਕ ਕੇ ਕਿਹਾ, ਯਾਰ! ਆਹ ਮਿਲ-ਜੇ ਸੌ ਕਿੱਲਾ। ਪੱਧਰ ਕਰਕੇ, ਫੁਹਾਰਾ-ਸਿਸਟਮ ਲਾ ਕੇ, ਬਾਗ ਲਾ ਦੇਈਏ। ਫ਼ੋਨ ਕਰ-ਕਰ ਅਖ਼ੀਰ, ਦੋਦੇ-ਆਲੇ ਗਏ। ਦੂਰ ਦੇ ਰਿਸ਼ਤੇਦਾਰ ਕੋਲ ਚਾਹ ਪੀਤੀ, ਗੱਲ ਦੱਸੀ। ਸਿਆਣਾ ਬੰਦਾ ਸੀ। ਵੱਡਾ ਦਰਵਾਜ਼ਾ, ਬੈਠਕ, ਵੱਡਾ ਘਰ, ਕੋਈ ਕਿੱਲੇ ‘ਚ। ਬੜੇ ਸਹਿਜ ‘ਚ ਉਸ ਸਮਝਾਇਆ। ”ਸ਼ੇਰੋ, ਮੇਰੇ ਕੋਲ ਸੌ ਕਿੱਲਾ ਹੈ। ਹੁਣ ਵੱਡੇ ਖਿੱਤੇ ਨਹੀਂ ਮਿਲਦੇ। ਨਾ ਹੀ ਸਸਤੇ। ਪਾਣੀ ਵਧਣ ਕਰਕੇ, ਬਾਗ ਲੱਗ ਗਏ ਹਨ। ਜ਼ਮੀਨ-ਵੰਡੀ ਵੀ ਗਈ ਹੈ। ਤੁਹਾਨੂੰ ਕਿਸੇ ਨੇ ਗਲਤ ਰਿਪੋਰਟ ਦਿੱਤੀ ਹੈ। ਕਿਸੇ ਲਾਲਚੀ ਦਲਾਲ ਕੋਲ ਫ਼ਸ ਨਾ ਜਾਇਓ। ਮੈਨੂੰ ਪੱਕਾ ਪਤਾ ਲਿਖ ਕੇ ਦੇਜੋ। ਮੈਂ ਹੌਲੀ-ਹੌਲੀ ਪਤਾ ਕਰਕੇ ਸਹੀ ਗੱਲ ਦੱਸ ਦੇਊਂਗਾ।” ਖ਼ੈਰ! ਫੁਸਫੁਸੇ ਜਿਹੇ ਹੋ ਕੇ ਮੁੜ ਆਏ। ਵਾਪਸੀ ‘ਤੇ ਰਮਿੰਦਰ ਵਲੈਤੀਆ ਕਹਿੰਦਾ, ”ਯਾਰ ਆਪਾਂ ਨੂੰ ਤਾਂ ਸਰਸੇ ਆਲਾ ਫੁੱਫੜ ਕਹਿੰਦਾ ਸੀ, ਜਿੰਨੀ ਮਰਜ਼ੀ ਲੈ ਲਿਓ ਜ਼ਮੀਨ ਨਾਲੇ ਲੱਖ ਨੂੰ ਕਿੱਲਾ। ਏਥੇ ਤਾਂ ਗੱਲ ਈ ਹੋਰ ਐ।” ਨਾਲ ਗਏ ਰਿਸ਼ਤੇਦਾਰ ਨੇ ਗੱਲ-ਮੁਕਾਈ ਕਿ, ”ਬਾਈ ਜੀ, ਲੁਧਿਆਣੇ ਵੱਲ ਕਰੋੜ-ਕਰੋੜ ਦਾ ਕਿੱਲਾ ਹੋਣ ਕਰਕੇ, ਇੱਧਰ ਭਾਅ ਆਸਮਾਨੀ ਚੜ੍ਹ ਗਏ ਹਨ। ਦਸ ਲੱਖ ਵਾਲੇ ਕਿੱਲੇ ਦਾ ਵੀਹ ਮਿਲ ਜਾਂਦੈ ਤੇ ਖ਼ਰੀਦਣ ਵਾਲੇ ਦੇ ਇੱਕ ਕਿੱਲੇ ਦੇ ਪੰਜ ਬਣ ਜਾਂਦੇ ਹਨ, ਉੱਤੋਂ ਕਿੰਨੂ ਦੇ ਬਾਗ ਲੱਗੇ, ਇਹ ਹੈ ਕਰਾਮਾਤ।” ਮੁੱਕਦੀ ਗੱਲ, ਇਹ ਜ਼ਮੀਨ ਦੀ ਖਰੀਦ-ਵੇਚ, ਪਠਾਨਕੋਟ ਤੋਂ ਲੈ ਕੇ ਜੈਸਲਮੇਰ ਤੱਕ, ਇੰਜ ਹੀ ਚੱਲਦੀ ਰਹਿੰਦੀ ਹੈ। ਹੋਰ ਤਾਂ ਹੋਰ ਪੰਜਾਬੀ ਜ਼ਮੀਨਾਂ ਲਈ, ਤਰਾਈ, ਐਮ.ਪੀ. ਅਤੇ ਕੈਨੇਡਾ-ਅਮਰੀਕਾ ਤੱਕ ਵੀ, ਯਤਨ ਕਰਦੇ ਰਹਿੰਦੇ ਹਨ। ਵਾਹ ਲੱਗਦੇ ਕਾਮਯਾਬ, ਹੋ ਹੀ ਜਾਂਦੇ ਹਨ।
ਹੋਰ, ਜੇਤੂ ਕਿਸਾਨ ਯੋਧਿਆਂ ਦੀ ਵਾਪਸੀ ਉੱਤੇ, ਬਣਦਾ ਸਵਾਗਤ ਹੋਇਆ ਹੈ। ਧੁੰਦ, ਠੰਡ ਨੇ ਸਰਦੀ ਲੈ ਆਂਦੀ ਹੈ। ਚੋਣ ਰੈਲੀਆਂ, ਗਰਮੀ ਲਿਆ ਰਹੀਆਂ ਹਨ। ਹਰੇ ਮਟਰ, ਮੂਲੀਆਂ, ਸਾਗ ਅਤੇ ਪੰਜੀਰੀ ਦੀ ਰੁੱਤ, ਚੱਲ ਰਹੀ ਹੈ। ਵਿਆਹਾਂ ਦੀ ਰੌਣਕ, ਦੁਕਾਨਾਂ, ਪੈਲੇਸਾਂ ਅਤੇ ਰੁਜ਼ਗਾਰ ਨੂੰ ਹੌਂਸਲਾ ਦੇ ਰਹੀ ਹੈ। ਰਾਜਨੀਤਿਕ ਨੁਮਾਇੰਦਿਆਂ ਦੇ ਆਖੇ ਤਾਂ ਉਹਨਾਂ ਦੀ ਸਰਕਾਰ ਆਵੇ ਤਾਂ ਬਿਜਲੀ, ਪਾਣੀ, ਇਲਾਜ, ਪੜ੍ਹਾਈ, ਸਫ਼ਰ, ਸਭ ਮੁਫ਼ਤ ਹੋ ਜਾਣੈਂ, ਉੱਤੋਂ ਪੈਨਸ਼ਨ ਵੀ ਹਰੇਕ ਨੂੰ। ਤੁਸੀਂ ਵੀ ਆ ਜਾਇਓ, ਗਰਮ ਖਾਓ, ਗਰਮ ਪਾਓ।
ਚੰਗਾ, ਬਾਕੀ ਅਗਲੇ ਐਤਵਾਰ ਸਹੀ,

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×