ਕਿਸੇ ਚਮਤਕਾਰ ਤੋ ਘੱਟ ਨਹੀ ਛੋਟੇ ਸਾਹਿਬਜਾਦਿਆਂ ਦੇ ਸਿਦਕ ਦੀ ਲਹੂ ਭਿੱਜੀ ਦਾਸਤਾਨ

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਆਮ ਸ਼ਹਾਦਤ ਨਹੀ ਬਲਕਿ ਉਹ ਕੋਈ ਅਕਾਲ ਪੁਰਖ ਦਾ ਅਗੰਮੀ ਵਰਤਾਰਾ ਸੀ,ਜੋ ਇੱਕ ਅਜਿਹਾ ਚਮਤਕਾਰ ਹੋ ਨਿੱਬੜਿਆ, ਜਿਸ ਨੇ ਸਮੁੱਚੀ ਕਾਇਨਾਤ ਗਮਗੀਨ ਅਤੇ ਭੈਅਭੀਤ ਕਰ ਦਿੱਤੀ। ਅਕਾਸ਼ ਰੋਇਆ,ਸੂਰਜ ਬਦਲਾਂ ਚ ਬੜ ਕੇ ਠੰਡਾ ਹੋ ਗਿਆ। ਅਸਮਾਨ ਚ ਉਡਾਰੀਆਂ ਭਰਨ ਵਾਲੇ ਪੰਛੀ ਆਲਣਿਆਂ ਵਿੱਚ ਸਹਿਮਕੇ ਸਿਮਟ ਗਏ।ਜੰਗਲ ਦੇ ਜਾਨਵਰਾਂ ਦੀਆਂ ਅਵਾਜਾਂ ਬੰਦ ਹੋ ਗਈਆਂ।ਜੰਗਲ ਦੇ ਸ਼ੇਰ ਆਪਣੀ ਬੇਬਸੀ ਤੇ ਰੋਏ।ਹਰ ਮਨੁੱਖਾ ਦੇਹੀ ਕੁਰਲਾ ਉੱਠੀ। ਹਰ ਇੱਕ ਕਾਲਜਾ ਬਿੰਨ੍ਹਿਆ ਗਿਆ।ਸੂਬੇ ਦੇ ਸਿਪਾਹੀ ਲਾਚਾਰ, ਅਹਿਲਕਾਰ ਨੀਵੀਆਂ ਪਾ ਕੇ ਚੋਰੀ ਚੋਰੀ ਰੋਏ,ਜਲਾਦਾਂ ਦੇ ਦਿਲ ਪਸੀਜ ਗਏ,ਪ੍ਰੰਤੂ ਕੁੱਝ ਸੁੱਚਾ ਨੰਦ ਦੀਆਂ ਨਸਲਾਂ ਇਸ ਗੈਰ ਮਨੁੱਖੀ ਵਰਤਾਰੇ ਤੇ ਵੀ ਖੁਸ਼ ਹੁੰਦੀਆਂ ਦੇਖੀਆਂ ਤੇ ਸੁਣੀਆਂ ਗਈਆਂ। ਭਾਂਵੇਂ ਸਰਹਿੰਦ ਦਾ ਸੂਬੇਦਾਰ ਬਜੀਦ ਖਾਨ ਹੰਕਾਰ ਵਿੱਚ ਆਇਆ ਪਰਮਾਤਮਾ ਦਾ ਖੌਫ਼ ਭੁੱਲ ਕੇ ਗੁਰੂ ਜੀ ਦੇ ਨਿੱਕੇ ਨਿੱਕੇ ਫੁੱਲਾਂ ਵਰਗੇ ਲਾਲਾਂ ਨੂੰ ਤਸੀਹੇ ਦੇ ਕੇ ਤਿਲ ਤਿਲ ਮਾਰਨ ਵਿੱਚ ਬਹਾਦਰੀ ਮਹਿਸੂਸ ਕਰ ਰਿਹਾ ਸੀ,ਪ੍ਰੰਤੂ  ਉਹਦੇ ਆਪਣੇ ਘਰ ਅੰਦਰ  ਵੀ ਸਾਹਬਜਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਸਭ ਅੱਛਾ ਨਹੀ ਸੀ।

ਸੂਬੇ ਦੀ ਬੇਗਮ ਜੈਨਾ ਕਿਸੇ ਵੀ ਕੀਮਤ ਤੇ ਦੋਨੋ ਸਾਹਿਬਜਾਦਿਆਂ ਨੂੰ ਮਾਰਨ ਦੇ ਹੱਕ ਵਿੱਚ ਨਹੀ ਸੀ।ਉਸ ਦੀਆਂ ਦੋਨੋ ਸਾਹਬਜਾਦਿਆਂ,ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਬਜੀਦ ਖਾਨ ਦੀ ਜਿੱਦ ਅਤੇ ਹੰਕਾਰ ਸਾਹਮਣੇ ਅਸਫਲ ਹੋ ਗਈਆਂ ਸਨ,ਜਿਸ ਕਰਕੇ ਉਸ ਰੱਬੀ ਰੂਹ ਤੋ ਸਾਹਿਬਜਾਦਿਆਂ ਨਾਲ ਵਾਪਰਿਆ ਭਾਣਾ ਬਰਦਾਸ਼ਤ ਨਹੀ ਹੋ ਸਕਿਆ ਤੇ ਉਸ ਨੇ ਵੀ ਆਪਣੇ ਆਪ ਨੂੰ ਖਤਮ ਕਰ ਲਿਆ ਅਤੇ ਅੱਲਾ ਨੂੰ ਪਿਆਰੀ ਹੋ ਗਈ।

ਸਾਹਿਬਜਾਦਿਆਂ ਦੀ ਗਿਰਫਤਾਰੀ ਤੋ ਲੈ ਕੇ ਸ਼ਹਾਦਤਾਂ ਤੱਕ ਦੇ ਇਸ ਦਰਦਨਾਕ ਖੂੰਨੀ ਮੰਜਰ ਨੇ ਭਾਵੇਂ ਪੂਰੀ ਕਾਇਨਾਤ ਨੂੰ ਭੈਅਭੀਤ ਕਰ  ਦਿੱਤਾ,ਪਰ ਇਹਨਾਂ ਸ਼ਹਾਦਤ ਨੇ ਇਸ ਜ਼ੁਲਮੀ ਰਾਜ ਦੇ ਅੰਤ ਦਾ ਵੀ ਮੁੱਢ ਬੰਨ ਦਿੱਤਾ।ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ‘ਤੇ ਜੋ ਜੁਲਮ ਸਰਹੰਦ ਦੇ ਸੂਬੇਦਾਰ ਬਜੀਦ ਖਾਨ ਨੇ ਇਸਲਾਮ ਕਬੂਲ ਕਰਵਾਉਣ ਲਈ ਕੀਤੇ,ਉਹ  ਅੱਜ ਤੱਕ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਨਹੀ ਮਿਲਦੇ।ਸੱਤ ਅਤੇ ਨੌ ਸਾਲ ਦੀ ਬਹੁਤ ਛੋਟੀ ਉਮਰੇ ਐਨਾ ਵੱਡਾ ਸਿਦਕ  ਸਾਇਦ ਰਹਿੰਦੀ ਦੁਨੀਆਂ ਤੱਕ ਦੁਨੀਆਂ ਦੀ ਕਿਸੇ ਹੋਰ ਕੌਂਮ ਦੇ ਹਿੱਸੇ ਆ ਵੀ ਨਹੀ ਸਕਦਾ।ਤਿੰਨ ਦਿਨ ਤੱਕ ਲਗਾਤਾਰ  ਭੁੱਖਣ ਭਾਣੇ ਪੋਹ ਦੀ ਕੜਾਕੇ ਦੀ ਸਰਦੀ ਵਿੱਚ ਠੰਡੇ ਬੁਰਜ ਵਿੱਚ ਕੈਦ ਹੋਣਾ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਅਤੇ ਸਖਤ ਸਜ਼ਾ ਹੈ,ਪਰ ਸੂਬੇਦਾਰ ਨੇ ਇੱਥੇ ਹੀ ਬੱਸ ਨਹੀ ਕੀਤਾ,ਬਲਕਿ ਇੱਥੋ ਤਾਂ ਉਹ ਜੁਲਮੀ ਇਤਿਹਾਸ ਰਚਣ ਦੀ ਸੁਰੂਆਤ ਕਰਦਾ ਹੈ।ਫੁੱਲਾਂ ਤੋ ਵੀ ਸੋਹਲ ਨਿੱਕੇ ਨਿੱਕੇ ਲਾਲਾਂ ਦੇ ਸਰਦੀ ਚ ਆਕੜੇ ਹੱਥਾਂ ਦਿਆਂ ਪੋਟਿਆਂ ਨੂੰ ਅੱਗ ਦੇ ਪਲੀਤੇ ਲਾ ਲਾ ਕੇ ਸਾੜਨ ਨਾਲ ਵੀ ਸੂਬੇਦਾਰ ਬਜੀਦ ਖਾਨ ਨੂੰ ਸਬਰ ਨਹੀ ਆਉਂਦਾ,ਉਹ ਸਾਹਿਬਜਾਦਿਆਂ ਦੇ ਸੋਹਲ ਸਰੀਰ ਨੂੰ ਕੋੜਿਆਂ ਅਤੇ ਛਮਕਾਂ ਦੀ ਮਾਰ ਨਾਲ ਬਿੰਨ ਸੁੱਟਦਾ ਹੈ।

ਕਿਸੇ ਬਹੁਤ ਵੱਡੇ ਹੰਢੇ ਵਰਤੇ ਗੁਨਾਹਗਾਰ ਦੀ ਤਰਾਂ ਸਾਹਿਬਜਾਦਿਆਂ ਤੇ ਨਵੇਂ ਨਵੇਂ ਤੁਜਰਬੇ ਕੀਤੇ ਜਾ ਰਹੇ ਹਨ।ਉਹਨਾਂ ਨੂੰ ਪਿੱਪਲ਼ ਦੇ ਦਰੱਖਤ  ਨਾਲ ਬੰਨ ਕੇ ਗੁਲੇਲੇ ਮਾਰੇ ਜਾ ਰਹੇ ਹਨ। ਗੁਲੇਲੇ ਦਾ ਇੱਕ ਨਿਸਾਨਾ ਛੋਟੇ ਸਾਹਬਜਾਦੇ ਬਾਬਾ ਫਤਿਹ ਸਿੰਘ ਜੀ ਦੀ ਮਲੂਕ ਜਿਹੀ ਅੱਗ ਵਿੱਚ ਜਾ ਵੱਜਦਾ ਹੈ,ਜਿਸ ਨਾਲ ਅੱਖ ਵਿੱਚੋਂ ਖੂੰਨ ਦੀਆਂ ਤਤੀਰੀਆਂ ਬਗਣ ਲੱਗਦੀਆਂ ਹਨ,ਪਰ ਹੱਥ ਬੰਨੇ ਹੋਣ ਕਰਕੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਉਸ ਦਰਦ ਤੋ ਕੁੱਝ ਕੁ ਰਾਹਤ ਪਾਉਣ ਲਈ ਅੱਖ ਤੇ ਹੱਥ ਤੱਕ ਵੀ ਨਹੀ ਲਿਜਾ ਸਕਦੇ।ਇਸ ਤੋ ਉਪਰੰਤ ਵੀ ਜਦੋ ਸੂਬਾ ਵਜੀਦ ਖਾਨ ਗੁਰੂ ਕੇ ਲਾਲਾਂ ਤੋ ਈਨ ਮਨਾਉਣ ਵਿੱਚ ਅਸਫਲ ਰਹਿੰਦਾ ਹੈ,ਤਾਂ ਹੋਰ ਵੀ ਤਲਮਿਲਾ ਉੱਠਦਾ ਹੈ।ਗੁਰੂ ਕੇ ਲਾਲਾਂ ਦਾ ਸਿੱਖੀ ਸਿਦਕ ਸੂਬੇ ਲਈ ਚੈਲਿੰਜ ਬਣ ਗਿਆ ਹੋਇਆ ਹੈ।ਉਹ ਗੁੱਸੇ ਨਾਲ ਸੜਿਆ ਬਲ਼ਿਆ ਕਾਜੀ ਨੂੰ ਸਾਹਿਬਜਾਦਿਆਂ ਲਈ ਭਿਆਨਕ ਤੋ ਭਿਆਨਕ ਮੌਤ ਦਾ ਫਤਬਾ ਜਾਰੀ ਕਰਨ ਦਾ ਹੁਕਮ ਦਿੰਦਾ ਹੈ।

ਇਸ ਤੋ ਉਪਰੰਤ ਕਾਜੀ ਦੋਨੋ ਸਾਹਬਜਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਬਾ ਸੁਣਾ ਦਿੰਦਾ ਹੈ।ਨੀਹਾਂ ਵਿੱਚ ਚਿਣੇ ਜਾਣ ਤੋ ਬਾਅਦ ਵੀ ਸੂਬੇ ਦੇ ਮਨ ਨੂੰ ਤਸੱਲੀ ਨਹੀ ਹੁੰਦੀ,ਤਾਂ ਦੋਨੋ ਸਾਹਿਬਜਾਦਿਆਂ ਦੇ ਸ਼ੀਸ ਧੌਣ ਤੋ ਅਲੱਗ ਕਰ ਦਿੱਤੇ ਜਾਦੇ ਹਨ।ਧਰਮ ਪ੍ਰਤੀ ਸਿਦਕ ਦੀ ਅਜਿਹੀ ਲਹੂ ਰੱਤੀ ਦਰਦਨਾਕ ਦਾਸਤਾਂਨ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਵੀ ਅੰਕਤ ਨਹੀ ਹੈ, ਸਿਵਾਏ ਸਿੱਖ ਇਤਿਹਾਸ ਤੋਂ।ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਲਿਖਦਾ ਹੈ ਕਿ ਸਰਹੰਦ ਦੇ ਤੀਹ ਕਿਲੋਮੀਟਰ ਦੇ ਚਾਰ ਚੁਫੇਰੇ ਰਹਿੰਦੇ ਵਸਨੀਕਾਂ ਤੋ ਸਰਹੰਦ ਦੇ ਇਸ ਜੁਲਮੀ ਵਰਤਾਰੇ ਸਬੰਧੀ ਜਾਣਕਾਰੀ ਇਕੱਤਰ ਕੀਤੀ ਗਈ,ਜਿਹੜੀ ਗੁਰੂ ਕੇ ਲਾਲਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਅਕਾਲ ਪੁਰਖ ਦੇ ਅਲੌਕਿਕ ਵਰਤਾਰੇ ਦੇ ਸੱਚ ਹੋਣ ਦੀ ਗਵਾਹੀ ਭਰਦੀ ਹੈ।ਇਹ ਉਪੱਰ ਵੀ ਲਿਖਿਆ ਜਾ ਚੁੱਕਾ ਹੈ ਕਿ ਇਹ ਵਰਤਾਰਾ ਜੇਕਰ ਚਮਤਕਾਰ ਨਹੀ,ਤਾਂ ਕਿਸੇ ਚਮਤਕਾਰ ਤੋ ਘੱਟ ਵੀ ਨਹੀ ਹੈ।