
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬ੍ਰਿਸਬੇਨ ਦੇ ਹੋਟਲ ਕੁਆਰਨਟੀਨ ਨਾਲ ਜੁੜੇ ਕਰੋਨਾ ਦੇ ਯੂ.ਕੇ. ਵਾਲੇ ਨਵੇਂ ਸੰਸਕਰਣ ਨਾਲ ਸਥਾਪਿਤ ਮਾਮਲੇ ਦੀ ਲੜੀ ਵਾਲੀ ਰਾਹ ਨੂੰ ਭਾਲਦਿਆਂ ਸਿਹਤ ਅਧਿਕਾਰੀਆਂ ਨੇ ਹੁਣ ਤੱਕ 370 ਨਜ਼ਦੀਕੀ ਸੰਬੰਧਾਂ ਦਾ ਪਤਾ ਲਗਾ ਲਿਆ ਹੈ ਜਿਹੜੇ ਕਿ ਉਕਤ ਵਾਇਰਸ ਦੀ ਚਪੇਟ ਵਿੱਚ ਆਏ ਹੋ ਵੀ ਸਕਦੇ ਹਨ ਅਤੇ ਸਾਰਿਆਂ ਦੀ ਹੀ ਪੜਤਾਲ ਚੱਲ ਰਹੀ ਹੈ। ਵੈਸੇ ਮੁੱਖ ਤੌਰ ਤੇ ਤਿੰਨ ਥਾਵਾਂ ਦੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਕਿ ਕਾਲਮਵੇਲ (ਉਤਰੀ) ਦੇ ਵੂਲਵਰਥਜ਼ (3 ਜਨਵਰੀ ਨੂੰ 11 ਵਜੇ ਸਵੇਰ ਤੋਂ 12 ਵਜੇ ਦੋਪਹਿਰ ਤੱਕ); ਕੋਲਜ਼ ਸਨੀਬੈਂਕ ਦੇ ਸ਼ਾਪਿੰਗਟਾਊਨ ਵਿਖੇ ਜਨਵਰੀ 5 ਨੂੰ -ਸਵੇਰ ਦੇ 7:30 ਤੋਂ ਸਵੇਰ ਦੇ ਹੀ 8:00 ਵਜੇ ਤੱਕ; ਅਤੇ ਜਨਵਰੀ ਦੀ 5 ਤਾਰੀਖ ਨੂੰ ਹੀ ਸਨੀਬੈਂਕ ਹਿਲਜ਼ ਨਿਊਜ਼ਏਜੰਟ ਵਿਖੇ ਸਵੇਰ ਦੇ 8:00 ਵਜੇ ਤੋਂ ਸਵੇਰ ਦੇ ਹੀ 8:15 ਤੱਕ ਦੀਆਂ ਚਿਤਾਵਨੀਆਂ ਜਾਰੀ ਹਨ ਅਤੇ ਇਸ ਸਮੇਂ ਸੂਚੀ ਮੁਤਾਬਿਕ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਡਾ. ਯੰਗ ਨੇ ਉਚੇਚੇ ਤੌਰ ਤੇ ਕਿਹਾ ਕਿ ਅਧਿਕਾਰੀ ਬੇਸ਼ੱਕ ਪੂਰੀ ਮੁਸਤੈਦੀ ਨਾਲ ਇਸ ਭਾਲ ਵਿੱਚ ਲੱਗੇ ਹਨ ਪਰੰਤੂ ਫੇਰ ਵੀ ਲੋਕਾਂ ਨੂੰ ਆਪ ਵੀ ਚਾਹੀਦਾ ਹੈ ਕਿ ਜੇਕਰ ਕੋਈ ਉਕਤ ਸਮਾਂ ਸੂਚੀ ਮੁਤਾਬਿਕ ਅਜਿਹੀਆਂ ਥਾਵਾਂ ਤੇ ਗਿਆ ਹੋਵੇ ਤਾਂ ਤੁਰੰਤ ਇਸ ਦੀ ਸੂਚਨਾ ਸਿਹਤ ਅਧਿਕਾਰੀਆਂ ਨੂੰ ਦੇ ਦੇਵੇ, ਆਪਣਾ ਤੁਰੰਤ ਚੈਕਅਪ ਕਰਵਾਵੇ ਅਤੇ ਆਪਣੀ ਸਿਹਤ ਦਾ ਪੂਰਨ ਧਿਆਨ ਰੱਖੇ। ਉਨ੍ਹਾਂ ਖਾਸ ਕਰਕੇ ਕਾਲਮਵੇਲ (ਉਤਰੀ) ਅਤੇ ਐਲਗੈਸਟਰ ਖੇਤਰ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਤੇ ਦੱਸਿਆ ਕਿ ਬੀਤੇ ਐਤਵਾਰ (ਕੱਲ੍ਹ) ਨੂੰ ਕੁੱਲ 18,904 ਟੈਸਟ ਕੀਤੇ ਗਏ ਹਨ।