2.5 ਬਿਲੀਅਨ ਤੋਂ ਸਿੱਧਾ 778 ਮਿਲੀਅਨ ਤੇ ਗਿਰਿਆ
ਕੇ.ਪੀ.ਐਮ.ਜੀ. ਅਤੇ ਸਿਡਨੀ ਯੂਨੀਵਰਸਿਟੀ ਦੇ ਇੱਕ ਸਰਵੇਖਣ ਅਨੁਸਾਰ, ਆਸਟ੍ਰੇਲੀਆ ਅਤੇ ਚੀਨ ਦੇ ਵਿਗੜੇ ਸੰਬੰਧਾਂ ਦਾ ਅਸਰ ਸਿੱਧੇ ਤੌਰ ਤੇ ਆਸਟ੍ਰੇਲੀਆ ਦੇ ਅੰਤਰ-ਰਾਸ਼ਅਰੀ ਬਾਜ਼ਾਰ ਉਪਰ ਪਿਆ ਹੈ ਅਤੇ ਸਾਲ 2020 ਵਿੱਚ ਜਿੱਥੇ ਚੀਨੀਆਂ ਦੇ ਨਿਵੇਸ਼ 2.5 ਬਿਲੀਅਨ ਡਾਲਰਾਂ ਦਾ ਸੀ, ਉਹ ਹੁਣ ਸਾਲ 2021 ਦੀ ਤਾਜ਼ਾ ਰਿਪੋਰਟ ਮੁਤਾਬਿਕ 778 ਮਿਲੀਅਨ ਤੱਕ ਹੇਠਾਂ ਪਹੁੰਚ ਗਿਆ ਹੈ ਜਿਸ ਨੂੰ ਕਿ ਪ੍ਰਤੀਸ਼ਤ ਦੀ ਵਿਆਖਿਆ ਨਾਲ ਸਿੱਧੇ ਤੌਰ ਤੇ 70% ਥੱਲੇ ਕਿਹਾ ਜਾ ਸਕਦਾ ਹੈ।
ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਉਕਤ ਆਂਕੜਾ ਸਾਲ 2007 ਤੋਂ ਬਾਅਦ ਦਾ ਸਭ ਤੋਂ ਥੱਲੇ ਦਾ ਆਂਕੜਾ ਹੈ ਜੋ ਕਿ ਬਹੁਤ ਹੀ ਚਿੰਤਾਜਨਕ ਸਥਿਤੀ ਮੰਨਿਆ ਜਾ ਸਕਦਾ ਹੈ।
ਸਾਲ 2020 ਤੋਂ ਜਦੋਂ ਦਾ ਕਰੋਨਾ ਕਾਲ ਸ਼ੁਰੂ ਹੋਇਆ ਹੈ, ਬੀਤੇ ਸਾਲ ਤੱਕ ਜੋ 20 ਦੀ ਗਿਣਤੀ ਵਿੱਚ ਵਪਾਰ, ਅਸਟ੍ਰੇਲੀਆ ਅਤੇ ਚੀਨ ਵਿਚਾਲੇ ਚਲਦੇ ਸਨ, ਉਨ੍ਹਾਂ ਦੀ ਗਿਣਤੀ ਹੁਣ ਘੱਟ ਕੇ 11 ਤੱਕ ਹੀ ਰਹਿ ਗਈ ਹੈ।
ਉਧਰ ‘ਵਾਈਨ ਆਸਟ੍ਰੇਲੀਆ’ ਦਾ ਕਹਿਣਾ ਹੈ ਕਿ ਜਦੋਂ ਦਾ ਚੀਨ ਨੇ ਆਸਟ੍ਰੇਲੀਆਈ ਵਾਈਨ ਉਪਰ ਡਿਊਟੀਆਂ ਅਤੇ ਟੈਕਸ ਵਧਾਏ ਹਨ, ਇਸ ਖੇਤਰ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇੱਥੋਂ ਤੱਕ ਕਿ ਹੁਣ ਤਾਂ ਸ਼ਿੰਘਾਈ ਵਿੱਚਲਾ ਆਸਟ੍ਰੇਲੀਆ ਵਾਈਨ ਦਾ ਦਫ਼ਤਰ ਵੀ ਬੰਦ ਕਰਨ ਦੀ ਨੌਬਤ ਆ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਕਰੋਨਾ ਕਾਲ ਦੌਰਾਨ, ਚੀਨ ਅਤੇ ਆਸਟ੍ਰੇਲੀਆ ਵਿਚਾਲੇ ਵਿਗੜੇ ਸੰਬੰਧਾਂ ਕਾਰਨ, ਸਭ ਤੋਂ ਜ਼ਿਆਦਾ ਮੰਦੀ ਦੀ ਮਾਰ ਵਾਈਨ ਆਸਟ੍ਰੇਲੀਆ ਨੂੰ ਹੀ ਪਈ ਹੈ।