25 ਮਾਰਚ 2018 ਉਪ-ਚੋਣ ਦੇ ਸੰਦਰਭ’ਚ

– ਗੁਰਮਤਿ ਦ੍ਰਿਸ਼ਟੀਕੋਣ ਅਧੀਨ ਹੋਣ ਚੀਫ਼ ਖ਼ਾਲਸਾ ਦੀਵਾਨ ਦੇ ਚੋਣ

Chief Khalsa Diwan and Khalsa Concepttt
ਗੁਰੂ ਨਾਨਕ ਸਾਹਿਬ ਨੇ ਸਤ ਦਾ ਐਸਾ ਚੱਕਰ ਘੁਮਾਇਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੱਕ ਮਨੁੱਖੀ ਸੁਤੰਤਤਰਤਾ ਦਾ ਮੁੱਦਈ ਹਰ ਮਨੁੱਖ ਆਪਣੇ ਆਪ ਨੂੰ ਖਾਲਸਾ ਜਾਂ ਸ਼ਾਹੀ ਸੰਸਾਰ ਦਾ ਹਿੱਸਾ ਮੰਨਣ ਲੱਗ ਪਿਆ ਸੀ। ‘ਸੱਚਾ ਅਮਰ ਸੱਚੀ ਪਾਤਸ਼ਾਹੀ’ ਦਾ ਸਿਧਾਂਤ ਬਹੁਤ ਪਿਆਰਾ ਲੱਗਣ ਲੱਗ ਪਿਆ ਸੀ। ਲੋਕਾਈ ਆਪਣੇ ਆਪ ਨੂੰ ਕੁਲ, ਧਰਮ ਅਤੇ ਰਾਜ ਦੇ ਭੈਅ ਤੋਂ ਮੁਕਤ ਮੰਨਣ ਲੱਗ ਪਈ। ਗੁਰੂ ਗੋਬਿੰਦ ਸਿੰਘ ਜੀ ਨੇ ਵਿਚਾਰਧਾਰਾ ਨੂੰ ਸਿਖ਼ਰ’ਤੇ ਲਾ ਦਿੱਤਾ। ਜਿਸ ਦਾ ਪ੍ਰਗਟ-ਸਰੂਪ ਹੈ ਖ਼ਾਲਸਾ। ਖ਼ਾਲਸਾ ਇਕ ਸ਼ਕਤੀ ਹੈ (Force) ਹੈ ਜਿਸ ਦੇ ਅੰਦਰ ਗੁਰੂ ਸਮੋਇਆ ਹੋਇਆ ਹੈ। ਕੇਵਲ ਕੋਈ ਸੰਗਠਨ ਜਾਂ ਜਥੇਬੰਦੀ ਨਹੀਂ ਹੈ। ਸੰਗਠਨਾਂ ਅਤੇ ਜਥੇਬੰਦੀਆਂ ਦਾ ਤਾਂ ਜਨਮ ਵੀ ਹੁੰਦਾ ਹੈ ਤੇ ਮਰਨ ਵੀ।

ਜਿੱਥੇ ਖ਼ਾਲਸਾ ਸ਼ਬਦ ਜੁੜ ਜਾਵੇ ਉੱਥੇ ਕਿਸੇ ਤਰ੍ਹਾਂ ਦੀ ਡਾਵਾਂਡੋਲ ਸਥਿਤੀ ਦੀ ਸੰਭਾਵਨਾ ਹੋ ਹੀ ਨਹੀਂ ਸਕਦੀ। ਜੇਕਰ ਕਿਤੇ ਡਾਵਾਂਡੋਲ ਹੈ ਤਾਂ ਉਸ ਦਾ ਮਤਲਬ ਹੈ ਕਿ ਉੱਥੇ ਖ਼ਾਲਸੇ ਤੇ ਖ਼ਾਲਸੇ ਵਿਚ ਸਮੋਏ ਗੁਰੂ ਵੱਲ ਪਿੱਠ ਹੋਈ ਹੈ। ਇਸ ਦੌਰਾਨ ਜਿੱਥੇ ਵੀ ਗੁਰੂ-ਖ਼ਾਲਸਾ ਹਾਜ਼ਰ ਰਹੇ ਉੱਥੇ ਹੀ ਮਾਨ-ਸਨਮਾਨ ਝੋਲੀ ਪਿਆ। ਲਾਲ ਕਿਲ੍ਹੇ’ਤੇ ਨਿਸ਼ਾਨ ਝੁਲਾਉਣ ਦੇ ਇਤਿਹਾਸ ਸਿਰਜੇ ਹਨ। ਡਾ: ਸਿਨਹਾ ਨੇ ਮਿਸਾਲ ਦਿੱਤੀ ਹੈ ਕਿ ” ਜੇ ਇਕ ਲੋਹੇ ਦੀ ਸੀਖ ਉਤੇ ਇਕ ਲੋਹੇ ਦੀ ਤਾਰ ਲਪੇਟ ਦਿੱਤੀ ਜਾਏ ਤੇ ਤਾਰ ਵਿਚ ਬਿਜਲੀ ਦੀ ਕਰੰਟ ਛੱਡੀ ਜਾਏ ਤਾਂ ਸੀਖ ਵਿਚ ਮਿਕਨਾਤੀਸੀ ਤਾਕਤ ਆ ਜਾਂਦੀ ਹੈ। ਪਰ ਜੇ ਬਿਜਲੀ ਦੀ ਰੌ ਹਟਾ ਲਈ ਜਾਏ ਤਾਂ ਸੀਖ ਵਿਚੋਂ ਮਿਕਨਾਤੀਸੀ ਸ਼ਕਤੀ ਉਡ ਪੁਡ ਜਾਏਗੀ”। ਸਿੱਖ ਮਿਸਲਾਂ ਦੇ ਸਿਲਸਲੇ ਵੱਲ ਝਾਤ ਮਾਰ ਲਈਏ ਤਾਂ ਦੁੱਖ ਦੀਆਂ ਪੰਡਾਂ ਜ਼ਿਆਦਾ ਖੁੱਲ੍ਹਦੀਆਂ ਹਨ। ਮਿਸਲਾਂ ਭਾਵੇਂ ਇਕ ਇਤਿਹਾਸਕ ਲੋੜ ਸਨ ਅਤੇ ਸਿੱਖ ਕੌਮ ਦੇ ਵਿਕਾਸ ਦਾ ਕੁਝ ਆਸਰਾ ਵੀ ਬਣੀਆਂ। ਲਾਭ ਦੇ ਨਾਲ ਨਾਲ ਜੋ ਭਾਰੀ ਹਾਨ ਹੋਇਆ ਉਹ ਬਹੁਤ ਦੁਖਦਾਇਕ ਹੈ। ਠੀਕ ਹੈ 11 ਮਿਸਲਾਂ ਬਣਨ ਨਾਲ ਖੇਰੂੰ ਖੇਰੂ ਹੋਣ ਤੋਂ ਬਚਾਅ ਹੋਇਆ ਤੇ ਜਥੇਦਾਰੀਆਂ ਨਿਭਾਉਣ ਦੀ ਹਉਂ ਵੀ ਪੂਰੀ ਹੋ ਗਈ। ਪਰ ਹਉਮੈ ਹੋਂਦ ਕਾਰਨ ਸਦੀਵੀ ਵਿਗਾਸ ਤੋਂ ਖੁੰਝਣਾ ਤਾਂ ਅਟੱਲ ਹੈ ਹੀ ਹੈ। ਹਉਮੈ ਦੇ ਘੇਰੇ ਵਿਚ ਕੀਤੀਆਂ ਲਖ ਨੇਕੀਆਂ, ਚੰਗਿਆਈਆਂ, ਤਪ, ਤੀਰਥ, ਜੋਗ, ਸਭ ਨੂੰ ਸਿਫ਼ਰ ਨੰਬਰ ਹੈ। ਹਉਮੈ ਦੀ ਮਤੀਂ ਸਭ ਕਰਮ ਮਿਥਿਆ (ਝੂਠ) ਹਨ ਭਾਵੇਂ ਸੂਰਮਿਆਂ ਵਾਲੇ ਕਾਰਨਾਮੇ ਵਿਖਾਏ ਜਾਣ ਤੇ ਰਣ ਵਿਚ ਪ੍ਰਾਣ ਵੀ ਛੁਟ ਜਾਣ ਅਤੇ ਲਖ ਗਿਆਨ ਧਿਆਨ ਧਰਨ ਲਈ ਪੁਰਾਣ ਪੜੇ ਜਾਣ। ਗੁਰਬਾਣੀ ਅਨੁਸਾਰ : ਲਖ ਸੂਰਤਮ ਸੰਗਰਾਮ ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ॥ ਅਤੇ ‘ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ’॥ ਸੰਨ 1767 ਤੋਂ ਬਾਅਦ ਭਾਰਤ ਅੰਦਰ ਇਕ ਐਸਾ ਖਲਾਅ ਸੀ ਕਿ ਉਸ ਨੂੰ ਕੋਈ ਕਾਬਲ ਧਿਰ ਭਰ ਸਕਦੀ ਸੀ ਅਤੇ ਉੱਤਰੀ ਭਾਰਤ ਵਿਚ ਸਿੱਖਾਂ ਦਾ ਪੂਰਨ ਰਾਜ ਕਾਇਮ ਕਰਨ ਦਾ ਸੁਨਹਿਰੀ ਮੌਕਾ ਸੀ। ਜਿਸ ਮੰਜ਼ਲ ਨੂੰ ਮਹਾਰਾਜਾ ਰਣਜੀਤ ਸਿੰਘ ਚਿਤਵਦਾ ਰਿਹਾ ਉਹ ਮੰਜ਼ਲ ਇਕ ਸਦੀ ਪਹਿਲਾਂ ਪੂਰੀ ਹੋ ਸਕਦੀ ਸੀ। ਸੰਨ 1782 ਵਿਚ ਨਜ਼ਫ ਖ਼ਾਨ ਦੀ ਮੌਤ ਤੋਂ ਬਾਅਦ ਦਿੱਲੀ ਵਿਚ ਕੋਈ ਵੀ ਮਜ਼ਬੂਤ ਧਿਰ ਨਹੀਂ ਸੀ। ਸਿੱਖਾਂ ਉਹ ਸਮਾਂ ਹਉਂ ਕਰਕੇ ਗਵਾਇਆ । ਸ਼ਾਹ ਆਲਮ ਦੂਜੇ ਨੇ ਅਲਾਹਾਬਾਦ ਤੋਂ ਸਿੱਖਾਂ ਨੂੰ ਲਿਖਿਆ ਕਿ ਜੇ ਸਿੱਖ ਉਸ ਦੀ ਮਦਦ ਕਰਨ ਤਾਂ ਉਹ ਰਿਣੀ ਹੋਵੇਗਾ। ਸਿੱਖਾਂ ਦੀ ਸਥਿਤੀ ਕਿ ਕੋਈ ਉੱਤਰ ਤੱਕ ਵੀ ਨਾ ਭੇਜਿਆ। ਸ਼ਾਹ ਆਲਮ ਦੂਜੇ ਨਾਲ ਮਰਹੱਟਿਆਂ ਨੇ ਸੰਧੀ ਕਰ ਲਈ ਤੇ ਅੰਗਰੇਜ਼ਾਂ ਨੇ ਸਿੱਧੀ ਦਖਲ-ਅੰਦਾਜ਼ੀ ਅਰੰਭ ਕਰ ਦਿੱਤੀ। ਸਿੱਖਾਂ ਹੱਥੋਂ ਬੜਾ ਕੁਝ ਖੁਸ ਗਿਆ ਤੇ ਪੰਜ ਦਰਿਆਵਾਂ ਵਿਚ ਸੀਮਤ ਹੋ ਕੇ ਰਹਿ ਗਏ। ਸੀ.ਐਚ.ਪੇਨ ਅਨੁਸਾਰ ਧਰਤੀ ਦੀ ਖੋਹ ਖਿਚ (Scramble for land) ਵਧ ਗਈ। ਜਿੰਨੀ ਦਲੇਰੀ ਨਾਲ ਦੁਰਾਨੀਆਂ ਵਿਰੁੱਧ ਅੜ੍ਹੇ ਉੱਨੀ ਹੀ ਸ਼ਕਤੀ ਨਾਲ ਆਪਸ ਵਿਚ ਭਿੜੇ। ਜਿਸ ਗੁਰਮਤਾ ਪ੍ਰਣਾਲੀ ਨੇ ਬਿਖੜੇ ਸਮੇਂ ਕੌਮ ਦੀ ਅਗਵਾਈ ਕੀਤੀ ਉਸੇ ਦਾ ਹੀ ਅੰਤ ਕਰ ਦਿੱਤਾ। ਖ਼ਾਲਸਈ ਲੋਕਤੰਤਰ ਤੇ ਲੋਕ-ਰਾਜ ਦੇ ਸਿਧਾਂਤ ਨੂੰ ਪਛਾੜ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਵੀ ਤਾਂ ਰਾਜ ਡਿੱਗਣ ਦੇ ਬੀਜ ਹੱਥੀਂ ਬੀਜੇ ਸਨ ਜਦੋਂ ਸਦੀਆਂ ਪੁਰਾਣੀ ਸ਼ਹਿਨਸ਼ਾਹੀਅਤ ਪ੍ਰਣਾਲੀ ਨੂੰ ਅਪਣਾ ਲਿਆ ਸੀ। ਜੇ ਇਕ ਜਥੇਬੰਦੀ ਤੇ ਗੁਰਮਤਾ ਕਾਇਮ ਰਹਿੰਦੇ ਤਾਂ ਸਿੱਖ ਭਾਰਤ ਵਿਚ ਇਕ ਤਾਕਤ ਬਣ ਕੇ ਵਿਸ਼ਾਲ ਰਾਜ ਦੀ ਨੀਂਹ ਰੱਖਣ ਵਿਚ ਸਫਲ ਹੁੰਦੇ।

