ਮਨੁੱਖਾਂ ਤੇ ਪੰਛੀਆਂ ਲਈ ਜਾਨ ਲੇਵਾ ਸਿੱਧ ਹੋ ਰਹੀ ਹੈ ਚਾਇਨਾ ਡੋਰ

ਫਰੀਦਕੋਟ 25 ਜਨਵਰੀ — ਚਾਇਨਾ ਡੋਰ ਮਨੁੱਖਾਂ ਅਤੇ ਪਸ਼ੂ ਪੰਛੀਆ ਲਈ ਜਾਨਲੇਵਾ ਸਿੱਧ ਹੋ ਰਹੀ ਹੈ । ਇਸ ਦੀ ਵਰਤੋ ਨਾਲ ਆਏ ਦਿਨ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ । ਇਸ ਨਾਲ ਪੰਛੀ ਤੇ ਮਨੁੱਖ ਜਾਤੀ ਗੰਭੀਰ ਸਿੱਟੇ ਭੁਗਤ ਰਹੀ ਹੈ । ਪੰਛੀ ਚਾਇਨਾ ਡੋਰ ਦੀ ਚਪੇਟ ਵਿੱਚ ਜਿਆਦਾ ਆ ਰਹੇ ਹਨ । ਕਵੀ ਨੰਦਲਾਲ ਨੂਰਪੁਰੀ ਦੇ ਗਾਏ ਇਹ ਸ਼ਬਦ ”ਇੱਥੋ ਉੱਡ ਜਾ ਭੋਲਿਆ ਪੰਛੀਆ ਤੂੰ ਆਪਣੀ ਜਾਨ ਬਚਾ” ਅੱਜ ਸੱਚ ਸਾਬਤ ਹੋ ਰਹੇ ਹਨ । 29 ਜਨਵਰੀ ਨੂੰ ਬਸੰਤ ਪੰਚਮੀ ਹੈ ਅਤੇ ਬਸੰਤ ਪੰਚਮੀ ਨੂੰ ਪਤੰਗਬਾਜੀ ਸਮੇਂ ਚਾਇਨਾ ਡੋਰ ਦੀ ਵਿਕਰੀ ਤੇ ਵਰਤੋਂ ਚਰਮ ਸੀਮਾ ਤੇ ਪਹੁੰਚ ਜਾਂਦੀ ਹੈ । ਪੇਸ਼ ਹਨ ਵਾਤਾਵਰਣ ਪ੍ਰੇਮੀਆ ਦੁਆਰਾ ਚਾਇਨਾ ਡੋਰ ਦੀ ਵਰਤੋ ਬਾਰੇ ਵੱਖ ਵੱਖ ਵਿਚਾਰ
ਵਾਤਾਵਰਣ ਪ੍ਰੇਮੀ ਤੇ ਬੁੱਧੀਜੀਵੀ ਪੰਜਾਬ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋ ਜਾਨ ਲੇਵਾ ਚਾਇਨਾ ਡੋਰ ਪੰਤਗ ਬਾਜਾ ਵੱਲੋਂ ਧੱੜਲੇ ਨਾਲ ਵਰਤੀ ਜਾ ਰਹੀ ਹੈ । ਭਾਵੇ ਇਸ ਡੋਰ ਤੇ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਪਾਬੰਦੀ ਲਗਾ ਰੱਖੀ ਹੈ ਪਰ ਪ੍ਰਸ਼ਾਸਨ ਦੀ ਢਿੱਲ ਮੱਠ ਕਾਰਣ ਇਹ ਡੋਰ ਸ਼ਰੇਆਮ ਵਰਤੀ ਜਾ ਰਹੀ ਹੈ । ਇਸ ਦੀ ਵਰਤੋ ਨੌਜਵਾਨ ਵਰਗ ਆਪਣੇ ਸ਼ੁਗਲ ਲਈ ਕਰਦਾ ਹੈ ਪਰ ਅਸਮਾਨ ਵਿੱਚ ਉਡਾਰੀ ਮਾਰਦੇ ਪੰਛੀ ਇਸ ਦੀ ਗ੍ਰਿਫਤ ਵਿੱਚ ਆਕੇ ਸਖਤ ਜਖਮੀ ਹੋ ਜਾਂਦੇ ਹਨ ਅਤੇ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦੇ ਹਨ । ਇਹ ਡੋਰ ਟੁੱਟ ਕੇ ਦਰੱਖਤਾ ਵਿੱਚ ਫਸ ਜਾਂਦੀ ਹੈ ਡੋਰ ਬਰੀਕ ਹੋਣ ਕਾਰਣ ਪੰਛੀਆ ਨੂੰ ਦਿਖਾਈ ਨਹੀਂ ਦਿੰਦੀ ਜਿਸ ਕਾਰਣ ਪੰਛੀ ਇਸ ਡੋਰ ਵਿੱਚ ਫਸ ਕੇ ਜਖਮੀ ਹੋ ਜਾਂਦੇ ਹਨ ।