
(ਦ ਏਜ ਮੁਤਾਬਿਕ) ਸਮੁੱਚੇ ਸੰਸਾਰ ਨੂੰ ਹੀ ਕਰੋਨਾ ਨੇ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ ਅਤੇ ਇਸੇ ਕਰੋਨਾ ਕਾਲ ਦੇ ਬਾਵਜੂਕ ਵੀ ਆਸਟ੍ਰੇਲੀਆ ਵਿੱਚ ਬੱਚਿਆਂ ਦੇ ਟੀਕਾਕਰਣ ਵਿੱਚ ਭਾਰੀ ਇਜ਼ਾਫ਼ਾ ਹੋਇਆ ਹੈ ਅਤੇ ਇਸ ਵਾਧੇ ਨੂੰ ਸਿਹਤ ਵਿਭਾਗ ਦੇ ਆਂਕੜਿਆਂ ਮੁਤਾਬਿਕ, ਰਿਕਾਰਡ ਵਾਧਾ ਵੀ ਦੱਸਿਆ ਜਾ ਰਿਹਾ ਹੈ। ਜਿਵੇਂ ਕਿ ਵਿਭਾਗੀ ਜਾਣਕਾਰੀ ਹੈ ਕਿ ਦੇਸ਼ ਅੰਦਰ ਪੂਰੇ ਸਾਲ ਵਿੱਚ ਚਾਰ ਕੁਆਰਟਰ ਹੁੰਦੇ ਹਨ ਜਿਨ੍ਹਾਂ ਦੌਰਾਨ ਕਿ ਬੱਚਿਆਂ ਦੇ ਵਾਧੇ ਲਈ ਆਂਕੜੇ ਇਕੱਠੇ ਕੀਤੇ ਜਾਂਦੇ ਹਨ। ਇਸ ਵਾਰੀ ਸਤੰਬਰ ਦੇ ਕੁਆਰਟਰ ਮਹੀਨੇ ਵਾਲੇ ਆਂਕੜਿਆਂ ਅਨੁਸਾਰ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਟੀਕਾ-ਕਰਣ ਦੀ ਦਰ 94.9% ਰਹੀ ਅਤੇ ਫੈਡਰਲ ਸਰਕਾਰ ਦਾ ਟੀਚਾ 95% ਦਾ ਸੀ ਅਤੇ ਪ੍ਰਾਪਤ ਕੀਤੀ ਗਈ ਇਹ ਦਰ, ਸਰਕਾਰੀ ਟੀਚੇ ਮੁਤਾਬਿਕ ਬਹੁਤ ਜ਼ਿਆਦਾ ਖਰੀ ਉਤਰੀ ਹੈ। ਇੱਕ ਹੋਰ ਪ੍ਰਾਪਤੀ ਇਹ ਵੀ ਰਹੀ ਕਿ ਐਬੋਰਿਜਨਲ ਅਤੇ ਟੋਰਜ਼ ਆਈਲੈਂਡਰ ਬੱਚਿਆਂ (ਪੰਜ ਸਾਲਾਂ ਤੱਕ ਦੀ ਉਮਰ ਵਾਲੇ ਬੱਚੇ) ਵਿੱਚ ਉਕਤ ਦਰ 97% ਰਹੀ। ਹੋਰ ਛੋਟੇ ਬੱਚਿਆਂ -ਯਾਨੀ ਕਿ 2 ਸਾਲਾਂ ਤੱਕ ਦੇ, ਵਿੱਚ ਟੀਕਾਕਰਣ ਦੀ ਦਰ 92.4% ਰਹੀ ਜੋ ਕਿ ਸਾਲ 2014 ਤੋਂ ਚਲੀ ਆ ਰਹੀ 92% ਦੀ ਦਰ ਨਾਲੋਂ ਹੁਣ ਜ਼ਿਆਦਾ ਹੀ ਹੋ ਰਹੀ ਹੈ। ਇੱਕ ਸਾਲ ਤੱਕ ਦੇ ਬੱਚਿਆਂ ਦੀ ਉਕਤ ਦਰ 94.7% ਹੈ। ਸਿਹਤ ਮੰਤਰੀ ਗਰੈਗ ਹੰਟ ਨੇ ਕਿਹਾ ਕਿ ਸਿਹਤ ਵਿਭਾਗ ਦੇ ਆਂਕੜੇ ਦਰਸਾਉਂਦੇ ਹਨ ਕਿ ਬੱਚਿਆਂ ਵਿੱਚ ਟੀਕਾਕਰਣ ਦੀ ਵੱਧ ਰਹੀ ਉਕਤ ਦਰ ਦੇ ਨਾਲ ਨਾਲ ਦੂਸਰੇ ਪਾਸੇ ਹਸਪਤਾਲਾਂ ਅੰਦਰ ਸਟਰੋਕਸ ਅਤੇ ਹਰਟ ਅਟੈਕ ਜਿਹੀਆਂ ਬਿਮਾਰੀਆਂ ਦੇ ਨਾਲ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਮਰੀਜ਼ਾਂ ਵਿੱਚ ਵੀ ਗਿਰਾਵਟ ਆਈ ਹੈ। ਜ਼ਿਆਦਾ ਸੰਤੁਸ਼ਟੀ ਉਨ੍ਹਾਂ ਨੇ ਇਸ ਉਪਰ ਜਤਾਈ ਕਿ ਐਬੋਰਿਜਨਲ ਅਤੇ ਟੋਰਜ਼ ਆਈਲੈਂਡਰ ਬੱਚਿਆਂ ਵਿੱਚ ਟੀਕਾਕਰਣ ਦੀ ਦਰ ਬਹੁਤ ਜ਼ਿਆਦਾ ਹੈ।