ਉਪ੍ਰੋਕਤ ਤਸਵੀਰ ਤਾਂ ਹਮੇਸ਼ਾਂ ਸਾਹਮਣੇ ਰਹਿੰਦੀ ਹੈ। ਪਰ ਜਦੋਂ ਸਿੱਖ ਸੰਸਥਾਵਾਂ ਦੇ ਪ੍ਰਬੰਧ ਵਾਸਤੇ ਕੋਈ ਚੋਣਾਂ ਹੁੰਦੀਆਂ ਹਨ ਤਾਂ ਇਸ ਨੂੰ ਵੇਖਦਿਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਹੁਣ ਚੀਫ਼ ਖਾਲਸਾ ਦੀਵਾਨ ਦੀ ਜ਼ਿਮਨੀ ਚੋਣ 25 ਮਾਰਚ 2018 ਸਾਹਮਣੇ ਹੈ। ਸਵਾਲ ਉੱਠਦਾ ਹੈ ਕਿ ਕੀ ਇਹ ਸੰਸਥਾ (ਦੀਵਾਨ) ਅੱਜ ਆਪਣੇ ਨਾਮ ਦੀ ਵਿਸ਼ਾਲਤਾ ਦੀ ਵਿਆਖਿਆ ਜਾਣਦੀ ਹੈ? ਇਹ ਸੰਗਠਨ ਹੀ ਰਹਿਣਾ ਚਾਹੁੰਦੀ ਹੈ ਜਾਂ ਖ਼ਾਲਸਾ ਸ਼ਕਤੀ (Force) ਬਣਨਾ ਚਾਹੁੰਦੀ ਹੈ? ਨਾਮ ਤੋਂ ਤਾਂ ਦਾਅਵਾ ਸਾਹਮਣੇ ਆਉਂਦਾ ਹੈ ਕਿ ਇਹ ਸ਼ਿਰੋਮਣੀ ਖ਼ਾਲਸਾ ਹੈ ਜਾਂ ਖ਼ਾਲਸਈ ਜੁਗਤਿ, ਵੀਚਾਰ ਤੇ ਵਿਵਹਾਰ ਵਾਲੀ ਜਥੇਬੰਦੀ ਹੈ। ਉਸਾਰੂ ਸੰਕਲਪ ਲਈ ਮੁਬਾਰਕ ਦੇਣੀ ਬਣਦੀ ਹੈ। ਫਿਰ ਕੀ ਸ਼ਰੋਮਣੀ ਸੰਸਥਾਵਾਂ ਦੇ ਅੰਦਰ ਪੱਛਮੀ ਚੋਣ ਪ੍ਰਣਾਲੀ ਤੇ ਧੜੇਬਾਜ਼ੀ ਦਾਅਵੇ ਨੂੰ ਛੁਟਿਆਉਂਦੀ ਤਾਂ ਨਹੀਂ? ਦਾਅਵੇ ਤੇ ਵਾਅਦੇ ਕੀ ਅਰਥ ਰੱਖਦੇ ਹਨ ਜਦੋਂ ਉੱਥੇ ਖ਼ਾਲਸਈ ਸੰਕਲਪ ਦਾ ਵਜੂਦ ਹੀ ਨਾ ਰਹੇ। ਸਿੰਘ ਸਭਾ ਲਹਿਰ ਤੋਂ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਤੱਕ ਦੇ ਕਈ ਬਿਖੜੇ ਪੈਂਡੇ ਮਿਲਦੇ ਹਨ।

ਸਿੰਘ ਸਭਾ ਲਹਿਰ ਵੀ ਦੋ ਹਿੱਸਿਆਂ ਵਿਚ ਵੰਡੀ ਗਈ ਸੀ। ਸਿੰਘ ਸਭਾ ਅੰਮ੍ਰਿਤਸਰ ਅਤੇ ਲਾਹੌਰ ਦੀ ਏਕਤਾ ਹਿਤ ਸੰਨ 1880 ਵਿਚ ਵੱਡੀ ਜਨਰਲ (ਵੱਡੀ) ਸਿੰਘ ਸਭਾ ਹੋਂਦ ਵਿਚ ਆਈ। ਜਨਵਰੀ ਫਰਵਰੀ ਸੰਨ 1883 ਵਿਚ ਕਾਫੀ ਯਤਨਾਂ ਸਦਕਾ ਇਹ ਵੱਡੀ ਸਭਾ ਪੈਰਾਂ’ ਤੇ ਖਲੋਣ ਯੋਗ ਹੋਈ। ਇਸ ਸਭਾ ਦਾ ਨਾਉਂ ਖ਼ਾਲਸਾ ਦੀਵਾਨ (ਅੰਮ੍ਰਿਤਸਰ) ਰੱਖਿਆ ਗਿਆ। ਇਹ ਪਹਿਲਾ ਦੀਵਾਨ ਸੀ। ਪਰ ਸਿੱਖ ਪਰੰਪਰਾਵਾਂ ਦੇ ਉਲਟ ਕਾਰਵਾਈਆਂ ਹੀ ਫਿਰ ਫੁਟ ਦਾ ਕਾਰਣ ਬਣ ਗਈਆਂ। ਅਪ੍ਰੈਲ ਸੰਨ 1883 ਦਾ ਇਕੱਠ ਕਲਾ-ਕਲੇਸ਼ ਦੀ ਲਪੇਟ ਵਿਚ ਆਇਆ। ਬਾਬਾ ਖੇਮ ਸਿੰਘ ਬੇਦੀ ਨੇ ਅੰਮ੍ਰਿਤਸਰੀ ਧੜੇ ਦੀ ਹਮਾਇਤ ਨਾਲ ਗੱਦੀ ਲਗਾਈ। ਬੇਦੀ ਦੀ ਵਧੀਕੀ ਨੂੰ ਪਾਸੇ ਰੱਖਦਿਆਂ ਭਾਈ ਗੁਰਮੁਖ ਸਿੰਘ ਨੇ ਖ਼ਾਲਸਾ ਦੀਵਾਨ ਦੇ ਨਿਯਮਾਂ ਦਾ ਖਰੜਾ ਪੇਸ਼ ਕੀਤਾ, ਜੋ ਕਿ ਰੱਦ ਕਰ ਦਿੱਤਾ ਗਿਆ। ਅੰਮ੍ਰਿਤਸਰੀ ਧੜੇ ਨੇ ਖ਼ਾਲਸਾ ਦੀਵਾਨ ਦੀ ਨਿਯਮਾਵਲੀ ਵੱਖਰੀ ਬਣਾ ਲਈ। ਇਹ ਨਿਯਮ ਵੀ ਬਣਾ ਲਏ ਗਏ ਕਿ ਦੀਵਾਨ ਦਾ ਜੋ ਸਾਮਾਨ ਖੰਡ (ਗਰੀਬ) ਹੋਵੇਗਾ ਉਸ ਦੀ ਕਿਸੇ ਵੀ ਕਾਰਵਾਈ ਨੂੰ ਸ਼੍ਰੇਸ਼ਟ ਖੰਡ (ਅਮੀਰ) ਰੱਦ ਕਰ ਸਕਦਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੇ ਹਜ਼ੂਰ ਗਦੇਲਾ ਲਾ ਕੇ ਬੈਠਣ ਦੀ ਵੀ ਪ੍ਰੋੜ੍ਹਤਾ ਪਾ ਦਿੱਤੀ ਗਈ। ਫੁੱਟ ਹੋਰ ਵਧ ਗਈ। ਖ਼ਾਲਸਾ ਦੀਵਾਨ ਅੰਮ੍ਰਿਤਸਰ ਵਿਚ ਲਾਹੌਰੀ ਧੜੇ ਸਮੇਤ ਤਿੰਨ ਤਰ੍ਹਾਂ ਦੇ ਮੈਂਬਰ ਸਨ: (1) ਗਰਮ ਖ਼ਿਆਲੀਏ ਸਰਦਾਰ ਠਾਕੁਰ ਸਿੰਘ ਸੰਧਾਵਾਲੀਏ ਹੋਰੀਂ। (2) ਨਰਮ ਖ਼ਿਆਲੀਏ ਕੰਵਰ ਬਿਕ੍ਰਮ ਸਿੰਘ ਭਾਈ ਗੁਰਮੁਖ ਸਿੰਘ ਹੋਰੀਂ ਜੋ ਸਰਕਾਰ ਨਾਲ ਮਿਲਵਰਤਣ ਰੱਖਣ ਦੇ ਹਮਾਇਤੀ ਸਨ। (੩) ਬੇਦੀ, ਸੋਢੀ, ਬਾਵੇ, ਜਿਨ੍ਹਾਂ ਵਿਚੋਂ ਬਾਬਾ ਖੇਮ ਸਿੰਘ ਬੇਦੀ ਪ੍ਰਧਾਨ ਸਨ। ਇਹ ਦੋਨੋਂ ਪਾਸੇ ਪੈਰ ਰੱਖਦੇ ਸਨ। ਇਹ ਆਪਣੀਆਂ ਗੱਦੀਆਂ ਕਾਇਮ ਰੱਖਣ ਲਈ ਦ੍ਰਿੜ ਸਨ। ਸਰਦਾਰ ਸੰਧਾਵਾਲੀਏ ਦੇ ਇੰਗਲੈਂਡ ਜਾਣ ਕਾਰਣ ਗਰਮ ਧੜੇ ਦੀ ਵਾਗਡੋਰ ਬਾਬਾ ਬੇਦੀ ਦੀ ਧਿਰ ਦੇ ਹੱਥ ਆ ਗਈ। ਮਾਰਚ 1884 ਵਿਚ ਲਾਰੰਸ ਹਾਲ (ਲਾਹੌਰ) ਦੇ ਜਲਸੇ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਕਰਦਿਆਂ ਬੇਦੀ ਨੇ ਕਹਿ ਦਿੱਤਾ ਕਿ ਮੈਂ ਸਿੱਖਾਂ ਦਾ ਗੁਰੂ ਹਾਂ ਤੇ ਸਿੱਖਾਂ ਵਲੋਂ ਵਕੀਲ ਬਣ ਕੇ ਆਇਆ ਹਾਂ। ਸਿੰਘ ਸਭਾ ਲਾਹੌਰ ਦੇ ਮੈਂਬਰਾਂ ਨੇ ਐਲਾਨ ਕੀਤਾ ਕਿ ਸਿੱਖਾਂ ਦੇ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੀ ਹਨ। ਖ਼ਾਨਾਜੰਗੀ ਵਧ ਗਈ ਪਰ ਬਾਬਾ ਬੇਦੀ ਪਿੱਛੇ ਨਾ ਹਟਿਆ। ਅਕਤੂਬਰ ਸੰਨ 1885 ਨੂੰ ਖ਼ਾਲਸਾ ਦੀਵਾਨ (ਅੰਮ੍ਰਿਤਸਰ) ਦਾ ਵਿਸ਼ੇਸ਼ ਇਕੱਠ ਹੋਇਆ ਤੇ ਇਸ ਨੇ ਹੋਰ ਨਵਾਂ ਰੁਖ਼ ਲੈ ਲਿਆ। ਇਕ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹਜ਼ੂਰ ਗਦੇਲਾ ਲਾ ਕੇ ਬੈਠਣ ਸਬੰਧੀ ਅਤੇ ਦੂਸਰਾ ਬਾਬਾ ਨਿਹਾਲ ਸਿੰਘ ਕਲਸੀਆਂ (ਛਛਰੌਲੀ) ਵਲੋਂ ਲਿਖੀ ਉਰਦੂ ਪੁਸਤਕ ‘ਖੁਰਸ਼ੀਦ ਖ਼ਾਲਸਾ’ ਸਬੰਧੀ ਵਿਚਾਰ ਛਿੜੀ। ਬਾਬਾ ਬੇਦੀ ਨੇ ਇਸ ਪੁਸਤਕ ਦੀ ਹਮਾਇਤ ਕੀਤੀ ਕਿ ਨਾਮਧਾਰੀ ਆਗੂ ਬਾਬਾ ਰਾਮ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੱਦੀ-ਨਸ਼ੀਨ ਕੀਤਾ ਸੀ। ਸਿੱਖ ਪਰੰਪਰਾਵਾਂ ਦੇ ਘਾਣ ਨੂੰ ਸਹਿਣ ਕਰਨਾ ਅਣਉਚਿੱਤ ਸੀ। ਸਦਾ ਲਈ ਤੋੜ ਵਿਛੋੜਾ ਹੋ ਗਿਆ। ਖ਼ਾਲਸਾ ਦੀਵਾਨ ਲਾਹੌਰ ਹੋਂਦ ਵਿਚ ਆਇਆ। ਤੱਤ ਗੁਰਮਤਿ ਦਾ ਪ੍ਰਚਾਰ ਆਰੰਭ ਹੋਇਆ। ਆਨੰਦ ਵਿਆਹ ਦੀ ਮਰਯਾਦਾ ਪ੍ਰਚਲਿਤ ਕਰਨ’ਤੇ ਜ਼ੋਰ ਦਿੱਤਾ ਗਿਆ ਅਤੇ ਸਿੱਖ ਬੀਬੀਆਂ ਨੂੰ ਖੰਡੇ ਦੀ ਪਾਹੁਲ ਛਕਾਈ ਜਾਣ ਲੱਗੀ। ਹਰੇਕ ਸਿੱਖ ਨੂੰ ਜੋ ਕਿਸੇ ਵੀ ਦੀਵਾਨ ਜਾਂ ਸਿੰਘ ਸਭਾ ਦੀ ਹੋਰ ਕਿਸੇ ਵੀ ਜਥੇਬੰਦੀ ਦਾ ਮੈਂਬਰ ਹੋਵੇ ਇਕ ਸਮਾਨ ਅਧਿਕਾਰ ਦਿੱਤਾ ਗਿਆ। ਗਰੀਬ-ਅਮੀਰ ਦਾ ਭਿੰਨ ਭੇਦ ਨਾ ਰੱਖਿਆ ਗਿਆ। ਇਸ ਦੀਵਾਨ ਦੇ ਉਦਮ ਸਦਕਾ ਸੰਨ 1892 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਹੋਈ ਤੇ ਸੰਨ 1899 ਵਿਚ ਡਿਗਰੀ ਕਾਲਜ ਬਣ ਗਿਆ।

ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਦੇ ਮੁੱਖ ਕਾਰਨ ਕਈ ਸਨ। ‘ਲਾਹੌਰ ਖਾਲਸਾ ਦੀਵਾਨ’ ਦੁਆਰਾ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਨੇ ‘ਅੰਮ੍ਰਿਤਸਰ ਖ਼ਾਲਸਾ ਦੀਵਾਨ’ ਨੂੰ ਭਾਈ ਗੁਰਮੁਖ ਸਿੰਘ ਦੇ ਜਾਨੀ ਦੁਸ਼ਮਣ ਬਣਾ ਦਿੱਤਾ। ਭਾਈ ਗੁਰਮੁਖ ਸਿੰਘ ਨੂੰ ਬਦਨਾਮ ਕਰਨ ਲਈ ਉਹਨਾਂ ਵਿਰੁੱਧ ਸ੍ਰੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾਇਆ ਗਿਆ। ਦੂਜਾ ਮੁੱਖ ਕਾਰਨ ‘ਲਾਹੌਰ ਖ਼ਾਲਸਾ ਦੀਵਾਨ’ ਦੇ ਆਪਸੀ ਵਿਤਕਰੇ ਸਨ। ਤੀਸਰਾ ਲਾਹੌਰ ਖ਼ਾਲਸਾ ਦੀਵਾਨ ਦੀ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਉੱਤੇ ਪਕੜ ਸੀ। ਸੰਨ 1898 ਵਿਚ ਭਾਈ ਗੁਰਮੁਖ ਸਿੰਘ ਅਕਾਲ ਚਲਾਣਾ ਕਰ ਗਏ। ਬੱਸ ਨਾਲ ਹੀ ਲਾਹੌਰ ਖ਼ਾਲਸਾ ਦੀਵਾਨ ਦੇ ਕਾਰਜਾਂ ਦਾ ਵੀ ਅੰਤ ਹੋ ਗਿਆ। ‘ਅੰਮ੍ਰਿਤਸਰ ਖ਼ਾਲਸਾ ਦੀਵਾਨ’ ਦਾ ਤਾਂ ਪਹਿਲਾਂ ਹੀ ਪਤਨ ਹੋ ਰਿਹਾ ਸੀ। ਇਸ ਲਈ ਦੋਨੋ ਦੀਵਾਨਾਂ ਦੀ ਥਾਂ ਇਕ ਨਵੀਂ ਸੰਸਥਾ ਚੀਫ਼ ਖ਼ਾਲਸਾ ਦੀਵਾਨ ਨੇ ਲੈ ਲਈ। ਜਿਸ ਦਾ ਮੁਖ ਮੰਤਵ ਵੱਖ ਵੱਖ ਸਭਾਵਾਂ ਨੂੰ ਅਨੁਸ਼ਾਸ਼ਿਤ ਕਰ ਕੇ ਉਹਨਾਂ ਦੀ ਤਾਕਤ ਨੂੰ ਇਕੱਠਾ ਕਰਨਾ ਸੀ। 11 ਨਵੰਬਰ 1901 ਨੂੰ ਸਿੱਖਾਂ ਦੀ ਇਕ ਮੀਟਿੰਗ ਬੁਲਾਈ ਗਈ ਜਿਸ ਵਿਚ ਸਰਬ ਸਾਂਝੀ ਸੰਸਥਾ ਦੀ ਲੋੜ ਦਾ ਮਤਾ ਪਾਸ ਕੀਤਾ ਗਿਆ। 30 ਅਕਤੂਬਰ 1902 ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਲੋਕਤੰਤਰੀ ਢੰਗ ਨਾਲ ਹੋਈ। ਤਖਤਾਂ ਦੇ ਜਥੇਦਾਰ, ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਮੁਖੀ ਗ੍ਰੰਥੀ, ਬੁਧੀਜੀਵੀ, ਨਾਮਵਰ ਸਿੱਖ ਅਤੇ ਸਿੰਘ ਸਭਾਵਾਂ ਦੇ ਪ੍ਰਤੀਨਿਧ ਸ਼ਾਮਲ ਕੀਤੇ ਗਏ। ਜਿਸ ਦਾ ਸਿਹਰਾ ਸ: ਸੁੰਦਰ ਸਿੰਘ ਮਜੀਠਾ ਦੇ ਸਿਰ ਬੱਝਦਾ ਹੈ। ਇਸ ਦੇ ਮੁੱਖ ਉਦੇਸ਼ ਖ਼ਾਲਸਾ ਕਾਲਜ ਦੀ ਮਜ਼ਬੂਤੀ, ਵਿਦਿਅਕ ਲਹਿਰ, ਪੰਜਾਬੀ ਸਾਹਿਤ ਦਾ ਵਿਕਾਸ, ਸਿੱਖ ਕੌਮ ਦੀ ਰੂਹਾਨੀਅਤ ਤੇ ਸਰਬਪੱਖੀ ਤਰੱਕੀ, ਸ਼ਬਦ-ਗੁਰੂ ਦਾ ਪ੍ਰਚਾਰ ਪ੍ਰਸਾਰ ਅਤੇ ਸਿੱਖਾਂ ਦੇ ਰਾਜਸੀ ਹੱਕਾਂ ਦੀ ਰਾਖੀ ਕਰਨਾ ਸੀ। ਸੰਨ 1907 ਵਿਚ ਦੀਵਾਨ ਅਧੀਨ ਇਕ ਸਿੱਖ ਵਿਦਿਅਕ ਕਮੇਟੀ ਬਣਾਈ ਗਈ। ਜਿਸ ਦੀ ਬਦੌਲਤ ਖ਼ਾਲਸਾ ਸਕੂਲਾਂ ਤੇ ਕਾਲਜਾਂ ਦੀ ਸਥਾਪਨਾ ਅਤੇ ਵਿਦਿਅਕ ਕਾਨਫਰੰਸਾਂ ਦੀਆਂ ਪੈੜਾਂ ਪਾਈਆਂ।