ਜਿਵੇ ਜਿਵੇ ਪੰਛੀ ਇਸ ਦੇ ਚੁੰਗਲ ਵਿੱਚ ਛੁੱਟਣ ਲਈ ਜੋਰ ਲਗਾਉਂਦੇ ਹਨ ਤਿਵੇ ਤਿਵੇ ਹੋਰ ਜਖਮੀ ਹੋ ਜਾਂਦੇ ਹਨ । ਇਸ ਡੋਰ ਵਿੱਚ ਫਸਿਆ ਪੰਛੀ ਆਖਿਰ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ । ਹੁਣ ਇਸ ਡੋਰ ਤੇ ਸਖਤ ਪਾਬੰਦੀ ਦੀ ਲੋੜ ਹੈ । ਤਾਂ ਜੋ ਬੇਜੁਬਾਨਾਂ ਦੀ ਮੋਤ ਤੇ ਠੱਲ ਪਾਈ ਜਾ ਸਕੇ ।
ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਸ਼ਿਵਜੀਤ ਸਿੰਘ ਸੰਘਾ ਦਾ ਕਹਿਣਾ ਹੈ ਕਿ ਕੋਈ ਸਮਾ ਸੀ ਜਦ ਲੋਕ ਸਰਦੀ ਸੁਰੂ ਹੁੰਦੇ ਹੀ ਬਸੰਤ ਪੰਚਮੀ ਦੀਆਂ ਤਿਆਰੀਆ ਵਿੱਚ ਰੁੱਝ ਜਾਂਦੇ ਸਨ । ਨੌਜਵਾਨ ਪਤੰਗਬਾਜੀ ਲਈ ਪੱਕੀਆ ਡੋਰਾਂ ਤਿਆਰ ਕਰਦੇ ਸਨ । ਜਿਸ ਨੂੰ ਮਾਝਾਂ ਕਹਿੰਦੇ ਸਨ । ਪਤੰਗ ਬਾਜੀ ਦੇ ਸ਼ੋਕੀਨ ਨੌਜਵਾਨ ਫੈਵੀਕੋਲ ਅਤੇ ਟੁੱਟੇ ਬਲਬਾਂ ਦਾ ਬਰੀਕ ਕੱਚ ਦਾ ਮਿਸ਼ਰਨ ਬਣਾ ਕੇ ਚੁੱਲਿਆ ਤੇ ਮਾਂਝਾਂ ਬਣਾਕੇ ਆਮ ਡੋਰ ਨੂੰ ਮਜਬੂਤ ਤੇ ਸਖਤ ਕਰ ਲੈਂਦੇ ਸਨ । ਉਸ ਵਕਤ ਇਹ ਮਾਂਝੇ ਵਾਲੀ ਡੋਰ ਹੀ ਸਖਤ ਹੁੰਦੀ ਸੀ ਅਤੇ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਸੀ । ਇਸ ਡੋਰ ਨਾਲ ਪਤੰਗਬਾਜੀ ਦੇ ਸ਼ੋਕੀਨਾਂ ਦਾ ਖੂਬ ਮਨੋਰੰਜਨ ਹੁੰਦਾ ਸੀ। ਪਰ ਹੁਣ ਵਿਗਿਆਨਕ ਯੁੱਗ ਨੇ ਕਈ ਜਾਨਲੇਵਾ ਕਾਢਾਂ ਕੱਢ ਤੇ ਮਨੁੱਖ ਤੇ ਧਰਤੀ ਤੇ ਰਹਿ ਰਹੇ ਪ੍ਰਾਣੀਆ ਦੀ ਹੋਂਦ ਲਈ ਖਤਰਾ ਪੈਦਾ ਕਰ ਦਿੱਤਾ ਹੈ ਜਿਸ ਦੀ ਉਦਹਾਰਣ ਚਾਇਨਾ ਡੋਰ ਹੈ ਇਸ ਦੀ ਵਰਤੇ ਵਿਕਰੀ ਤੇ ਬਣਾਉਣ ਤੇ ਪ੍ਰਸਾਸ਼ਨ ਨੂੰ ਸਖਤੀ ਨਾਲ ਕਾਬੂ ਕਰਨਾ ਚਾਹੀਦਾ ਹੈ । ਲੋਕਾਂ ਨੂੰ ਮਨੁੱਖ ਜਾਤੀ ਤੇ ਪੰ਼ਛੀ ਜਗਤ ਦੀ ਨੂੰ ਹੋ ਰਹੀ ਹਾਨੀ ਨੂੰ ਧਿਆਨ ਵਿੱਚ ਰੱਖ ਕੇ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਵਾਤਾਵਰਣ ਪ੍ਰੇਮੀ ਮਾਸਟਰ ਸੰਦੀਪ ਅਰੋੜਾ ਦਾ ਕਹਿਣਾ ਹੈ ਕਿ
