ਚੀਨੀ ਮੀਡੀਆ ਨੇ ਲਗਾਏ ਆਸਟ੍ਰੇਲੀਆ ਉਪਰ ਜਾਸੂਸੀ ਕਰਨ ਅਤੇ ਗਲਤ ਖ਼ਬਰਾਂ ਨਸ਼ਰ ਕਰਨ ਦੇ ਇਲਜ਼ਾਮ

(ਐਸ.ਬੀ.ਐਸ.) ਚੀਨ ਦੀ ਕਮਿਊਨਿਸਟ ਪਾਰਟੀ ਦੇ ਪੂਰਨ ਕੰਟਰੋਲ ਵਾਲੇ ‘ਗਲੋਬਲ ਟਾਈਮਜ਼’ ਵਿੱਚ ਛਪੇ ਇੱਕ ਲੇਖ ਵਿਚ ਆਸਟ੍ਰੇਲੀਆ ਉਪਰ ਗਲਤ ਅਤੇ ਝੂਠੀਆਂ ਖ਼ਬਰਾਂ ਨਸ਼ਰ ਕਰਨ ਦੇ ਨਾਲ ਨਾਲ ਬੀਜਿੰਗ ਦੀ ਜਾਸੂਸੀ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਹਨ। ਗੁਪਤ ਤੌਰ ਤੇ ਮਿਲੀ ਜਾਣਕਾਰੀ ਮੁਤਾਬਿਕ ਤਾਂ ਚੀਨ ਦੀ ਲਾਅ ਇਨਫੋਰਸਮੈਂਟ ਅਜੰਸੀ ਨੇ ਆਸਟ੍ਰੇਲੀਆ ਉਪਰ ਕੈਨਬਰਾ ਸਥਿਤ ਚੀਨੀ ਦੂਤਾਵਾਸ ਵਿੱਚ ਫੋਨ ਟੈਪਿੰਗ ਵਾਸਤੇ ਤਾਰਾਂ ਵਿਛਾਉਣ ਦਾ ਇਲਜ਼ਾਮ ਵੀ ਲਗਾਇਆ ਹੈ। ਗਲੋਬਲ ਟਾਈਮਜ਼ ਨੇ ਕੁੱਝ ਅਜਿਹੀਆਂ ਫੋਟੋਆਂ ਵੀ ਛਾਪੀਆਂ ਹਨ ਜਿਨ੍ਹਾਂ ਵਿੱਚ ਆਸਟ੍ਰੇਲੀਆਈ ਵਿਅਕਤੀਆਂ ਨੂੰ ਕੰਪਾਸ, ਕੰਪਿਊਟਰ ਦਾ ਸਾਮਾਨ, ਮਾਸਕ, ਦਸਤਾਨੇ ਅਤੇ ਸ਼ਿੰਘਾਈ ਦੇ ਨਕਸ਼ੇ ਨਾਲ ਫੜਿਆ ਦਿਖਾਇਆ ਗਿਆ ਹੈ। ਲਿਬਰਲ ਐਮ.ਪੀ. ਅਤੇ ਸਾਬਕਾ ਡਿਪਲੋਮੈਟ ਡੇਪ ਸ਼ਰਮਾ ਨੇ ਇਸ ਦੀ ਪੂਰਨ ਤੌਰ ਤੇ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਚੀਨ ਗਲਤ ਪ੍ਰਚਾਰ ਕਰਕੇ ਰਿਸ਼ਤਿਆਂ ਦੀ ਕੜਵਾਹਟ ਨੂੰ ਹੋਰ ਵਧਾ ਰਿਹਾ ਹੈ।