ਚੀਨ ਦੇ ਸ਼ੰਘਾਈ ਸ਼ਹਿਰ ‘ਚ ਪ੍ਰਸਿੱਧ ਸੈਲਾਨੀ ਸਥਾਨ ‘ਤੇ ਬੁੱਧਵਾਰ ਦੇਰ ਰਾਤ ਨਵੇਂ ਸਾਲ ਦੇ ਆਗਮਨ ‘ਚ ਆਯੋਜਿਤ ਇਕ ਮੇਲੇ ਦੌਰਾਨ ਭਾਜੜ ਪੈਣ ਕਾਰਨ ਕਰੀਬ 35 ਲੋਕਾਂ ਦੀ ਮੌਤ ਹੋ ਗਈ ਜਦਕਿ 42 ਹੋਰ ਜ਼ਖਮੀ ਹੋ ਗਏ ਹਨ। ਖ਼ਬਰਾਂ ਅਨੁਸਾਰ ਸ਼ੰਘਾਈ ਦੇ ਚਰਚਿਤ ਚੇਂਨੀ ਸਕਵਾਇਰ ‘ਤੇ ਬੀਤੀ ਰਾਤ ਸਥਾਨਕ ਸਮੇਂ 11 ਵੱਜ ਕੇ 35 ਮਿੰਟ ‘ਤੇ ਲੋਕ ਅਮਰੀਕੀ ਡਾਲਰ ਵਰਗੇ ਦਿਖਾਈ ਦੇ ਰਹੇ ਕੂਪਨ ਇਕੱਤਰ ਕਰਨ ‘ਚ ਜੁਟੇ ਸਨ। ਉਸੇ ਦੌਰਾਨ ਇਹ ਹਾਦਸਾ ਹੋਇਆ। ਚਸ਼ਮਦੀਦਾਂ ਨੇ ਦੱਸਿਆ ਕਿ ਡਾਲਰ ਦੀ ਤਰ੍ਹਾਂ ਨਜ਼ਰ ਆਉਣ ਵਾਲੇ ਕੁਝ ਕੂਪਨ ਇਮਾਰਤ ਦੀ ਤੀਸਰੀ ਮੰਜ਼ਲ ਦੀ ਖਿੜਕੀ ਤੋਂ ਥੱਲੇ ਸੁੱਟ ਦਿੱਤੇ ਗਏ ਸਨ ਅਤੇ ਥੱਲੇ ਨਦੀ ਦੇ ਕਿਨਾਰੇ ਖੜੇ ਲੋਕ ਉਨ੍ਹਾਂ ਨੂੰ ਲੈਣ ਲਈ ਦੌੜ ਪਏ। ਨਵੇਂ ਸਾਲ ਦੇ ਜਸ਼ਨ ਦੇ ਉਤਸ਼ਾਹ ‘ਚ ਲੋਕਾਂ ਦੀ ਭਾਰੀ ਭੀੜ ਉਥੇ ਜਮਾਂ ਸੀ ਜਿਸ ਵਿਚਕਾਰ ਅਚਾਨਕ ਭਗਦੜ ਮੱਚ ਗਈ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਜ਼ਖਮੀਆਂ ਤੇ ਮਰਨ ਵਾਲਿਆਂ ‘ਚ ਜ਼ਿਆਦਾਤਰ ਵਿਦਿਆਰਥੀ ਹਨ।