ਚਾਇਨਾ ਡੋਰ ਦੀ ਰੋਕਥਾਮ ਲਈ ਸ਼ੋਸਲ ਮੀਡੀਆ ਅਤੇ ਪ੍ਰਿੰਟ ਮੀਡੀਆ ਤੇ ਕਾਫੀ ਹੋ ਹੱਲਾ ਹੋ ਰਿਹਾ ਹੈ ਪਰ ਇਸ ਡੋਰ ਦੀ ਵਰਤੋ ਸ਼ਰੇਆਮ ਕੀਤੀ ਜਾ ਰਹੀ ਹੈ । ਜਿੱਥੇ ਇਹ ਡੋਰ ਵਾਤਾਵਰਣ ਦੇ ਰੱਖਿਅਕ ਪੰਛੀਆ ਲਈ ਖਤਰਾ ਬਣ ਗਈ ਹੈ ਉਥੇ ਇਹ ਇਸ ਦੀ ਵਰਤੋ ਕਰਨ ਵਾਲੇ ਵੀ ਇਸ ਦੇ ਭਿਆਨਕ ਸਿੱਟਿਆ ਤੋਂ ਬਚ ਨਹੀਂ ਸਕੇ । ਪਤੰਗਬਾਜੀ ਸਮੇਂ ਇਹ ਡੋਰ ਹੱਥਾ ਵਿੱਚ ਡੁੰਘੇ ਜਖਮ ਕਰ ਦਿੰਦੀ ਹੈ । ਇਹ ਡੋਰ ਟ੍ਰੱਟ ਕੇ ਦਰੱਖਤਾਂ ਵਿੱਚ ਫਸ ਕੇ ਸੜਕਾ ਤੇ ਵਿਛ ਜਾਂਦੀ ਹੈ ਜਿਸ ਕਾਰਣ ਇਹ ਸਾਇਕਲ ਮੋਟਰ ਸਾਇਕਲ ਤੇ ਸਕੂਟਰ ਸਵਾਰਾ ਦੇ ਮੂੰਹ ਅੱਖਾਂ ਤੇ ਧੋਣ ਵਿੱਚ ਫਸ ਕੇ ਡੁੰਘੇ ਜਖਮ ਕਰ ਦਿੰਦੀ ਹੈ । ਇਸ ਦੀ ਚਪੇਟ ਵਿੱਚ ਆਕੇ ਕਈ ਨੌਜਵਾਨ ਤੇ ਬੱਚੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ । ਅਤੇ ਕਈ ਹਸਪਤਾਲਾਂ ਵਿੱਚ ਡੁੰਘੇ ਜਾਨ ਲੇਵਾ ਜਖਮ ਲੈਕੇ ਸਹਿਕ ਰਹੇ ਹਨ । ਭਾਵੇ ਇਸ ਬਾਰੇ ਹਰ ਕੋਈ ਰੌਲਾ ਪਾ ਰਿਹਾ ਹੈ ਪਰ ਇਸ ਦੇ ਹਰ ਰੋਜ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਵਰਤੋ ਤੇ ਸਖਤ ਸ਼ਜਾ ਲਾਗੂ ਕਰੇ ਤਾ ਜੋ ਇਸ ਦੀ ਵਰਤੋ ਬੰਦ ਹੋ ਸਕੇ ।
ਸਮਾਜ ਸੇਵੀ ਤਰਨਜੀਤ ਕੋਹਲੀ ਦਾ ਕਹਿਣਾ ਹੈ ਕਿ ਅੱਜ ਕੱਲ ਮਹਾਂ ਨਗਰਾਂ ਵਿੱਚ ਪੰਛੀ ਉਡਦੇ ਨਹੀ ਧਰਤੀ ਤੇ ਰੁੜਦੇ ਨਜਰੀ ਪੈਂਦੇ ਹਨ ਜਾਂ ਦਰੱਖਤਾਂ ਤੇ ਬੈਠੇ ਨਹੀਂ ਦਰੱਖਤਾਂ ਨਾਲ ਲਮਕਦੇ ਨਜਰੀ ਪੈਂਦੇ ਹਨ । ਅਜਿਹਾ ਮਾਰੂ ਸਿੱਧ ਹੋ ਰਹੀ ਚਾਇਨਾਂ ਡੋਰ ਕਾਰਣ ਹੋ ਰਿਹਾ ਇਹ ਚਾਇਨਾਂ ਡੋਰ ਕਰਕੇ ਚੋਗਾ ਚੁਗਣ ਆਏ ਪੰਛੀ ਚਾਇਨਾਂ ਡੋਰ ਦਾ ਸ਼ਿਕਾਰ ਹੋਕੇ ਦਮ ਤੋੜ ਦਿੰਦੇ ਹਨ ਅਤੇ ਇਹਨਾਂ ਦੇ ਬੱਚੇ ਆਲਣਿਆ ਵਿੱਚ ਭੁੱਖੇ ਪਿਆਸੇ ਮਰ ਜਾਂਦੇ ਹਨ । ਕਈ ਸਮਾਜ ਸੇਵੀ ਸੰਸਥਾਵਾਂ ਇਸ ਦੀ ਪਾਬੰਦੀ ਲਈ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਮੰਗ ਪੱਤਰ ਦੇ ਕੇ ਇਸ ਦੀ ਪੂਰਨ ਵਿਕਰੀ ਬਣਾਉਣ ਤੇ ਖਰੀਦਣ ਤਾ ਪਾਬੰਦੀ ਦੀ ਮੰਗ ਕਰਦੀਆ ਹਨ ਪਰ ਇਸ ਮੰਗ ਪੱਤਰ ਦੇ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਉਂਦੇ । ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਇਸ ਡੋਰ ਦੀ ਵਰਤੋ ਤੇ ਜਿਵੇਂ ਜਿਵੇ ਸਖਤੀ ਹੁੰਦੀ ਹੈ ਇਸ ਦੇ ਰੇਟ ਵਿੱਚ ਵਾਧਾ ਵੀ ਉਸੇ ਤਰਾਂ ਹੁੰਦਾ ਹੈ ਦੁਕਾਨਦਾਰ ਪਾਬੰਦੀ ਦਾ ਫਾਇਦਾ ਉਠਾ ਕੇ ਖੂਬ ਕਮਾਈ ਕਰਦੇ ਹਨ । ਪਰ ਉਹ ਇਹ ਨਹੀਂ ਸੋਚਦੇ ਕਿ ਅਸੀਂ ਬੇਜੁਬਾਨਾਂ ਤੇ ਕਿੰਨਾ ਵੱਡਾ ਜੁਲਮ ਕਰ ਰਹੇ ਹਨ । ਅਵਾਰਾ ਪਸ਼ੂਆ ਦੇ ਸਿੰਗ ਵਿੱਚ ਫਸ ਕੇ ਇਹ ਡੋਰ ਪਸ਼ੂਆ ਨੂੰ ਜਖਮੀ ਕਰ ਦਿੰਦੀ ਹੈ ਪੰਛੀਆ ਦੇ ਗਲ ਅਤੇ ਖੰਬਾਂ ਵਿੱਚ ਫਸ ਕੇ ਇਹ ਡੋਰ ਪੰਛੀਆ ਦੀ ਜਾਨ ਲੈ ਲੈਂਦੀ ਹੈ ਪਤੰਗਬਾਜੀ ਸਮੇਂ ਇਹ ਡੋਰ ਹੱਥਾਂ ਨੂੰ ਜਖਮੀ ਕਰ ਦਿੰਦੀ ਹੈ । ਇਹਨੇ ਭਿਆਨਕ ਨਤੀਜੇ ਦੇ ਬਾਵਜੂਦ ਇਸ ਦੀ ਵਰਤੋ ਰੁਕਣ ਦਾ ਨਾਂ ਨਹੀਂ ਲੈ ਰਹੀ । ਅੱਜ ਇਸ ਦੇ ਬਣਾਉਣ, ਵੇਚਣ ਤੇ ਵਰਤੋ ਕਰਨ ਤੇ ਸਖਤ ਪਾਬੰਦੀ ਤੇ ਸਖਤ ਸਜਾ ਦੀ ਲੋੜ ਹੈ ਤਾਂ ਜੋ ਇਸ ਦੀ ਵਰਤੋ ਨਾ ਹੋ ਸਕੇ ।
