ਅਧਿਆਪਕਾਂ ਤੇ ਮਾਪਿਆਂ ਦਾ ਸਤਿਕਾਰ ਕਰਨ ਵਾਲੇ ਬੱਚੇ ਕੁਰੀਤੀਆਂ ਤੋਂ ਬਚੇ ਰਹਿੰਦੇ ਹਨ : ਸੰਧਵਾਂ

ਸੁਸਾਇਟੀ ਦੇ 113ਵੇਂ ਸਨਮਾਨ ਸਮਾਰੋਹ ਦੌਰਾਨ ਕੀਤੇ ਹੁਸ਼ਿਆਰ ਬੱਚੇ ਸਨਮਾਨਿਤ

ਫਰੀਦਕੋਟ, 26 ਜਨਵਰੀ :- ਮੇਰੇ ਸਤਿਕਾਰਯੋਗ ਦਾਦਾ ਜੀ ਗਿਆਨੀ ਜੈਲ ਸਿੰਘ ਨੇ ਸਿਆਸਤ ਦਾ ਖੇਤਰ ਸਮਾਜਸੇਵਾ ਕਰਨ ਲਈ ਚੁਣਿਆ ਸੀ ਤੇ ਹੁਣ ਮੈ ਵੀ ਸਮਾਜ ਸੇਵਾ ਨੂੰ ਮੁੱਖ ਰੱਖ ਕੇ ਸਿਆਸਤ ਦੇ ਮੈਦਾਨ ‘ਚ ਆਇਆ ਹਾਂ। ਨੇੜਲੇ ਪਿੰਡ ਢੁੱਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਮ ਮੁਹੰਮਦ ਸਿੰਘ ਅਜਾਦ ਵੈੱਲਫੇਅਰ ਸੁਸਾਇਟੀ ਵਲੋਂ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅਧਿਆਪਕਾਂ, ਮਾਪਿਆਂ ਅਤੇ ਵੱਡਿਆਂ ਦਾਂ ਸਤਿਕਾਰ ਕਰਨ ਵਾਲੇ ਬੱਚੇ ਕਦੇ ਵੀ ਸਮਾਜਿਕ ਕੁਰੀਤੀਆਂ ਦੀ ਲਪੇਟ ‘ਚ ਨਹੀਂ ਆਉਂਦੇ। ਉੱਘੇ ਸਮਾਜਸੇਵੀ ਮਨਦੀਪ ਸਿੰਘ ਮਿੱਟੂ ਗਿੱਲ, ਗੁਰਿੰਦਰ ਸਿੰਘ ਕੋਟਕਪੂਰਾ, ਇਕਬਾਲ ਸਿੰਘ ਮੰਘੇੜਾ ਅਤੇ ਐਸਡੀਓ ਅਸ਼ੌਕ ਕੁਮਾਰ ਸੇਠੀ ਨੇ ਸਿਰ ‘ਤੇ ਆਏ ਪੱਕੇ ਇਮਤਿਹਾਨਾ ਬਾਰੇ ਬੱਚਿਆਂ ਨੂੰ ਕਈ ਅਹਿਮ ਨੁਕਤਿਆਂ ਤੋਂ ਜਾਣੂ ਕਰਾਉਂਦਿਆਂ ਆਖਿਆ ਕਿ ਸੁਸਾਇਟੀ ਵਲੋਂ ਅੱਜ ਕੀਤੇ ਜਾ ਰਹੇ 113ਵੇਂ ਸਮਾਗਮ ਦੀ ਖਾਸ ਵਿਸ਼ੇਸ਼ਤਾ ਇਹ ਵੀ ਹੈ ਕਿ ਹਰ ਸਮਾਗਮ ਦੇ ਸਵਾਲ ਜਵਾਬ ਵਾਲੇ ਦੌਰ ‘ਚ ਜਿੱਥੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ 100-100 ਰੁਪਏ ਪ੍ਰਤੀ ਬੱਚਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਉੱਥੇ ਪੁੱਛੇ ਜਾਣ ਵਾਲੇ ਸਵਾਲ ਅਤੇ ਜਵਾਬ ਵਿਦਿਆਰਥੀ/ਵਿਦਿਆਰਥਣਾ ਨੂੰ ਪੱਕੇ ਪੇਪਰਾਂ ‘ਚ 5-5 ਜਾਂ 10-10 ਨੰਬਰ ਦਿਵਾਉਣ ਦਾ ਸਬੱਬ ਵੀ ਬਣ ਸਕਦੇ ਹਨ। ਮਾ ਸੋਮਨਾਥ ਅਰੋੜਾ ਵਲੋਂ ਪੁੱਛੇ ਗਏ ਸਹੀ ਸਵਾਲਾਂ ਦਾ ਜਵਾਬ ਦੇਣ ਵਾਲੇ ਬੱਚਿਆਂ ਸਮੇਤ ਛੇਵੀਂ ਤੋਂ 12ਵੀਂ ਤੱਕ ਦੇ ਪਹਿਲਾ, ਦੂਜਾ, ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਮੁਖੀ ਪ੍ਰਿੰਸੀਪਲ ਰਵਿੰਦਰ ਸਿੰਘ ਬਰਾੜ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅਜਿਹੇ ਸਮਾਗਮਾਂ ਨਾਲ ਸਰਕਾਰੀ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਹੱਲਾਸ਼ੇਰੀ ਮਿਲਣੀ ਸੁਭਾਵਿਕ ਹੈ। ਅੰਤ ‘ਚ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਮੇਤ ਸਕੂਲ ਮੁਖੀ ਰਵਿੰਦਰ ਸਿੰਘ ਬਰਾੜ ਅਤੇ ਸਮੂਹ ਸਟਾਫ ਨੂੰ ਵੀ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ।
ਸਬੰਧਤ ਤਸਵੀਰ ਵੀ।

Install Punjabi Akhbar App

Install
×