ਅੱਜ ਕਲ੍ਹ ਚੀਫ਼ ਖ਼ਾਲਸਾ ਦੀਵਾਨ ਦੀਆਂ ਖ਼ਬਰਾਂ ਚੱਲ ਰਹੀਆਂ ਹਨ ਕਿ ਤਿਕੋਣੇ ਮੁਕਾਬਲੇ ਹੋ ਰਹੇ ਹਨ। ਬਹੁਤੇ ਕੋਣਿਆਂ ਪਿੱਛੇ ਸਿੱਖ ਰਾਜਨੀਤਿਕ ਦਲ / ਗੈਰ-ਸਿੱਖ ਰਾਜਨੀਤਕ ਦਲ ਅਤੇ ਇਹਨਾਂ ਦਲਾਂ ਦੇ ਵਫ਼ਾਦਾਰ ਧਾਰਮਿਕ ਦਲ ਚਟਾਨ ਵਾਂਗ ਖੜ ਰਹੇ ਹਨ। ਖ਼ਾਲਸਈ ਸਿਧਾਂਤ ਦਰੜ ਦੇਣ ਦੀਆਂ ਮਸ਼ਕਾਂ ਜੋਬਨ’ਤੇ ਹਨ। ਇਹ ਕੈਸੀ ਚੋਣ ਪ੍ਰਣਾਲੀ ਹੈ।
ਭਾਰਤ ਨੂੰ ਧਰਮ ਦੇ ਸਿਧਾਂਤਾ ਦਾ ਜਨਮ ਦਾਤਾ ਮੰਨਿਆ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਏਥੇ ਧਰਮ ਸਿਧਾਂਤਾਂ ਅਨੁਸਾਰ ਹੀ ਸਿਆਸੀ ਰਾਜ-ਭਾਗਾਂ ਲਈ ਚੋਣ ਪ੍ਰਕਿਰਿਆ ਦੀ ਰਵਾਇਤ ਹੁੰਦੀ ਅਤੇ ਪੱਛਮ ਇਸ ਤੋਂ ਸੇਧ ਲੈਂਦਾ। ਪਰ ਏਥੇ ਤਾਂ ਸੱਚਾ ਅਮਰ ਸੱਚੀ ਪਾਤਸ਼ਾਹੀ ਦੇ ਵਾਰਸ ਅਖਵਾਉਂਦੇ ਲੋਕਾਂ ਨੇ ਵੀ ਸੇਵਾ-ਸਿਮਰਨ ਖੇਤਰ ਨਾਲ ਸਬੰਧਤ ਸੰਸਥਾਵਾਂ ਦੇ ਪ੍ਰਬੰਧਾਂ ਲਈ ਚੋਣ ਦੰਗਲਾਂ ਨੂੰ ਅਪਣਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਲਾਹੀ ਸੰਵਿਧਾਨ ਕੱਜ ਕੇ ਰੱਖ ਦਿੱਤਾ ਹੈ। ਕਰਮ-ਕਾਂਡੀ ਪੂਜਾ ਦੇ ਪ੍ਰਯੋਗ-ਹਿਤ ਰਾਖਵਾਂ ਰੱਖ ਲਿਆ ਹੈ। ਇਸ ਇਲਾਹੀ ਸੰਵਿਧਾਨ ਅਨੁਸਾਰ ਸੰਵਾਦ ਰਚਾਇਆ ਜਾਂਦਾ ਰਿਹਾ ਹੈ। ਸੰਗਤੀ ਮਾਡਲ ਨਾਲ ਹੱਲ ਤਲਾਸ਼ੇ ਜਾਂਦੇ ਰਹੇ ਹਨ। ਗੁਰਮਤਿ ਸਿਧਾਂਤ ਸਰਬਸੰਮਤੀ ਦੀ ਹੀ ਆਗਿਆ ਦਿੰਦੇ ਹਨ। ਬਹੁ-ਸੰਮਤੀ ਦੀ ਮਨਾਹੀ ਹੈ। ਭਾਈ ਵੀਰ ਸਿੰਘ ਨੇ ਪੱਛਮੀ ਲੋਕਤੰਤਰ ਪ੍ਰਣਾਲੀ ਨੂੰ ਨਾਮ ਧਰੀਕ ਜਮਹੂਰੀਅਤ ਗਰਦਾਨਿਆ ਹੈ। ਕਹਿਣਾ ਹੈ ਕਿ ਬਹੁਮਤ ਦੀ ਬੁਕਲ ਵਿਚ ਵੱਡੀ ਪਾਰਟੀ ਜਾ ਦਲ ਦੀ ਤਾਨਾਸ਼ਾਹੀ ਕੰਮ ਕਰਦੀ ਹੈ। ਸਾਂਭਣਯੋਗ ਵਿਚਾਰ ਹੈ : ”ਮਾਦਾ ਪ੍ਰਸਤ ਪੱਛਮ ਦੇ ਤਰੀਕਿਆਂ ਦੀ ਜਥੇਬੰਦੀ (ਲੋਕਤੰਤਰ) ਪੱਖਵਾਦੀ, ਧੜੇਬੰਦੀ ਦੇ ਤਰੀਕੇ ਉਪਰ ਤੁਰਦੀ ਹੈ ਅਤੇ ਕਈ ਵਾਰੀ ਉਹ ਸੱਚ ਅਤੇ ਭਲਿਆਈ ਤੋਂ ਪਰ੍ਹੇ ਹੋ ਕੇ ਨੀਵੇਂ ਵਰਤਾਵਾਂ ਨੂੰ ਵੀ ਲੈ ਤੁਰਦੀ ਹੈ। ਇਸ ਵਿਚ ਆਮ ਲੋਕਾਂ ਦੀ ਹਉਮੈ ਨੂੰ ਪੱਠੇ ਪਾ ਕੇ ਉਨਾ੍ਹਂ ਦੇ ਛੇਤੀ ਉਭਾਰ ਖਾਣ ਵਾਲੇ ਜਜ਼ਬਿਆਂ ਨੂੰ ਆਪਣੇ ਮਤਲਬ ਦੀ ਸੇਧ ਵਿਚ ਪ੍ਰਜਵਲਿਤ ਕਰ ਕੇ ਆਪਣਾ ਸਵਾਰਥ, ਗਰਜ਼, ਆਪਣਾ ਖ਼ਿਆਲ ਸਿਰੇ ਚਾੜ੍ਹਨ ਦਾ ਯਤਨ ਹੁੰਦਾ ਹੈ। ਇਸ ਵਿਚ ਸੱਚ-ਝੂਠ ਤੇ ਦਿਆਨਤਦਾਰੀ ਦੀ ਪਰਵਾਹ ਵੀ ਨਹੀਂ ਹੁੰਦੀ। ਇਸ ਦੇ ਉਲਟ ਗੁਰਮਤਾ ਉੱਚੇ ਮਨਾਂ, ਸੁੱਚੇ ਮਨਾਂ, ਗਰਜ਼ਾਂ ਤੋਂ ਧੋਤੇ ਮਨਾਂ ਦਾ ਸਾਂਝੇ ਪੰਥਕ ਹਾਨ-ਲਾਭ ਅਤੇ ਆਪੇ ਨੂੰ ‘ਮੈਂ ਮੇਰੀ’ ਤੋਂ ਦੂਰ ਰੱਖ ਕੇ ਨਿਰੋਲ ਪੰਥਕ ਭਲੇ ਦੇ ਵਿਚਾਰ ਤੇ ਆਸ਼ਰਮ ਅਤੇ ਮਰਿਯਾਦਾ ਦਾ ਨਾਮ ਹੈ”। ਸੱਚ ਮੁੱਚ ਸਿੱਖ ਪਰੰਪਰਾਵਾਂ ਨੇ ਹੀ ਤਾਂ ਨਿਰਮਲ ਪੰਥ ਦੀਆਂ ਸਿਖਿਆਵਾਂ ਨੂੰ ਅਮਲੀ ਰੂਪ ਵਿਚ ਪੇਸ਼ ਕਰਨਾ ਹੈ। ਜੋ ਪਰੰਪਰਾਵਾਂ ਗੁਰਮਤਿ ਗਾਡੀ-ਰਾਹ ਵਿਚ ਰੋੜਾ ਹਨ ਉਹਨਾਂ ਦਾ ਤੁਰੰਤ ਤਿਆਗ ਕਰ ਦੇਣ ਵਿਚ ਹੀ ਭਲ਼ਾ ਹੈ। ਕਿਉਂਕਿ ਲੋਭ-ਮੋਹ ਗ੍ਰਸਤ ਸਿਆਸਤ ਦੀ ਸੂਈ ਬਹੁਗਿਣਤੀ ਉੱਪਰ ਹੀ ਹੁੰਦੀ ਹੈ। ਏਥੇ ਪਰਿਵਾਰਿਕ ਜਕੜ ਨੂੰ ਹੀ ਸੇਵਾ-ਸੰਕਲਪ ਨਾਲ ਨੂੜਿਆ ਜਾ ਰਿਹਾ ਹੈ। ਅਕ੍ਰਿਤਘਣਤਾ ਅਤੇ ਆਚਰਣਿਕ ਗਿਰਾਵਟ ਦੀ ਹਰ ਹੱਦ ਨੂੰ ਛੋਹਣ ਧਰਮ ਮੰਨ ਲਿਆ ਜਾਂਦਾ ਹੈ। ਸ਼ਰਮ ਧਰਮ ਛੁਪ ਜਾਂਦੇ ਹਨ ਅਤੇ ਕੂੜ ਪ੍ਰਧਾਨ ਬਣ ਫਿਰਦਾ ਹੈ। ਵੋਟ ਬੈਂਕ ਜੁਟਾਉਣ ਲਈ ਹਰ ਅਨੈਤਿਕ ਵਰਤਾਰਾ ਹੀ ਗਣਤੰਤਰ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਸਬੂਤ ਸਾਹਮਣੇ ਹਨ ਕਿ ਭਾਰਤੀ ਸਿਆਸਤ ਅੰਦਰ ਵੱਡੇ ਵੱਡੇ ਅਪਰਾਧੀਆਂ ਦਾ ਬੋਲ-ਬਾਲਾ ਹੈ।

ਚੀਫ਼ ਖ਼ਾਲਸਾ ਦੀਵਾਨ ਆਪਣੇ ਚੀਫ਼ (ਸ਼ਰੋਮਣੀ) ਹੋਣ ਦਾ ਅਤੇ ਖ਼ਾਲਸਈ ਜੁਗਤਿ ਦਾ ਵਾਰਸ ਅਖਵਾਉਣ ਦਾ ਸਵੈ-ਮੰਥਨ ਕਰੇ। ਆਪਣੇ ਸ਼ਰੋਮਣੀ ਸਰੋਕਾਰਾਂ ਤੇ ਸਿਲਸਲੇ ਦੇ ਮਿਆਰ ਦੀ ਗੁਰਮਤਿ ਦੀ ਕਸਵੱਟੀ ‘ਤੇ ਪਰਖ਼ ਕਰਾਵੇ। ਕੱਲ੍ਹ ਜਾਂ ਅੱਜ ਨਹੀਂ ਬਲਕਿ ਹੁਣੇ ਗੁਰੂ-ਜੋਤਿ ਤੇ ਗੁਰੂ-ਖ਼ਾਲਸਾ ਤੋਂ ਆਪਣਾ ਲਾਇਸੈਂਸ ਰਿਨਿਊ ਕਰਵਾਵੇ। ਗੁਰੂ-ਜੋਤਿ ਤੇ ਜੁਗਤਿ ਅੱਗੇ ਸਿਰ ਝੁਕਾਉਂਦਿਆਂ ਤੁਰੰਤ ਸਵੈ-ਜ਼ਾਬਤਾ ਲਾਗੂ ਕੀਤਾ ਜਾਵੇ। ਉਦਾਹਰਣ ਲਈ :

ਨਿਯਮ ਹੋਵੇ ਕਿ ਧਰਮ / ਸਿੱਖ ਸਿਧਾਂਤਾਂ ਅਨੁਕੂਲ ਕਿਰਤੀ ਤੇ ਕਾਰੋਬਾਰੀ ਹੀ ਇਸ ਦੀਵਾਨ ਦਾ ਮੈਂਬਰ ਹੋ ਸਕੇ।
ਦੀਵਾਨ ਦੇ ਬਣੇ ਉੱਚੇ-ਸੁੱਚੇ ਨਿਯਮਾਂ ਦੀ ਨਜ਼ਰ ਵਿਚ ਅਯੋਗ ਮੈਂਬਰ ਤੁਰੰਤ ਅਸਤੀਫ਼ਾ ਦੇ ਕੇ ਸੁਰਖਰੂ ਹੋਣ। ਪ੍ਰੇਮ ਖੇਲਣ ਦੇ ਚਾਉ ਨਾਲ ਨਿਯਮਾਂ ‘ਤੇ ਪੂਰੇ ਉਤਰ ਕੇ ਸੇਵਾ ਲਈ ਝੋਲੀ ਅੱਡਣ।
ਧੜੇਬੰਦੀ ਤੇ ਖ਼ਾਨਾਜੰਗੀ ਨੂੰ ਪਛਾੜਨ ਅਤੇ ਗੁਰੂ-ਖ਼ਾਲਸਾ ਚੋਣ ਪ੍ਰਣਾਲੀ ਨੂੰ ਉਭਾਰਨ ਲਈ ਤੁਰੰਤ ਅਮਲ ਕੀਤਾ ਜਾਵੇ। ਇਸੇ ਉਪ-ਚੋਣ ਨੂੰ ਗੁਰੂ ਗਰੰਥ-ਗੁਰੂ ਪੰਥ ਦੀ ਸਰਪ੍ਰਸਤੀ ਅਧੀਨ ਮੁਕੰਮਲ ਕੀਤਾ ਜਾਵੇ।
