ਬੱਚੇ ਅੰਕਾਂ ਵਾਲ਼ੀ ਮਸ਼ੀਨ ਨਹੀਂ ਹੁੰਦੇ

ਅਕਸਰ ਇਮਤਿਹਾਨਾਂ ਦੇ ਨਤੀਜੇ ਆਉਣ ਤੋਂ ਬਾਅਦ ਹਰੇਕ  ਬੱਚੇ ਦੇ ਮਾਤਾ – ਪਿਤਾ ਨੂੰ  ਉਮੀਦ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਕੂਲ ਜਮਾਤ ਵਿੱਚ ਪੇਪਰਾਂ ਵਿੱਚੋਂ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਕੇ ਪੜ੍ਹਾਈ ਪੂਰੀ ਕਰਨ ; ਕਿਉਂਕਿ ਉਨ੍ਹਾਂ ਨੇ ਵੀ ਬਹੁਤ ਮਿਹਨਤ – ਮੁਸ਼ੱਕਤ ਕਰਕੇ ਅਤੇ ਘਾਲਣਾ ਘਾਲ਼ ਕੇ ਆਪਣੇ ਬੱਚਿਆਂ ਨੂੰ ਸਾਰਾ ਸਾਲ ਸਕੂਲ ਵਿੱਚ ਪਡ਼੍ਹਾਈ ਕਰਨ ਲਈ ਭੇਜਿਆ ਹੋਇਆ ਹੁੰਦਾ ਹੈ , ਪਰ ਅਕਸਰ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਕਈ ਵਿਦਿਆਰਥੀਆਂ ਦੇ ਮਾਤਾ – ਪਿਤਾ ਆਪਣੇ ਬੱਚਿਆਂ ‘ਤੇ ਪੇਪਰਾਂ ਵਿੱਚ ਵੱਧ ਤੋਂ ਵੱਧ ਅੰਕ ਹਾਸਲ ਕਰਨ ਅਤੇ ਚੰਗੀ ਪੁਜੀਸ਼ਨ ਲੈਣ ਦਾ ਦਬਾਅ ਪਾਉਂਦੇ ਰਹਿੰਦੇ ਹਨ ਜਾਂ ਕਈ ਵਾਰ ਮਾਮੂਲੀ ਜਿਹੇ ਕੁਝ ਅੰਕ ਘੱਟ ਆਉਣ ‘ਤੇ ਹੀ ਕਾਫੀ ਗੁੱਸਾ ਪ੍ਰਗਟ ਕਰਦੇ ਹਨ ਜਾਂ ਆਪਣੇ ਬੱਚੇ ‘ਤੇ ਵੀ ਦਬਾਅ ਪਾਉਂਦੇ ਹਨ। ਜੋ ਕਿ ਠੀਕ ਨਹੀਂ ਹੈ।   ਇਸ ਨਾਲ ਵਿਦਿਆਰਥੀ ‘ਤੇ ਮਾਨਸਿਕ ਦਬਾਅ ਵੱਧ ਜਾਂਦਾ ਹੈ ਅਤੇ ਉਹ ਪੜ੍ਹਾਈ ਦੇ ਨਾਂ ਤੋਂ ਭਵਿੱਖ ਵਿੱਚ ਘਬਰਾਉਣ ਲੱਗਦਾ ਹੈ। ਚੰਗੇ ਅੰਕ ਪ੍ਰਾਪਤ ਕਰਨਾ ਚੰਗੀ ਗੱਲ ਹੈ , ਪਰ ਮਾਮੂਲੀ ਜਿਹੇ ਅੰਕ ਘੱਟ ਜਾਂ ਵੱਧ ਹੋ ਜਾਣ ‘ਤੇ ਬੱਚੇ ‘ਤੇ ਬੇਲੋੜਾ ਗੁੱਸਾ ਕਰਨਾ ਅਤੇ ਉਸ ‘ਤੇ ਵਾਧੂ ਦਾ ਪ੍ਰਭਾਵ ਪਾਉਣਾ ਸ਼ਾਇਦ ਇਹ ਠੀਕ ਨਹੀਂ ਹੋਵੇਗਾ ; ਕਿਉਂਕਿ ਕਈ ਵਾਰ ਸਾਡੇ ਬੱਚਿਆਂ ਵਿੱਚ ਅਜਿਹੀ ਪ੍ਰਤਿਭਾ , ਅਜਿਹੇ ਅਵਿਕਸਤ ਗੁਣ ਤੇ ਅਜਿਹੀ ਕਲਾ ਮੌਜੂਦ ਹੁੰਦੀ ਹੈ , ਜੋ ਸਮਾਂ ਆਉਣ ‘ਤੇ ਹੀ ਸਾਹਮਣੇ ਆਉਂਦੀ ਹੈ। ਸੋ ਸਾਨੂੰ ਆਪਣੇ ਬੱਚੇ ਦੇ ਉਨ੍ਹਾਂ ਛੁਪੇ ਹੋਏ ਗੁਣਾ , ਉਨ੍ਹਾਂ ਦੀਆਂ ਖ਼ਾਸ ਵਿਸ਼ੇਸ਼ਤਾਵਾਂ , ਉਨ੍ਹਾਂ ਦੀ ਖਾਸ ਪ੍ਰਤਿਭਾ , ਉਨ੍ਹਾਂ ਦੇ ਅੰਦਰ ਮੌਜੂਦ ਖ਼ਾਸ ਗੁਣਾਂ ਜਾਂ ਖ਼ਾਸ ਕਿਸਮ ਦੀ ਪ੍ਰਤਿਭਾ ਨੂੰ ਸਮਝਣ ਅਤੇ ਵਿਕਸਤ ਕਰਨ ਦੀ ਜ਼ਰੂਰਤ ਹੈ , ਤਾਂ ਜੋ ਆਪਣੇ ਗੁਣ ਵਿਸ਼ੇਸ਼ ਵੱਲ ਭਵਿੱਖ ਵਿੱਚ ਬੱਚੇ ਦਾ ਰੁਝਾਨ ਹੋਰ ਵਧੇਰੇ ਵਧਾਇਆ ਜਾ ਸਕੇ ਅਤੇ ਗੁਣਾਂ ਦੀ ਪ੍ਰਵਾਹਿਤ ਧਾਰਾ ਅਤੇ ਵੇਗ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਬੱਚੇ ਨੂੰ ਜੇਕਰ ਕੋਈ ਗੱਲ ਸਮਝਾਉਣੀ ਹੋਵੇ ਜਾਂ ਸਿੱਖਿਆ ਦੇਣੀ ਹੋਵੇ ਤਾਂ ਉਹ ਪਿਆਰ ਭਰੇ ਲਹਿਜੇ ਨਾਲ਼ ਤੇ ਪ੍ਰੇਰਨਾਮਈ ਢੰਗ ਨਾਲ ਵੀ ਦਿੱਤੀ ਜਾ ਸਕਦੀ ਹੈ , ਜੋ ਕਿ ਵਧੇਰੇ ਪ੍ਰਭਾਵਸ਼ਾਲੀ ਤੇ ਚਿਰਸਥਾਈ ਹੁੰਦੀ ਹੈ। ਇਸ ਤੋਂ ਇਲਾਵਾ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਸਮੇਂ ਤੋਂ ਬਾਅਦ ਜਾਂ ਸਕੂਲ ਸਮੇਂ ਤੋਂ ਬਾਅਦ ਕੁਝ ਸਮਾਂ ਸਰੀਰਕ ਖੇਡਾਂ ਖੇਡਣ ਅਤੇ ਟੈਲੀਵਿਜ਼ਨ ਵਿੱਚ ਚੰਗੀਆਂ ਕਹਾਣੀਆਂ , ਵਿਗਿਆਨ ਨਾਲ਼  ਸੰਬੰਧਿਤ ਪ੍ਰੋਗਰਾਮ , ਭਾਸ਼ਾ ਨਾਲ ਸੰਬੰਧਿਤ ਪ੍ਰੋਗਰਾਮ , ਸਿੱਖਿਆਦਾਇਕ ਫ਼ਿਲਮਾਂ ਤੇ ਕਾਰਟੂਨ ਆਦਿ ਦੇਖਣ ਤੋਂ ਰੋਕਣਾ ਨਹੀਂ ਚਾਹੀਦਾ। ਬੱਚੇ ਨੂੰ ਆਪਣੇ ਸਾਥੀਆਂ ਨਾਲ਼ ਕੁਝ ਸਮਾਂ ਵਿਚਰਨ ਦੇਣਾ ਚਾਹੀਦਾ ਹੈ। ਸਾਨੂੰ ਆਪਣੇ ਬੱਚਿਆਂ ਦੀ ਹਰ ਗੱਲ ਨੂੰ ਧਿਆਨਪੂਰਵਕ ਸੁਣਨਾ , ਸਮਝਣਾ ਅਤੇ ਵਿਚਾਰਨਾ ਚਾਹੀਦਾ ਹੈ। ਜੇਕਰ ਬੱਚਿਆਂ ਦੇ ਮਾਤਾ – ਪਿਤਾ ਇਨ੍ਹਾਂ ਗੱਲਾਂ ਵੱਲ ਖਾਸ ਧਿਆਨ ਦੇਣਗੇ ਤਾਂ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਹੋਣਾ ਸੰਭਵ ਹੈ ; ਕਿਉਂਕਿ ਵਿਦਿਆਰਥੀ ਅਣਗਿਣਤ ਗੁਣਾਂ ਨਾਲ ਭਰੀ ਹੋਈ ਇੱਕ ਪੋਟਲੀ ਹੁੰਦਾ ਹੈ ; ਨਾ ਕਿ ਕੇਵਲ ਅੰਕਾਂ ਵਾਲੀ ਮਸ਼ੀਨ।

(ਮਾਸਟਰ ਸੰਜੀਵ ਧਰਮਾਣੀ) +91 9478561356.

Install Punjabi Akhbar App

Install
×