ਸਰਕਾਰੀ ਸਕੂਲਾਂ ‘ਚ ਪੜਦੇ ਬੱਚੇ ਚੰਗੇ ਸਮਾਜ ਦੀ ਸਿਰਜਣਾ ਲਈ ਰਹਿੰਦੇ ਹਨ ਯਤਨਸ਼ੀਲ: ਚਾਨੀ

ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਤੋਂ ਵੱਡੀ ਉਮੀਦ : ਅਰੋੜਾ

ਫਰੀਦਕੋਟ:- ‘ਰਾਮ ਮੁਹੰਮਦ ਸਿੰਘ ਆਜ਼ਾਦ ਵੱੈਲਫੇਅਰ ਸੁਸਾਇਟੀ’ ਵਲੋਂ ਬਲਬੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਉਕਤ ਸਕੂਲ ਸਮੇਤ ਮਚਾਕੀ ਮੱਲ ਸਿੰਘ, ਢੁੱਡੀ, ਕੋਟਸੁਖੀਆ ਅਤੇ ਨਵਾਂ ਕਿਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਬਾਰਵੀਂ ਜਮਾਤ ‘ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਲੈਣ ਵਾਲੇ ਹੋਣਹਾਰ ਵਿਦਿਆਰਥੀ/ਵਿਦਿਆਰਥਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਸੰਸਥਾਪਕਾਂ ਮਾ. ਸੋਮਇੰਦਰ ਸਿੰਘ ਸੁਨਾਮੀ ਅਤੇ ਮਾ. ਕੁਲਵੰਤ ਸਿੰਘ ਚਾਨੀ ਨੇ ਦੱਸਿਆ ਕਿ ਸੁਸਾਇਟੀ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਂਦਿਆਂ ਨੈਤਿਕਤਾ ਦਾ ਪਾਠ ਪੜਾਉਣਾ ਹੈ ਤਾਂ ਜੋ ਆਰਥਿਕ ਪੱਖੋਂ ਕਮਜੋਰ ਮਾਪਿਆਂ ਦੇ ਬੱਚੇ ਖੁਦ ‘ਚ ਹੀਣਭਾਵਨਾ ਮਹਿਸੂਸ ਨਾ ਕਰਨ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਸ਼ਰਮਾ ਅਤੇ ਹੋਰ ਵੱਖ-ਵੱਖ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਨਾਲ ਆਏ ਵੱਖ-ਵੱਖ ਕਲਾਸਾਂ ਦੇ ਇੰਚਾਰਜਾਂ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਸਰਕਾਰੀ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਨੈਤਿਕਤਾ ਦੀ ਕਮੀ ਕਰਕੇ ਸਮਾਜ ‘ਚ ਆ ਰਹੀ ਗਿਰਾਵਟ ਚਿੰਤਾਜਨਕ ਹੈ। ਸੁਸਾਇਟੀ ਦੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਹੋਰ ਅਹੁਦੇਦਾਰਾਂ ਮਨਦੀਪ ਸਿੰਘ ਮਿੰਟੂ ਗਿੱਲ, ਗੁਰਚਰਨ ਸਿੰਘ ਮਾਨ, ਅਵਤਾਰ ਸਿੰਘ, ਸੁਖਦਰਸ਼ਨ ਸਿੰਘ ਗਿੱਲ ਅਤੇ ਸੁਰਿੰਦਰ ਮਚਾਕੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਕੋਰੋਨਾ ਵਾਇਰਸ ਦੀ ਕਰੋਪੀ ਦੀ ਸ਼ੁਰੂਆਤ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਨਮਾਨ ਸਮਾਰੋਹ ਮੌਕੇ ਬਕਾਇਦਾ ਉਸਾਰੂ ਸੁਝਾਅ ਦੇਣ ਲਈ ਸੂਝਵਾਨ ਬੁਲਾਰੇ ਪਹੁੰਚਦੇ ਸਨ ਅਤੇ ਜਿਲਾ ਫਰੀਦਕੋਟ ਦੇ 165 ਤੋਂ ਜਿਆਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਫਲਤਾਪੂਰਵਕ ਸਨਮਾਨ ਸਮਾਰੋਹ ਨੇਪਰੇ ਚਾੜੇ ਗਏ। ਇਸੇ ਤਰਾਂ ਹੁਣ ਕੋਵਿਡ-19 ਕਾਰਨ ਪੰਜ-ਪੰਜ ਸਕੂਲਾਂ ਦੇ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਕੋ ਸਕੂਲ ‘ਚ ਬੁਲਾ ਕੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਨਮਾਨਿਤ ਕੀਤਾ ਜਾਂਦਾ ਹੈ। ਉਨਾ ਦੱਸਿਆ ਕਿ ਹੁਣ ਤੱਕ ਸੁਸਾਇਟੀ ਨੇ ਜਿਲਾ ਫਰੀਦਕੋਟ ਅਤੇ ਗੁਆਂਢੀ ਜਿਲਿਆਂ ਦੇ 195 ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਵਾਲੇ ਸਮਾਗਮ ਰਚਾਏ ਹਨ। ਜਿਕਰਯੋਗ ਹੈ ਕਿ ਸਨਮਾਨਿਤ ਹੋਏ ਬੱਚੇ ਵੱਡੇ ਅਫਸਰ ਬਣਨ ਦੀ ਇੱਛਾ ਦਰਸਾਉਂਦਿਆਂ ਵਾਰ ਵਾਰ ਦੁਹਰਾਉਂਦੇ ਹਨ ਕਿ ਉਹ ਪੈਸਾ ਕਮਾਉਣ ਜਾਂ ਰੁਤਬਾ ਬਣਾਉਣ ਦੀ ਬਜਾਇ ਸਮਾਜ ਦੇ ਸੁਧਾਰ ਲਈ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਹੀ ਵੱਡੇ ਅਫਸਰ ਬਣਨ ਦੀ ਇੱਛਾ ਰੱਖਦੇ ਹਨ।

Install Punjabi Akhbar App

Install
×