ਛਿੰਦਰ ਕੌਰ ਸਿਰਸਾ ਦਾ ਵਿਲੱਖਣ ਸਫ਼ਰਨਾਮਾ ਕੈਨੇਡਾ ਦੇ ਸੁਪਨਮਈ ਦਿਨ

Ujagar Singh 171031 IMG_7547
ਛਿੰਦਰ ਕੌਰ ਸਿਰਸਾ ਮੁੱਢਲੇ ਤੌਰ ਤੇ ਮੰਚ ਸੰਚਾਲਨ ਦੀ ਧਨੀ ਹੈ। ਉਹ ਪੰਜਾਬੀ ਦੀ ਕਵਿੱਤਰੀ ਵੀ ਹੈ, ਜਿਸ ਕਰਕੇ ਉਸਦੀ ਵਾਰਤਕ ਦੀ ਸ਼ਬਦਾਵਲੀ ਕਾਵਿਮਈ ਹੁੰਦੀ ਹੈ। ਉਹ ਥ੍ਰੀ ਇਨ ਵਨ ਹੈ। ਕਵਿੱਤਰੀ, ਮੰਚ ਸੰਚਾਲਕ ਅਤੇ ਕਹਾਣੀਕਾਰ। ਕਹਾਣੀਕਾਰ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਉਸਨੇ ਇਸ ਸਫ਼ਰਨਾਮੇ ਨੂੰ ਸਾਹਿਤਕ ਅਤੇ ਸਭਿਆਚਾਰਕ ਬਣਾ ਕੇ ਇਤਨਾ ਦਿਲਚਸਪ ਬਣਾ ਲਿਆ ਹੈ ਕਿ ਇਹ ਇੱਕ ਨਾਵਲ ਦੀ ਤਰ੍ਹਾਂ ਹੈ ਜਿਸਦੇ ਚੈਪਟਰ ਮਿੰਨੀ ਕਹਾਣੀਆਂ ਦੀ ਤਰ੍ਹਾਂ ਸੰਪੂਰਨ ਹਨ। ਇਸ ਪੁਸਤਕ ਨੇ ਸਫ਼ਰਨਾਮੇ ਦੇ ਅਰਥ ਹੀ ਬਦਲ ਦਿੱਤੇ ਹਨ। ਇਸ ਨੂੰ ਸਾਹਿਤਕਾਰਾਂ ਦੇ ਸਾਹਿਤਕ ਰੇਖਾ ਚਿੱਤਰ ਵੀ ਕਿਹਾ ਜਾ ਸਕਦਾ ਹੈ।
ਇਹ ਅਜਿਹੇ ਰੇਖਾ ਚਿੱਤਰ ਹਨ ਜਿਹੜੇ ਕਿਸੇ ਵੀ ਸਾਹਿੱਤਕਾਰ ਦਾ ਦਿਲ ਨਹੀਂ ਦੁਖਾਉਂਦੇ। ਇਸ ਤੋਂ ਪਹਿਲਾਂ ਜਿਤਨੇ ਰੇਖਾ ਚਿੱਤਰ ਜਾਂ ਮੁਲਾਕਾਤਾਂ ਲਿਖੀਆਂ ਗਈਆਂ ਹਨ ਉਹ ਸਾਰੀਆਂ ਕਿੰਤੂ ਪ੍ਰੰਤੂ ਦਾ ਵਿਸ਼ਾ ਬਣਦੀਆਂ ਰਹੀਆਂ ਹਨ। ਉਨ੍ਹਾਂ ਦੇ ਨਾਂ ਵੀ ਅਜੀਬ ਕਿਸਮ ਦੇ ਹੁੰਦੇ ਸਨ। ਇਸ ਸਫ਼ਰਨਾਮੇ ਦੇ 150 ਪੰਨੇ ਹਨ, 16 ਪੰਨਿਆਂ ਦਾ ਰੰਗਦਾਰ ਸੈਂਟਰਲ ਸਪਰੈਡ ਸ਼ਾਮਲ ਹੈ, ਜਿਸ ਵਿਚ ਕੈਨੇਡਾ ਵਿਚ ਹੋਏ ਵੱਖ-ਵੱਖ ਸਮਾਗਮਾਂ ਦੀਆਂ ਕੁੱਝ ਤਸਵੀਰਾਂ ਵੀ ਹਨ। ਇਹ ਸਫ਼ਰਨਾਮਾ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਪੁਸਤਕ ਨੂੰ ਉਸਨੇ 42 ਛੋਟੇ-ਛੋਟੇ ਚੈਪਟਰਾਂ ਵਿਚ ਵੰਡਿਆ ਹੋਇਆ ਹੈ। ਹਰ ਚੈਪਟਰ ਇੱਕ ਕਹਾਣੀ ਦੀ ਤਰ੍ਹਾਂ ਹੈ। ਉਸਦੀ ਕਮਾਲ ਇਸ ਗੱਲ ਵਿਚ ਹੈ ਕਿ ਹਰ ਚੈਪਟਰ ਦਿਲਚਸਪ ਹੈ। ਇਹ ਚੈਪਟਰ ਵੱਖਰੇ ਹੋਣ ਦੇ ਬਾਵਜੂਦ ਇੱਕ ਦੂਜੇ ਨਾਲ ਲਗਾਤਾਰਤਾ ਵਿਚ ਹਨ, ਜਿਸ ਕਰਕੇ ਰੌਚਿਕਤਾ ਬਣੀ ਰਹਿੰਦੀ ਹੈ। ਇੱਕ ਚੈਪਟਰ ਨੂੰ ਖ਼ਤਮ ਕਰਨ ਤੋਂ ਬਾਅਦ ਦੂਜੇ ਨੂੰ ਪੜ੍ਹਨ ਦੀ ਉਤਸੁਕਤਾ ਹੁੰਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਅੱਗੇ ਕੀ ਹੋਵੇਗਾ? ਜਿਵੇਂ ਪਾਸਪੋਰਟ ਬਣਾਉਣਾ, ਵੀਜ਼ਾ ਲਗਵਾਉਣ ਲਈ ਸਫ਼ਾਰਤਖ਼ਾਨੇ ਜਾਣਾ, ਵੀਜ਼ਾ ਲੱਗਣਾ, ਜਹਾਜ਼ ਦੀ ਪਹਿਲੀ ਯਾਤਰਾ ਅਤੇ ਕੈਨੇਡਾ ਪਹੁੰਚਣਾ ਆਦਿ।

ਹਰ ਚੈਪਟਰ ਦੇ ਸ਼ੁਰੂ ਵਿਚ ਕਵਿੱਤਰੀ ਹੋਣ ਕਰਕੇ ਉਸਨੇ ਕਵਿਤਾ ਦੇ ਟੋਟਕੇ ਦਿੱਤੇ ਹਨ ਜੋ ਕਿ ਸਮੇਂ ਅਤੇ ਹਾਲਾਤ ਅਨੁਸਾਰ ਢੁਕਵੇਂ ਹੁੰਦੇ ਹਨ। ਇਹ ਸਫ਼ਰਨਾਮਾ ਇੱਕ ਨਾਵਲ ਦੀ ਤਰ੍ਹਾਂ ਹੈ, ਜਿਸਦਾ ਹਰ ਚੈਪਟਰ ਇੱਕ ਕਹਾਣੀ ਹੈ ਤਾਂ ਹੀ ਰੌਚਿਕਤਾ ਬਰਕਰਾਰ ਹੈ। ਕੈਨੇਡਾ ਜਾਣਾ ਅਤੇ ਉਥੇ ਜਾਣ ਦੀ ਤਿਆਰੀ ਦਾ ਬਿਰਤਾਂਤ ਇਸ ਤਰ੍ਹਾਂ ਲਿਖਿਆ ਹੈ ਜਿਵੇਂ ਵਿਆਹ ਦੀ ਤਿਆਰੀ ਕੀਤੀ ਜਾਂਦੀ ਹੈ। ਛਿੰਦਰ ਕੌਰ ਸਿਰਸਾ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਹ ਹਰ ਛੋਟੀ ਤੋਂ ਛੋਟੀ ਘਟਨਾ ਨੂੰ ਜਿਵੇਂ ਚਾਹ ਪੀਣੀ, ਖਾਣਾ ਖਾਣਾ ਜਾਂ ਕਿਸੇ ਕਵੀ ਦਰਬਾਰ ਵਿਚ ਜਾਣ ਨੂੰ ਦਿਲਚਸਪ ਬਣਾ ਦਿੰਦੀ ਹੈ, ਜਿਸ ਕਰਕੇ 134 ਪੰਨਿਆਂ ਦਾ ਸਫ਼ਰਨਾਮਾ ਇੱਕ ਬੈਠਕ ਵਿਚ ਹੀ ਪੜ੍ਹਿਆ ਜਾ ਸਕਦਾ ਹੈ। ਕੈਨੇਡਾ ਜਾਣ ਦੇ ਚਾਅ ਨੂੰ ਉਸਨੇ ਇਤਨੇ ਸੁਚੱਜੇ ਢੰਗ ਨਾਲ ਲਿਖਿਆ ਹੈ, ਜਿਵੇਂ ਕਿਸੇ ਅੱਲ੍ਹੜ ਮੁਟਿਆਰ ਨੂੰ ਆਪਣੇ ਵਿਆਹ ਤੋਂ ਬਾਅਦ ਸਹੁਰੇ ਘਰ ਜਾਣ ਦਾ ਚਾਅ ਅਤੇ ਡਰ ਦੋਵੇਂ ਹੁੰਦੇ ਹਨ। ਹਰ ਘਟਨਾ ਨੂੰ ਬੜੇ ਸਲੀਕੇ ਨਾਲ ਲਿਖਿਆ ਹੈ। ਉਹ ਹਰ ਚੈਪਟਰ ਵਿਚ ਸਮੇਂ ਅਤੇ ਸਥਾਨ ਅਨੁਸਾਰ ਅਜਿਹੇ ਢੰਗ ਨਾਲ ਲਿਖਦੀ ਹੈ ਕਿ ਘਟਨਾ ਦ੍ਰਿਸ਼ਟਾਂਤ ਰੂਪ ਵਿਚ ਅੱਖਾਂ ਅੱਗੇ ਘੁੰਮਣ ਲੱਗ ਜਾਂਦੀ ਹੈ।
ਛਿੰਦਰ ਦੇ ਦੱਸਣ ਮੁਤਾਬਿਕ ਉਸਦਾ ਪਰਿਵਾਰ ਪੰਜਾਬੀ ਸਭਿਆਚਾਰ ਵਿਚ ਪਰੁਤਿਆ ਪੁਰਾਤਨ ਪਰੰਪਰਾਵਾਂ ਵਾਲਾ ਹੈ, ਇਸ ਲਈ ਜਦੋਂ ਉਹ ਏਅਰਪੋਰਟ ਉਪਰ ਜਹਾਜ਼ ਚੜ੍ਹਨ ਲਈ ਪਰਿਵਾਰ ਤੋਂ ਵਿਦਾਈ ਲੈਂਦੀ ਹੈ ਤਾਂ ਬੱਚਿਆਂ ਨੂੰ ਗਲਵੱਕੜੀ ਵਿਚ ਲੈਂਦੀ ਹੈ ਪ੍ਰੰਤੂ ਆਪਣੇ ਪਤੀ ਨੂੰ ਚਾਹੁੰਦੀ ਹੋਈ ਵੀ ਸ਼ਿਸ਼ਟਾਚਾਰ ਕਰਕੇ ਛੋਹ ਨਹੀਂ ਸਕੀ। ਇਹ ਉਸਦੇ ਸੁਘੜ ਸਿਆਣੀ ਸੁਆਣੀ ਹੋਣ ਦਾ ਪ੍ਰਤੀਕ ਹੈ। ਭਾਵੇਂ ਜਹਾਜ਼ ਵਿਚ ਜਦੋਂ ਆਪਣੇ ਲੜਕੇ ਨਾਲ ਗੱਲ ਕਰਦੀ ਹੈ ਤਾਂ ਲੜਕਾ ਆਪਣੀ ਮਾਂ ਨੂੰ ਕਹਿੰਦਾ ਹੈ ”ਉਹ ਮੰਮਾ ਯਾਰ ਮੈਂ ਤਾਂ ਮਜ਼ਾਕ ਕਰ ਰਿਹਾ ਹਾਂ” ਇਸ ਤੋਂ ਸਾਫ਼ ਹੈ ਨਵੀਂ ਨੌਜਵਾਨ ਪੀੜ੍ਹੀ ਉਪਰ ਆਧੁਨਿਕਤਾ ਦੀ ਪਾਣ ਚੜ੍ਹੀ ਹੋਈ ਹੈ। ਉਹ ਇਹ ਵੀ ਲਿਖਦੀ ਹੈ ਕਿ ਸੰਸਾਰ ਬਹੁਤ ਛੋਟਾ ਹੈ, ਏਅਰਪੋਰਟ ਉਪਰ ਲੋਕ ਇੱਕ ਦੂਜੇ ਦੀ ਮਦਦ ਕਰਨ ਲਈ ਹਮੇਸ਼ਾ ਸਹਾਈ ਹੁੰਦੇ ਹਨ। ਜਦੋਂ ਉਹ ਗੁਰਦੁਆਰਾ ਸਾਹਿਬਾਨ, ਕਵੀ ਦਰਬਾਰ ਜਾਂ ਸਭਿਆਚਾਰਕ ਸਮਾਗਮ ਵਿਚ ਜਾਂਦੀ ਹੈ ਤਾਂ ਉਸਨੂੰ ਬਹੁਤ ਸਾਰੇ ਜਾਣਕਾਰ ਲੋਕ ਮਿਲ ਜਾਂਦੇ ਹਨ ਅਤੇ ਉਹ ਉਸਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਹਨ। ਇਹੋ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਦੀ ਖ਼ਾਸੀਅਤ ਹੈ।

ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦਾ ਜ਼ਿਕਰ ਵੀ ਛਿੰਦਰ ਕੌਰ ਨੇ ਬਾਖ਼ੂਬੀ ਕੀਤਾ ਹੈ। ਪੰਜਾਬ ਤੋਂ ਗਏ ਹਰ ਮਹਿਮਾਨ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ, ਇਸ ਕਰਕੇ ਤੋਹਫ਼ਿਆਂ ਦੀ ਝੜੀ ਲਾ ਦਿੱਤੀ ਜਾਂਦੀ ਹੈ। ਉਸਦਾ ਸਫ਼ਰਨਾਮਾ ਬਿਆਨ ਕਰਦਾ ਹੈ ਕਿ ਕੈਨੇਡਾ ਵਿਚ ਪੰਜਾਬ ਵਸਦਾ ਹੈ ਅਤੇ ਉਥੇ ਪੰਜਾਬੀ ਸਭਿਅਚਾਰ ਪੰਜਾਬੀਆਂ ਨੇ ਸਾਂਭ ਕੇ ਰੱਖਿਆ ਹੋਇਆ ਹੈ। ਸਫ਼ਰਨਾਮੇ ਤੋਂ ਪਤਾ ਚਲਦਾ ਹੈ ਕਿ ਕੈਨੇਡਾ ਵਿਚ ਵੱਸਣ ਵਾਲੇ ਪੰਜਾਬੀ ਆਪਣੀ ਵਿਰਾਸਤ ਨਾਲ ਬਾਖ਼ੂਬੀ ਜੁੜੇ ਹੋਏ ਹਨ, ਇਸ ਲਈ ਹੀ ਉਹ ਕਵੀ ਦਰਬਾਰ, ਨਾਟਕ, ਸਭਿਆਚਾਰਕ ਪ੍ਰੋਗਰਾਮ, ਰੇਡੀਉ ਅਤੇ ਟੀ.