ਵਿਕਟੋਰੀਆ ਦੇ ਬੈਲਟ ਅਤੇ ਰੋਡ ਐਗਰੀਮੈਂਟ ਨੂੰ ਖ਼ਤਮ ਕਰਨ ਲਈ ਚੀਨ ਨੇ ਕੀਤੀ ਆਸਟ੍ਰੇਲੀਆ ਦੀ ਨਿਖੇਧੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੀ ਬਾਹਰੀ ਰਾਜਾਂ ਦੀ ਮੰਤਰੀ ਮੈਰੀਸ ਪਾਈਨ ਨੇ ਚੀਨ ਦੇ ਨਾਲ -ਵਿਕਟੋਰੀਆਈ ਬੈਲਟ ਅਤੇ ਸੜਕ ਸਮਝੌਤੇ ਨੂੰ ਬੀਤੀ ਬੁੱਧਵਾਰ ਦੀ ਰਾਤ ਨੂੰ ਤਿਲਾਂਜਲੀ ਦੇਣ ਦਾ ਐਲਾਨ ਕਰਦਿਆਂ ਹੀ, ਚੀਨ ਬੌਖਲਾ ਗਿਆ ਹੈ ਅਤੇ ਆਸਟ੍ਰੇਲੀਆ ਦੇ ਇਸ ਫੈਸਲੇ ਖ਼ਿਲਾਫ਼ ਬੀਜਿੰਗ ਤੋਂ ਗੁੱਸੇ ਅਤੇ ਨਿਖੇਧੀਆਂ ਦਾ ਪ੍ਰਗਟਾਵਾ ਆਉਣਾ ਵੀ ਸ਼ੁਰੂ ਹੋ ਚੁਕਿਆ ਹੈ।
ਸੈਨੇਟਰ ਮੈਰੀਸ ਪਾਈਨ ਦੇ ਐਲਾਨ ਤੋਂ ਫੌਰਨ ਬਾਅਦ ਹੀ ਆਸਟ੍ਰੇਲੀਆ ਵਿਚਲੀ ਐਂਬੇਸੀ ਤੋਂ ਚੀਨ ਦੇ ਰਾਜਦੂਤ ਚੈਂਗ ਜਿੰਗ ਯੇ ਨੇ ਕੈਨਬਰਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਸਟ੍ਰੇਲੀਆ ਦੇ ਫੈਸਲੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਆਸਟ੍ਰੇਲੀਆ ਤੁਰੰਤ ਇਸ ਫੈਸਲੇ ਉਪਰ ਮੁੜ ਤੋਂ ਗੋਰ ਕਰੇ ਨਹੀਂ ਤਾਂ ਦੋਹਾਂ ਦੇਸ਼ਾਂ ਦੇ ਸਬੰਧ ਵਿਗੜਨ ਦਾ ਖਤਰਾ ਪੈਦਾ ਹੋ ਸਕਦਾ ਹੈ।
ਰਾਜਦੂਤ ਨੇ ਇਹ ਵੀ ਕਿਹਾ ਕਿ ਪਹਿਲਾਂ ਤੋਂ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਅਤੇ ਆਸਟ੍ਰੇਲੀਆ ਅਜਿਹੇ ਐਲਾਨ ਕਰ ਕੇ ਦੋਹਾਂ ਦੇਸ਼ਾਂ ਵਿਚਾਲੇ ਪਈ ਰਿਸ਼ਤਿਆਂ ਦੀ ਖਾਈ ਨੂੰ ਹੋਰ ਵਧਾ ਰਿਹਾ ਹੈ ਅਤੇ ਇਨ੍ਹਾਂ ਨੂੰ ਪੂਰਨ ਲਈ ਕੋਈ ਵੀ ਕਦਮ ਨਹੀਂ ਚੁੱਕ ਰਿਹਾ।
ਸੈਨੈਟਰ ਮੈਰੀਸ ਪਾਈਨ ਨੇ ਇਸ ਬਾਬਤ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਕੁੱਲ ਚਾਰ ਸਮਝੌਤੇ ਰੱਦ ਕੀਤੇ ਗਏ ਹਨ ਅਤੇ ਉਨ੍ਹਾਂ ਵਿੱਚੋਂ ਦੋ ਵਿਕਟੋਰੀਆਈ ਬੈਲਟ ਅਤੇ ਸੜਕ ਸਮਝੌਤੇ ਵੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਝੌਤੇ ਸਾਡੀ ਬਾਹਰੀ ਦੇਸ਼ਾਂ ਨਾਲ ਮਾਮਲਿਆਂ ਦੇ ਨਾਲ ਨਾਲ ਸਾਡੀ ਅਰਥ ਵਿਵਸਥਾ ਉਪਰ ਵੀ ਮਾੜਾ ਅਸਰ ਪਾ ਰਹੇ ਸਨ ਇਸ ਲਈ ਰੱਦ ਕਰਨੇ ਪਏ ਹਨ।
ਜ਼ਿਕਰਯੋਗ ਹੈ ਕਿ ਵਿਕਟੋਰੀਆਈ ਸਰਕਾਰ ਨੇ ਉਕਤ ਸਮਝੌਤਾ (ਵਿਕਟੋਰੀਆਈ ਬੈਲਟ ਅਤੇ ਸੜਕ ਸਮਝੌਤਾ) ਪਹਿਲਾਂ ਤਾਂ 2018 ਵਿੱਚ ਕੀਤਾ ਸੀ ਅਤੇ ਫੇਰ ਇੱਕ ‘ਫਰੇਮਵਰਕ ਐਗਰੀਮੈਂਟ’ ਸਾਲ 2019 ਵਿੱਚ ਬੀਜਿੰਗ ਨਾਲ ਕੀਤਾ ਗਿਆ ਸੀ।
ਵੈਸੇ ਇਸ ਤੋਂ ਪਹਿਲਾਂ ਵਿਕਟੋਰੀਆਈ ਪ੍ਰੀਮੀਅਰ, ਡੇਨੀਅਲ ਐਂਡ੍ਰਿਊਜ਼ ਨੇ ਉਕਤ ਸਮਝੌਤੇ ਨੂੰ ਖ਼ਤਮ ਕਰਨ ਦੇ ਖ਼ਿਲਾਫ਼ ਆਪਣੀ ਰਾਇ ਸਪਸ਼ਟ ਕਰ ਚੁਕੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਸਮਝੌਤਿਆਂ ਨੂੰ ਰੱਦ ਕਰਨ ਨਾਲ ਜਿੱਥੇ ਰਾਜ ਅਤੇ ਦੇਸ਼ ਦੀ ਅਰਥ ਵਿਵਸਥਾ ਉਪਰ ਮਾੜਾ ਅਸਰ ਪਵੇਗਾ ਉਥੇ ਹੀ ਰੌਜ਼ਗਾਰਾਂ ਦੇ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਵੀ ਵੱਧ ਜਾਣਗੀਆਂ।

Install Punjabi Akhbar App

Install
×