• ਬਾਲ ਦਿਵਸ ਬਹਾਨੇ •

national-missing-children-day

ਚੱਲੋ… … …
ਬਾਲ ਦਿਵਸ ਬਹਾਨੇ ਹੀ ਸਹੀ
ਇੱਕ ਵਾਰ ਫਿਰ ਤੋਂ
   ਬੱਚੇ ਬਣ
     ਬੱਚਿਆਂ ਜੇਹੀਆਂ
       ਹਰਕਤਾਂ ਕਰਦੇ ਹਾਂ
ਛੱਡ ਸਭ
  ਚੁਸਤ-ਚਲਾਕੀਆਂ
  ਵੈਰ-ਵਿਰੋਧ
  ਬਾਹਵਾਂ ਵਿੱਚ ਬਾਹਵਾਂ ਪਾ
  ਪਿੱਛੇ ਮੁੜ
  ਜਾ ਯਾਦਾਂ ਨਾਲ ਰਲਦੇ ਹਾਂ
ਇੱਕ ਵਾਰ ਫਿਰ ਤੋਂ
  ਬੱਚੇ ਬਣ
    ਬੱਚਿਆਂ ਜੇਹੀਆਂ
      ਹਰਕਤਾਂ ਕਰਦੇ ਹਾਂ… …
ਘਰ ਤੋਂ ਕੰਮ
 ਕੰਮ ਤੋਂ ਘਰ
  ਖੱਜਲ-ਖੁਆਰੀਆਂ
    ਚੱਲਦੀਆਂ ਹੀ ਰਹਿਣੀਆਂ
ਪਾੜ ਦੁਸ਼ਵਾਰੀਆਂ ਵਾਲੀ ਕਾਪੀ
ਕੁੱਝ ਸਫ਼ਿਆਂ ਦੇ ਬਣਾ ਜਹਾਜ਼
ਕਰਦੇ ਹਾਂ ਪੌਣਾਂ ਹਵਾਲੇ
ਤੇ  ਸਮੁੰਦਰ ਨੂੰ ਕਰ
ਬੱਠਲ਼ ਵਿੱਚ ਕੈਦ
ਕੁੱਝ ਦੀਆਂ ਬਣਾ ਕਿਸ਼ਤੀਆਂ
ਪਾਣੀਆਂ ਵਿੱਚ ਛੱਡਦੇ ਹਾਂ… …
ਚੱਲੋ… … ….
ਬਾਲ ਦਿਵਸ ਬਹਾਨੇ ਹੀ ਸਹੀ
  ਕੱੁਝ ਸਮਾਂ
     ਬੱਚਿਆਂ ਲਈ ਕੱਢਦੇ ਹਾਂ…
ਛੱਡ ਮਤਲਬ
  ਆਪੋ-ਅਪਣੇ
   ਕੁੱਝ ਗੱਲਾਂ
    ਬੇ-ਮਤਲਬੀਆਂ ਕਰਦੇ ਹਾਂ …
ਚੱਲੋ ਅੱਜ ਮਿਲ
      ਬੱਚਿਆਂ ਨਾਲ;
      ਬੱਚੇ ਬਣ
      ਬੱਚਿਆਂ ਜੇਹੀਆਂ
      ਗੱਲਾਂ ਕਰਦੇ ਹਾਂ
ਸਵਾਰ ਹੋ ਪੌਣਾਂ ‘ਤੇ
ਬਾਹਰੋਂ ਵਿਛੁੰਨੀਆਂ ਤਿਤਲੀਆਂ ਦੇ
ਰੰਗ ਪਰਾਂ ਵਿੱਚ ਭਰਦੇ ਹਾਂ।
ਪਾਣੀ ਦੇਖ
ਉਹ ਅਕਸਰ ਪੱੁਛ ਲੈਂਦੇ ਕਿ…
ਪਾਣੀ ਦਾ ਰੰਗ ਕੇਹੜਾ…?..!!
ਚੱਲੋ ਅੱਜ
ਪਾਣੀਆਂ ਵਿੱਚ
ਮਨਮਰਜ਼ੀ ਦਾ ਰੰਗ ਭਰਦੇ ਹਾਂ
ਅੱਜ ਸੂਰਜ ਮੱੁਠੀ ‘ਚ ਕਰਦੇ ਹਾਂ
ਕੁੱਝ ਮੰਨ ਲਵਾਂਗੇ ਹੋਰਨਾਂ ਦੀਆਂ ਵੀ
ਕੁੱਝ ਜਿੱਦ ਅਪਣੀ ‘ਤੇ ਅੜ੍ਹ
ਅਪਣੀਆਂ ਹੀ ਮਨਮਾਨੀਆਂ ਕਰਦੇ ਹਾਂ
ਚੱਲੋ ਅੱਜ
ਬੱਚੇ ਬਣ
ਬੱਚਿਆਂ ਨਾਲ ਰਲਦੇ ਹਾਂ
ਅੱਜ ਬੱਚਿਆਂ ਜੇਹੀਆਂ ਗੱਲਾਂ ਕਰਦੇ ਹਾਂ।
ਗਗਨਦੀਪ ਸਿੰਘ ਸੰਧੂ
                  (+917589431402)

Install Punjabi Akhbar App

Install
×