ਚੀਨ ਵੱਲੋਂ ਝੂਠੀਆਂ ‘ਵਾਰ ਕਰਾਈਮ’ ਵਾਲੀਆਂ ਫੋਟੋਆਂ ਸ਼ੇਅਰ ਕਰਨ ਦੇ ਦੇਸ਼ ਖ਼ਫ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਚੀਨ ਵੱਲੋਂ ਅਸਟ੍ਰੇਲੀਆ ਖ਼ਿਲਾਫ਼ ਰਚੀ ਇੱਕ ਹੋਰ ਸਾਜਿਸ਼ -ਜਿਸ ਵਿੱਚ ਚੀਨ ਵੱਲੋਂ ਜਾਰੀ ਕੀਤੀ ਇੱਕ ਆਸਟ੍ਰੇਲੀਆਈ ਫੌਜੀ ਦੀ ਫੋਟੋ ਹੈ ਅਤੇ ਉਕਤ ਫੌਜੀ ਨੂੰ ਇੱਕ ਛੋਟੇ ਜਿਹੇ ਬੱਚੇ ਨੂੰ ਮੌਤ ਦੇ ਘਾਟ ਉਤਾਰਦਿਆਂ ਦਿਖਾਇਆ ਗਿਆ ਹੈ, ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਹੈ ਕਿ ਚੀਨ ਹੁਣ ਹੋਛੀਆਂ ਹਰਕਤਾਂ ਉਪਰ ਉਤਰ ਆਇਆ ਹੈ ਅਤੇ ਨਕਲੀ ਫੋਟੋਆਂ ਜਾਰੀ ਕਰ ਕੇ ਆਸਟ੍ਰੇਲੀਆ ਦਾ ਨਾਮ ਖਰਾਬ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਚੀਨ ਇਸ ਲਈ ਕਰ ਰਿਹਾ ਹੈ ਕਿ ਆਸਟ੍ਰੇਲੀਆ ਨੇ ਸਭ ਤੋਂ ਪਹਿਲਾਂ ਚੀਨ ਦੇ ਖ਼ਿਲਾਫ਼ ਕਰੋਨਾ ਵਾਲੀ ਸਾਜਿਸ਼ ਦੀ ਪੜਤਾਲ ਕਰਨ ਦੀ ਮੰਗ ਚੁੱਕੀ ਸੀ ਅਤੇ ਫੇਰ ਸਮੁੱਚੇ ਸੰਸਾਰ ਵਿੱਚ ਹੀ ਉਕਤ ਮੰਗ ਨੇ ਜ਼ੋਰ ਫੜ੍ਹ ਲਿਆ ਅਤੇ ਹੁਣ ਚੀਨ ਇਸ ਦੇ ਇਵਜ ਵਿੱਚ ਕਦੇ ਆਸਟ੍ਰੇਲੀਆ ਦੀਆਂ ਵਸਤੂਆਂ ਦੇ ਆਯਾਤ-ਨਿਰਯਾਤ ਉਪਰ ਟੈਕਸ ਲਗਾ ਦਿੰਦਾ ਹੈ ਅਤੇ ਕਦੇ ਬੰਦ ਵੀ ਕਰ ਦਿੰਦਾ ਹੈ ਪਰੰਤੂ ਆਹ ਘਿਨੌਣੀ ਹਰਕਤ ਚੀਨ ਦੀ ਮਨੋਦਸ਼ਾ ਅਤੇ ਬੌਖਲਾਹਟ ਸਿੱਧੇ ਤੌਰ ਤੇ ਦਰਸਾਉਂਦੀ ਹੈ। ਜ਼ਿਕਰਯੋਗ ਹੈ ਕਿ ਉਕਤ ਫੋਟੋ ਚੀਨ ਦੇ ਬਾਹਰੀ ਰਾਜਾਂ ਦੇ ਮੰਤਰਾਲੇ ਦੀ ਇੱਕ ਬੁਲਾਰਾ ਝਾਓ ਲੀ ਜੀਆਨ ਨੇ ਜਾਰੀ ਕੀਤੀ ਹੈ ਜਿਸ ਵਿੱਚ ਕਿ ਆਸਟ੍ਰੇਲੀਆਈ ਫੌਜੀ ਨੂੰ ਇੱਕ ਅਫ਼ਗਾਨੀ ਬੱਚੇ ਉਪਰ ਤਸ਼ੱਦਦ ਕਰਦਾ ਦਿਖਾਇਆ ਗਿਆ ਹੈ ਅਤੇ ਉਕਤ ਫੋਟੋ ਨੂੰ ਚੀਨ ਨੇ ਘੋਰ ਵਾਰ ਕਰਾਈਮ ਦੀ ਸ਼੍ਰੇਣੀ ਵਿੱਚ ਰੱਖਿਆ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਟਵਿਟਰ ਨੂੰ ਤੁਰੰਤ ਉਕਤ ਫੋਟੋ ਨੂੰ ਡਿਲੀਟ ਕਰਨ ਦੀ ਮੰਗ ਕੀਤੀ ਤਾਂ ਟਵਿਟਰ ਨੇ ਇਸ ਨੂੰ ਪ੍ਰਵਾਨ ਕਰਦਿਆਂ ਇਸ ਫੋਟੋ ਨੂੰ ਅਕਾਊਂਟ ਤੋਂ ਹਟਾ ਦਿੱਤਾ ਹੈ।

Install Punjabi Akhbar App

Install
×