ਉਹਨਾਂ ਦਾ ਕਹਿਣਾ ਸੀ ਕਿ ਤਿੰਨ ਮਨੁੱਖੀ ਦੇਹਾਂ ਜਿੰਨਾਂ ਦੇ ਪੰਖੇਰੂ ਉਡਾਰੀ ਮਾਰ ਚੁੱਕੇ ਸਨ,ਜੰਗਲ ਵਿੱਚ ਸੁੱਟ ਦਿੱਤੀਆਂ ਗਈਆਂ,ਤਾਂ ਕਿ ਜੰਗਲੀ ਜਾਨਵਰ,ਭੇੜੀਏ ਇਹਨਾਂ ਮਨੁੱਖੀ ਦੇਹਾਂ ਤੋ ਆਪਣੀ ਭੁੱਖ ਦੀ ਪੂਰਤੀ ਕਰ ਲੈਣ,ਪਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤਿੰਨ ਦੇਹਾਂ ਦੀ ਰਾਖੀ ਜੰਗਲ ਦਾ ਇੱਕ ਸ਼ੇਰ ਓਨੀ ਦੇਰ ਕਰਦਾ ਰਿਹਾ,ਜਿੰਨੀ ਦੇਰ ਦੀਵਾਨ ਟੋਡਰ ਮੱਲ ਜੀ ਸੰਗਤ ਸਮੇਤ ਸਾਹਿਬਜਾਦਿਆਂ ਅਤੇ ਮਾਤਾ ਜੀ ਦੀਆਂ ਮਿਰਤਕ ਦੇਹਾਂ ਨੂੰ ਉੱਥੋ ਸਤਿਕਾਰ ਨਾਲ ਚੁੱਕ ਕੇ ਸੰਸਕਾਰ ਲਈ ਲੈ ਨਹੀ ਗਏ।

ਇਹ ਸ਼ਹਾਦਤਾਂ ਆਮ ਮਨੁੱਖੀ ਸ਼ਹਾਦਤਾਂ ਨਹੀ, ਬਲਕਿ ਇਹ ਪਰਮਾਤਮਾ ਦੇ  ਭੇਜੇ ਦੂਤ ਦੇ ਲਾਲਾਂ ਦਾ ਅਜਿਹਾ ਚਮਤਕਾਰ ਹੈ,ਜਿਹੜਾ ਜੁਲਮੀ ਰਾਜ ਦਾ ਅੰਤ ਕਰ ਗਿਆ ਅਤੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਐਨੀਆਂ ਮਜਬੂਤ ਕਰ ਗਿਆ ਕਿ ਵਜੀਦ ਖਾਨ ਤੋ ਵੱਡੇ ਜਾਲਮ ਹਾਕਮ ਵੀ ਇਸ ਮਹੱਲ ਦਾ ਵਾਲ ਵੀ ਵਿੰਗਾ ਨਹੀ ਕਰ ਸਕਣਗੇ।ਗੁਰੂ ਕਿਆਂ ਦੇ ਲਹੂ ਮਿੱਝ ਨਾਲ ਉਸਰਿਆ ਸਿੱਖੀ ਦਾ ਮਹੱਲ ਦਿਨੋ ਦਿਨ ਹੋਰ ਮਜਬੂਤ ਅਤੇ ਉੱਚਾ ਹੁੰਦਾ ਜਾਵੇਗਾ।ਸੋ ਧੰਨ ਸੀ ਉਹ ਬਿਰਧ ਦਾਦੀ ਮਾਤਾ ਗੁੱਜਰ ਕੌਰ ਜੀ,ਜਿਸ ਨੇ ਸੂਬੇ ਦੀ ਕੈਦ ਵਿੱਚ ਵੀ ਸਾਹਿਬਜਾਦਿਆਂ ਨੂੰ ਸਿੱਖੀ ਦਾ ਐਸਾ ਪਾਠ ਪੜ੍ਹਾਇਆ ਕਿ ਨਿੱਕੇ ਨਿੱਕੇ ਲਾਲ ਅਜਿਹਾ ਇਤਿਹਾਸ ਰਚ ਗਏ,ਜਿਹੜਾ ਕਿਸੇ ਵੱਡੇ ਪੀਰ ਪੈਗੰਬਰ ਦੇ ਹਿੱਸੇ  ਨਾ ਆਇਆ ਹੈ ਅਤੇ ਨਾ ਹੀ ਰਹਿੰਦੀ ਦੁਨੀਆਂ ਤੱਕ ਕਿਸੇ ਹੋਰ ਦੇ ਹਿੱਸੇ ਆ ਸਕਦਾ ਹੈ।