ਵੀ.ਪ੍ਰੋਗਰਾਮ ਕਰਦੇ ਰਹਿੰਦੇ ਹਨ। ਟੀ.ਵੀ. ਅਤੇ ਰੇਡੀਉ ਪ੍ਰੋਗਰਾਮ ਪੰਜਾਬ ਨਾਲੋਂ ਵੀ ਜ਼ਿਆਦਾ ਕੈਨੇਡਾ ਵਿਚ ਪ੍ਰਸਾਰਿਤ ਅਤੇ ਟੈਲੀਕਾਸਟ ਕੀਤੇ ਜਾਂਦੇ ਹਨ। ਲੇਖਕਾ ਵੱਲੋਂ ਦਿੱਤੇ ਗਏ ਬਿਰਤਾਂਤ ਸਪਸ਼ਟ ਕਰਦੇ ਹਨ ਕਿ ਪੰਜਾਬੀ ਜ਼ੁਬਾਨ ਨੂੰ ਭਵਿੱਖ ਵਿਚ ਕੋਈ ਖ਼ਤਰਾ ਨਹੀਂ ਸਗੋਂ ਹਮੇਸ਼ਾ ਪ੍ਰਫੁਲਿਤ ਹੁੰਦੀ ਰਹੇਗੀ। ਪਰਵਾਸ ਵਿਚ ਪੰਜਾਬੀ ਚਲੰਤ ਮਸਲਿਆਂ ਬਾਰੇ ਪੂਰਨ ਤੌਰ ਤੇ ਸੁਚੇਤ ਹਨ ਅਤੇ ਆਪਣੀ ਸਾਹਿਤਕ ਅਤੇ ਕਲਾਤਮਕ ਭੁੱਖ ਮਿਟਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਆਪੋ ਆਪਣੇ ਕੰਮਾਂ ਵਿਚ ਭਾਵੇਂ ਪੰਜਾਬੀ ਅੰਗਰੇਜ਼ੀ ਭਾਸ਼ਾ ਵਿਚ ਗੱਲਾਂ ਕਰਦੇ ਹੋਣ, ਉਹ ਉਨ੍ਹਾਂ ਦੀ ਮਜਬੂਰੀ ਹੋ ਸਕਦੀ ਹੈ ਪ੍ਰੰਤੂ ਆਪਣੇ ਘਰਾਂ ਵਿਚ ਪੰਜਾਬੀ ਮਾਹੌਲ ਬਰਕਰਾਰ ਰੱਖਿਆ ਹੋਇਆ ਹੈ। ਗੁਰਦੁਆਰਿਆਂ, ਸਭਿਆਚਾਰਕ ਪ੍ਰੋਗਰਾਮਾਂ ਅਤੇ ਗੁਰਪੁਰਬਾਂ ਸਮੇਂ ਹਮੇਸ਼ਾ ਪੰਜਾਬੀ ਪਹਿਰਾਵਾ ਪਹਿਨਦੇ ਹਨ। ਛਿੰਦਰ ਕੌਰ ਸਿਰਸਾ ਨੇ ਇੱਕ ਮਹੀਨੇ ਵਿਚ ਲਗਭਗ 10 ਪੰਜਾਬੀ ਦੇ ਸਾਹਿਤਕਾਰਾਂ ਨਾਲ ਮਹਿਕ ਟੀ.ਵੀ. ਉਪਰ ਮੁਲਾਕਾਤਾਂ ਕਰਕੇ ਪੰਜਾਬੀ ਸਾਹਿੱਤ ਅਤੇ ਸਭਿਆਚਾਰ ਦੀ ਮਹਿਕ ਨੂੰ ਪੂਰੇ ਸੰਸਾਰ ਵਿਚ ਪਹੁੰਚਾਇਆ ਹੈ। ਉਸਨੇ ਸੁਰਜੀਤ ਕੌਰ, ਪਰਮ ਸਰਾਂ, ਸਲੀਮ ਪਾਸ਼ਾ, ਰੂਣਾ ਸੰਘਾ, ਕੈਲਾਸ਼ ਠਾਕੁਰ, ਪ੍ਰੋ.