ਸਮਾਜ ਸੇਵੀ ਤੇ ਸੀਰ ਸੁਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਨੇ ਕਿਹਾ ਕਿ ਮੌਤ ਦਾ ਸਮਾਨ ਬਣ ਚੁੱਕੀ ਚਾਇਨਾ ਡੋਰ ਦੇ ਮਨੁੱਖ ਤੇ ਪੰਛੀਆ ਤੇ ਪਾਏ ਜਾ ਰਹੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੁੰਦੇ ਹੋਏ ਵੀ ਇਸ ਨੂੰ ਬੰਦ ਕਰਵਾਉਣ ਦੀ ਕਿਸੇ ਨੂੰ ਵੀ ਕੋਈ ਦਿਲਚਸਪੀ ਨਹੀਂ ਹੈ । ਪ੍ਰਸ਼ਾਸ਼ਨ ਅਤੇ ਪੁਲਿਸ ਮਹਿਕਮਾ ਕਾਗਜੀ ਪੱਤਰੀ ਕਾਰਵਾਈ ਕਰਕੇ ਬੁੱਤਾ ਸਾਰ ਰਿਹਾ ਹੈ ਜਿਉ ਜਿਉ ਬਸੰਤ ਪੰਚਮੀ ਨੇੜੇ ਆ ਰਹੀ ਹੈ ਇਸ ਦੀ ਖਰੀਦ ਤੇ ਵੇਚ ਵਿੱਚ ਤੇਜੀ ਆ ਰਹੀ ਹੈ । ਵੇਚਣ ਖਰੀਦਣ ਤੇ ਬਣਾਉਣ ਵਾਲਿਆ ਨੂੰ ਪ੍ਰਸਾਸ਼ਨ ਦੀ ਪਾਬੰਦੀ ਅਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੀ ਕੋਈ ਪ੍ਰਵਾਹ ਨਹੀਂ ਹੈ । ਉਹ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ । ਬੱਚਿਆਂ ਨੋਜਵਾਨਾਂ ਦੀ ਪਹੁੰਚ ਵਿੱਚ ਤਾਂ ਚਾਇਨਾਂ ਡੋਰ ਹਰ ਸਮੇਂ ਉਪਲੱਬਧ ਹੈ ਜਦ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਕਿਧਰੇ ਵੀ ਵਿਕਦੀ ਬਣਦੀ ਤੇ ਵਰਤੋ ਦੀ ਕੋਈ ਜਾਣਕਾਰੀ ਨਹੀਂ ਹੈ । ਵੱਖ ਸਮਾਜ ਸੇਵੀ ਸੰਸਥਾਵਾਂ ਤਾਂ ਇਸ ਦੀ ਵਰਤੋ ਦੀ ਰੋਕਥਾਮ ਲਈ ਆਪਣੇ ਪੱਧਰ ਤੇ ਉਪਰਾਲੇ ਕਰ ਰਹੀਆਂ ਹਨ ਪਰ ਸਰਕਾਰ ਕੋਈ ਠੋਸ ਉਪਰਾਲੇ ਨਹੀਂ ਕਰ ਰਹੀ । ਉਹਨਾਂ ਕਿਹਾ ਸੀਰ ਸੰਸਥਾ ਚਾਇਨਾ ਡੋਰ ਦੀ ਵਰਤੋ ਖਿਲਾਫ ਸ਼ਹਿਰ ਵਿੱਚ ਬੈਨਰ ਲਗਾ ਕੇ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਚਾਇਨਾਂ ਡੋਰ ਦੀ ਵਰਤੋ ਨਾ ਕਰਨ ਲਈ ਪ੍ਰੇਰਿਤ ਕਰ ਰਹੀ ਹੈ ਉਹਨਾਂ ਕਿਹਾ ਕਿ ਸਮਾਜ ਨੂੰ ਇਸ ਦੀ ਭਿਆਨਕਤਾ ਨੂੰ ਸਮਝਦੇ ਹੋਏ ਇਸ ਦੀ ਰੋਕਥਾਮ ਲਈ ਖੁਦ ਹੀ ਉਪਰਾਲੇ ਕਰਨੇ ਪੈਣਗੇ ।
