ਚਾਈਨਾ ਡੋਰ ਮਨੁੱਖ ਜਾਤੀ ਦੇ ਨਾਲ-ਨਾਲ ਪਸ਼ੂ-ਪੰਛੀਆਂ ਲਈ ਵੀ ਖਤਰਨਾਕ : ਚੰਦਬਾਜਾ

ਫਰੀਦਕੋਟ, 22 ਜਨਵਰੀ :- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦਾਅਵਾ ਕੀਤਾ ਹੈ ਕਿ ਚਾਈਨਾ ਡੋਰ ਮਨੁੱਖ ਜਾਤੀ ਦੇ ਨਾਲ-ਨਾਲ ਪਸ਼ੂ-ਪੰਛੀਆਂ ਅਤੇ ਬਨਸਪਤੀ ਲਈ ਵੀ ਖਤਰਨਾਕ ਹੈ ਪਰ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਸਖਤੀ ਕੀਤੇ ਜਾਣ ਦੇ ਦਾਅਵਿਆਂ ਦੇ ਬਾਵਜੂਦ ਵੀ ਚਾਈਨਾ ਡੋਰ ਨਾਲ ਅਜਿਹੀਆਂ ਦੁਖਦਾਇਕ ਘਟਨਾਵਾਂ ਦਾ ਵਾਪਰਣਾ ਲਗਾਤਾਰ ਜਾਰੀ ਹੈ। ਨੇੜਲੇ ਪਿੰਡ ਪੱਕਾ ਦੇ ਆਦਰਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਨ ਦੀ ਸ਼ੁੱਧਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਕਰਵਾਏ ਗਏ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਜਿਲਾ ਪ੍ਰਸ਼ਾਸ਼ਨ ਨੂੰ ਪੇਸ਼ਕਸ਼ ਕੀਤੀ ਕਿ ਇਸ ਮਾਮਲੇ ‘ਚ ਜਥੇਬੰਦੀ ਵੀ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਲਈ ਤਿਆਰ ਹੈ। ਕਿਉਂਕਿ ਜਥੇਬੰਦੀ ਵਲੋਂ ਵਾਤਾਵਰਨ ਦੀ ਸੰਭਾਲ ਲਈ ਲਾਏ ਗਏ ਬੂਟਿਆਂ ਲਈ ਵੀ ਚਾਈਨਾ ਡੋਰ ਘਾਤਕ ਹੈ। ਸਿੱਖ ਪ੍ਰਚਾਰਕ ਸਤਨਾਮ ਸਿੰਘ ਚੰਦੜ ਅਤੇ ਉੱਘੇ ਕਾਲਮ ਨਵੀਸ ਡਾ. ਦੇਵਿੰਦਰ ਸੈਫੀ ਨੇ ਦੱਸਿਆ ਕਿ ਜਿਲੇ ਭਰ ਦੇ ਸਰਕਾਰੀ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਸੁਸਾਇਟੀ ਵਲੋਂ ਕੋਟਕਪੂਰਾ ਗਰੁੱਪ ਆਫ ਫੈਮਲੀਜ਼ ਕੈਨੇਡਾ ਦੇ ਸਹਿਯੋਗ ਨਾਲ ਵੰਡੀਆਂ ਜਾ ਰਹੀਆਂ ਕਾਪੀਆਂ ‘ਚ ਵਾਤਾਵਰਨ ਦੀ ਸੰਭਾਲ, ਪਾਣੀ ਦੀ ਬੱਚਤ, ਕੈਂਸਰ ਤੋਂ ਬਚਾਅ, ਟ੍ਰੈਫਿਕ ਨਿਯਮਾ ਦੀ ਪਾਲਣਾ ਦੇ ਜਾਗਰੂਕਤਾ ਵਾਲੇ ਨੁਕਤੇ ਸਾਂਝੇ ਕੀਤੇ ਗਏ ਹਨ। ਉਨਾ ਦੱਸਿਆ ਕਿ ਇਹ ਬਜਾਰਾਂ ‘ਚੋਂ ਮਿਲਣ ਵਾਲੀਆਂ ਕਾਪੀਆਂ ਨਾਲੋਂ ਬਿਲਕੁੱਲ ਵੱਖਰੀਆਂ ਅਤੇ ਪ੍ਰੇਰਨਾਸਰੋਤ ਹਨ। ਸਕੂਲ ਮੁਖੀ ਮੈਡਮ ਹਰਸਿਮਰਨ ਰੰਧਾਵਾ ਨੇ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇੰਜੀ. ਜਗਤਾਰ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਭਾਊ ਨੇ ਦੱਸਿਆ ਕਿ ਹੁਸ਼ਿਆਰ ਅਤੇ ਖੇਡਾਂ ‘ਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਫਲਦਾਰ ਬੂਟਿਆਂ ਅਤੇ ਕਿੱਟਾਂ ਨਾਲ ਸਨਮਾਨਿਤ ਵੀ ਕੀਤਾ ਗਿਆ।ઠਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਵਿੰਦਰ ਸਿੰਘ ਨਿਸ਼ਕਾਮ ਅਤੇ ਗੁਰਸੇਵਕ ਸਿੰਘ ਸਮੇਤ ਸਮੂਹ ਸਟਾਫ ਅਤੇ ਵਿਦਿਆਰਥਣਾ ਵੀ ਹਾਜਰ ਸਨ।