ਜਾਗੀਰ ਸਿੰਘ ਕਾਹਲੋਂ ਅਤੇ ਪ੍ਰੋ.ਮਲੂਕ ਸਿੰਘ ਕਾਹਲੋਂ ਨਾਲ ਮੁਲਾਕਾਤਾਂ ਕਰਕੇ ਕੈਨੇਡਾ ਵੱਸਦੇ ਪੰਜਾਬੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਛਿੰਦਰ ਕੌਰ ਸਿਰਸਾ ਭਾਵੇਂ ਮੰਚ ਸੰਚਾਲਿਕਾ ਅਤੇ ਖ਼ਿਆਲ ਉਡਾਰੀ ਪੁਸਤਕ ਪ੍ਰਕਾਸ਼ਿਤ ਕਰਵਾ ਕੇ ਕਵਿੱਤਰੀ ਦੇ ਤੌਰ ਵਧੇਰੇ ਹਰਮਨ ਪਿਆਰੀ ਹੋ ਕੇ ਆਪਣੀ ਵੱਖਰੀ ਪਛਾਣ ਸਥਾਪਤ ਕਰਨ ਵਿਚ ਸਫਲ ਹੋਈ ਹੈ, ਪ੍ਰੰਤੂ ਉਸਦੀ ਵਾਰਤਕ ਦੀ ਪੁਸਤਕ ਪ੍ਰਕਾਸ਼ਿਤ ਹੋਣ ਨਾਲ ਇਸ ਖੇਤਰ ਵਿਚ ਵੀ ਲੱਛੇਦਾਰ ਸ਼ਬਦਾਵਲੀ ਲਿਖ ਕੇ ਧਮਾਕਾ ਪਾ ਦਿੱਤਾ ਹੈ। ਉਹ ਬਹੁਪੱਖੀ ਸਾਹਿੱਤਕਾਰ ਸਾਬਤ ਹੋ ਗਈ ਹੈ ਕਿਉਂਕਿ ਉਹ ਇੱਕ ਪ੍ਰਤਿਭਾਵਾਨ ਸਲੀਕੇ ਵਾਲੀ ਇਸਤਰੀ ਹੈ ਜਿਹੜੀ ਪੰਜਾਬੀ ਪਰੰਪਰਾਵਾਂ ਅਤੇ ਸੰਸਾਰਿਕ ਰਹਿਤ ਮਰਿਆਦਾਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਸਦੀ ਸਾਹਿਤਕ ਕਾਬਲੀਅਤ ਦਾ ਉਸਦਾ ਵਿਲੱਖਣ ਸਫ਼ਰਨਾਮਾ ਪੜ੍ਹ ਕੇ ਪਤਾ ਲੱਗਿਆ ਹੈ। ਉਸਦੀ ਘਟਨਾਵਾਂ ਦਾ ਵੇਰਵਾ ਦੇਣ ਲਈ ਕਮਾਲ ਹੈ ਕਿ ਉਹ ਖ਼ੁਸ਼ੀ ਅਤੇ ਗ਼ਮੀ ਦੇ ਵਾਤਾਵਰਨ ਨੂੰ ਅਜਿਹੇ ਸੁਚੱਜੇ ਢੰਗ ਨਾਲ ਚਿਤਰਦੀ ਹੈ ਕਿ ਪਾਠਕ ਦੋਵੇਂ ਹਾਲਤ ਵਿਚ ਖ਼ੁਸ਼ੀ ਅਤੇ ਗ਼ਮੀ ਦੇ ਅੱਥਰੂ ਵਹਾਉਣ ਲਈ ਮਜਬੂਰ ਹੋ ਜਾਂਦਾ ਹੈ।