ਚੀਫ਼ ਖ਼ਾਲਸਾ ਦੀਵਾਨ ਤਾਂ 500 ਮੈਂਬਰਾਂ ਦੀ ਹੱਦ ਵਿਚ ਅਤੇ ਉਹ ਵੀ ਬਹੁਤੇ ਅਮੀਰ ਤੇ ਜਾਤੀ ਵਰਗ ਵਿਚ ਸੁੰਘੜਿਆ ਹੋਇਆ ਹੈ। ਸਰਬੱਤ ਖ਼ਾਲਸਾ ਜੁੜਦਾ ਸੀ ਤਾਂ ਅਰਦਾਸ ਉਪਰੰਤ ਗੁਰੂ ਗਰੰਥ ਸਾਹਿਬ ਦਾ ਵਾਕ ਲੈ ਕੇ ਵਾਰੀ ਵਾਰੀ ਇਕ ਸਿੱਖ ਦਾ ਨਾਮ ਪੇਸ਼ ਕੀਤਾ ਜਾਂਦਾ ਸੀ। ਜੈਕਾਰਿਆਂ ਨਾਲ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਸੀ। ਪੰਜ ਚੁਣੇ ਜਾਂਦੇ ਤਾਂ ਪੰਜ ਪਿਆਰਿਆਂ ਦਾ ਦਰਜਾ ਹਾਸਲ ਕਰਕੇ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੀ ਤਾਬਿਆ ਬੈਠ ਜਾਂਦੇ। ਇਸ ਕਾਰਵਾਈ ਤੋਂ ਬਾਅਦ ਹੀ ਸਰਬੱਤ ਸੰਗਤ ਵਿਚ ਮਤੇ ਰੱਖੇ ਜਾਂਦੇ ਅਤੇ ਫ਼ੈਸਲੇ ਲਏ ਜਾਂਦੇ। ਇਸ ਪਿੱਛੇ ਰਾਜ ਸੀ ਕਿ ਕੌਮੀ ਸਾਂਝ ਨੂੰ ਬਲ ਮਿਲੇ ਅਤੇ ਗੁਰਮਤਿ ਬੁਧਿ ਅਧੀਨ ਗਾਡੀ-ਰਾਹ ਮਿਲੇ। ਚੀਫ਼ ਖ਼ਾਲਸਾ ਦੀਵਾਨ ਖ਼ਾਲਸਈ ਪਰੰਪਰਾ ਨੂੰ ਸੁਰਜੀਤ ਕਰਨ ਲਈ ਸ਼ਰੋਮਣੀ ਇਤਿਹਾਸ ਸਿਰਜੇ ਅਤੇ ਆਪਣਾ ਘੇਰਾ ਵੀ ਵਿਸ਼ਾਲ ਕਰੇ। ਇਸੇ ਤਰ੍ਹਾਂ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਵੀ ਜਵਾਬਦੇਹ ਹੋਣਾ ਹੋਵੇਗਾ।

ਗੁਰਮਤਿ ਸਿਧਾਂਤਾਂ ਤੇ ਪਰੰਪਰਾਵਾਂ ਦੀ ਪਹਿਰੇਦਾਰੀ ਕਰਨ ਲਈ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿਚ ਆਈ ਸੀ। ਇਸੇ ਕਮੇਟੀ ਨੇ ਹੀ ਮਜ਼ਬੂਤੀ ਤੇ ਨਿਰੰਤਰ ਪਹਿਰੇਦਾਰੀ ਲਈ 23 ਜਨਵਰੀ 1921 ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕਾਇਮ ਕੀਤਾ। ਅੱਜ ਚੋਣ-ਪ੍ਰਣਾਲੀ ਦੀਆਂ ਚੋਰ ਮੋਰੀਆਂ ਦੇ ਕਾਰਣ ਕੌਮ ਕਿੱਥੇ ਖੜੀ ਹੈ ਸਭ ਕੁਝ ਸਾਹਮਣੇ ਹੈ। ਅੱਜ ਸ਼੍ਰੋਮਣੀ ਸੰਸਥਾਵਾਂ ਦਾ ਸਿੱਖ ਹਿੱਤਾਂ ਨਾਲ ਬੱਝੇ ਰਹਿਣਾ ਅਸੰਭਵ ਹੋ ਚੁੱਕਾ ਹੈ। ਸੋਚਣ ਦੀ ਘੜੀ ਹੈ ਕਿ ਧਾਰਮਿਕ ਸਿਧਾਂਤਾਂ ਅਤੇ ਖ਼ਾਲਸਈ ਪਰੰਪਰਾਵਾਂ ਦੀ ਰਖਵਾਲੀ ਵਾਸਤੇ ਕੀ ਕਰਨਾ ਹੈ। ਸਿੱਖੀ-ਸਿਧਾਂਤਾਂ ਦੀ ਪਰਪੱਕਤਾ ਹਿਤ ਖ਼ਾਲਸਈ ਪਰੰਪਰਾਵਾਂ ਨੂੰ ਸ਼ਰੋਮਣੀ ਸਥਾਨ ਦੇ ਕੇ ਹੀ ਕੌਮ ਦੇ ਜਿਊਂਦਿਆਂ ਹੋਣ ਦਾ ਸਬੂਤ ਦਿੱਤਾ ਜਾ ਸਕਦਾ ਹੈ। ਵਰਨਾ ਮਨਮੁਖੀ ਪਰੰਪਰਾਵਾਂ ਕੌਮ ਨੂੰ ਖਾਨਾਜੰਗੀ ਅਤੇ ਤਬਾਹੀ ਵੱਲ ਹੀ ਧੱਕਦੀਆਂ ਜਾਣਗੀਆਂ।

(ਰਸ਼ਪਾਲ ਸਿੰਘ ਹੁਸ਼ਿਆਰਪੁਰ)
ਚੇਅਰਮੈਨ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ।
+91 98554-40151
rashpalsingh714@gmail.coਮ

Install Punjabi Akhbar App

Install
×