ਸਮਾਜਸੇਵੀ ਪਰਦੀਪ ਸ਼ਰਮਾਂ ਦਾ ਕਹਿਣਾ ਹੈ ਕਿ ਚਾਇਨਾ ਡੋਰ ਮਨੁੱਖ ਜਾਤੀ ਤੇ ਪੰਛੀ ਜਗਤ ਲਈ ਮੌਤ ਦਾ ਕਾਰਣ ਬਣ ਚੁੱਕੀ ਹੈ । ਨੌਜਵਾਨ ਵਰਗ ਕੁਝ ਸਮੇਂ ਦੀ ਖੁਸ਼ੀ ਲਈ ਇਸ ਜਾਨਲੇਵਾ ਡੋਰ ਦੀ ਵਰਤੋ ਕਰਕੇ ਆਤਮਘਾਤੀ ਸ਼ੁਗਲ ਕਰ ਰਹੇ ਹਨ । ਆਏ ਦਿਨ ਬੱਚੇ ਅਤੇ ਨੋਜਵਾਨ ਇਸ; ਦੀ ਚਪੇਟ ਵਿੱਚ ਆਕੇ ਆਪਣੀ ਜਾਨ ਤੋਂ ਹੱਥ ਧੋ ਬਹਿੰਦੇ ਹਨ ਜਾਂ ਘਾਤਕ ਜਖਮਾਂ ਕਾਰਣ ਜਖਮੀ ਹੋ ਜਾਂਦੇ ਹਨ । ਹਜਾਰ ਪੰਛੀ ਇਸ ਦੀ ਚਪੇਟ ਵਿੱਚ ਆਕੇ ਤੜਫ ਤੜਫ ਕੇ ਮਰ ਜਾਂਦੇ ਹਨ । ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਸ ਦੇ ਵੇਚਣ, ਖਰੀਦਣ, ਬਣਾਉਣ ਤੇ ਵਰਤੋ ਕਰਨ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ । ਅਦਾਲਤ ਨੇ ਵੀ ਇਸ ਦੀ ਰੋਕਥਾਮ ਲਈ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਹੁਕਮ ਜਾਰੀ ਕੀਤੇ ਹਨ ਪਰ ਸਰਕਾਰਾਂ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਵਿੱਚ ਫੇਲ ਹਨ । ਇਸ ਦੀ ਅਦਾਲਤ ਨੇ ਪੰਜ ਸਾਲ ਸਜਾ ਤੇ ਲੱਖ ਰੁਪੈ ਜੁਰਮਾਨਾ ਕਰਨ ਦੇ ਹੁਕਮ ਦਿੱਤੇ ਹਨ ਪਰ ਪੁਲਿਸ ਸਿਰਫ ਧਾਰਾ 144 ਦੇ ਉੰਲਘਣ ਤਹਿਤ ਹੀ ਕਾਰਵਾਈ ਕਰ ਰਹੀ ਹੈ ਜਿਸ ਕਾਰਣ ਇਸ ਦੇ ਕਾਰੋਬਾਰੀ ਤੇ ਵਰਤੋ ਵਾਲੇ ਸਾਫ ਬਚ ਨਿਕਲਦੇ ਹਨ ਅਤੇ ਇਹਨਾਂ ਦੇ ਹੌਸਲੇ ਬੁਲਿੰਦ ਹੋ ਜਾਂਦੇ ਹਨ । ਪ੍ਰਸ਼ਾਸ਼ਨ ਦੀ ਇੱਛਾ ਸ਼ਕਤੀ ਤੇ ਢਿੱਲ ਮੱਠ ਦੀ ਕਾਰਵਾਈ ਕਾਰਣ ਚਾਇਨਾ ਡੋਰ ਦੀ ਵਰਤੋ ਦੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ । ਅੱਜ ਮੌਤ ਦਾ ਕਾਲ ਬਣ ਚੁੱਕੀ ਚਾਇਨਾਂ ਡੋਰ ਦੀ ਵਰਤੋਂ ਵੇਚਣ ਖਰੀਦਣ ਤੇ ਬਣਾਉਣ ਦੀ ਸਖਤ ਕਾਨੂੰਨੀ ਕਾਰਵਾਈ ਕਰਕੇ ਰੋਕਣ ਦੀ ਜਰੂਰਤ ਹੈ ਤਾਂ ਜੋ ਇਸ ਦੀ ਵਰਤੋਂ ਤੇ ਰੋਕਥਾਮ ਲਗਾਈ ਜਾ ਸਕੇ ।

Install Punjabi Akhbar App

Install
×