ਉਹ ਸ਼ਬਦਾਂ ਦੀ ਜਾਦੂਗਰਨੀ ਹੈ, ਜਿਹੜੀ ਪਾਠਕਾਂ ਵਿਚ ਸਰਸਰਾਹਟ ਪੈਦਾ ਕਰਨ ਦੀ ਸਮਰੱਥਾ ਹੀ ਨਹੀਂ ਰੱਖਦੀ ਸਗੋਂ ਪਾਠਕਾਂ ਨੂੰ ਆਪ ਮੁਹਾਰੇ ਸ਼ਾਹਬਾ ਵਾਹਬਾ ਕਰਨ ਲਾ ਦਿੰਦੀ ਹੈ। ਭਾਵੇਂ ਇਸ ਪੁਸਤਕ ਦਾ ਨਾਮ ਕੈਨੇਡਾ ਦੇ ਸੁਪਨਮਈ ਦਿਨ ਹੈ ਪ੍ਰੰਤੂ ਇਸ ਵਿਚ ਜੋ ਬਿਰਤਾਂਤ ਦਿੱਤਾ ਗਿਆ ਹੈ, ਉਹ ਪੰਜਾਬ ਵਿਚਲੀਆਂ ਘਟਨਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ, ਭਾਵੇਂ ਉਹ ਘਟਨਾਵਾਂ ਕੈਨੇਡਾ ਦੀ ਯਾਤਰਾ ਨਾਲ ਹੀ ਸੰਬੰਧਿਤ ਹਨ। ਜਦੋਂ ਉਹ ਵਾਪਸ ਆਪਣੇ ਪੇਕਿਆਂ ਦੇ ਪਿੰਡ ਨੂੰ ਜਾਣ ਬਾਰੇ ਲਿਖਦੀ ਹੈ ਤਾਂ ਹਰ ਪਾਠਕ ਦੀਆਂ ਅੱਖਾਂ ਵਿਚੋਂ ਅੱਥਰੂ ਟਪਕਣ ਲਾ ਦਿੰਦੀ ਹੈ। ਇਹ ਉਸਦੀ ਕਲਮ ਦੀ ਕਰਾਮਾਤ ਹੀ ਹੈ ਜੋ ਪ੍ਰਮਾਤਮਾ ਨੇ ਉਸਨੂੰ ਦਿੱਤੀ ਹੈ। ਅੱਖਾਂ ਵਿਚੋਂ ਅੱਥਰੂ ਟਪਕਣਾ ਇਹ ਮੇਰਾ ਨਿੱਜੀ ਤਜਰਬਾ ਹੈ। ਜਿਤਨੀ ਛਿੰਦਰ ਕੌਰ ਸਿਰਸਾ ਸਰੀਰਕ ਤੌਰ ਤੇ ਸੁੰਦਰ ਹੈ ਉਸ ਨਾਲੋਂ ਕਿਤੇ ਵਧੇਰੇ ਮਾਨਸਿਕ ਤੌਰ ਤੇ ਖ਼ੁਸ਼ਦਿਲ, ਮਜ਼ਬੂਤ ਅਤੇ ਖ਼ੂਬਸੂਰਤ ਹੈ। ਪ੍ਰਮਾਤਮਾ ਉਸ ਦੀ ਕਲਮ ਅਤੇ ਜ਼ੁਬਾਨ ਨੂੰ ਹੋਰ ਸਮਰੱਥਾ ਬਖ਼ਸ਼ੇ ਕਿ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਭਰ ਸਕੇ।

ਉਜਾਗਰ ਸਿੰਘ
(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)
+91 94178 13072
ujagarsingh48@yahoo.com

Install Punjabi Akhbar App

Install
×