ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਕਿਚਨੇਰ ਕਨੇਡਾ ਵਿੱਚ ਲਗਾਈ ਛਬੀਲ

(ਨਿਊਯਾਰਕ/ ਕਿਚਨੇਰ) —ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸਬੰਧ ਵਿੱਚ ਨੌਜਵਾਨਾਂ ਨੇ ਨਵੀਂ ਪਹਿਲ ਕਰਦਿਆਂ ਕਿਚਨੇਰ ਕੈਨੇਡਾ ਦੇ ਸਕੇਅਰ ਮਾਲ ਦੇ ਬਾਹਰ ਛਬੀਲ ਅਤੇ ਚਿਪਸ ਦਾ ਲੰਗਰ ਲਗਾਇਆ ਗਿਆ । ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਾਹਰਲੇ ਦੇਸ਼ ਆਕੇ ਛਬੀਲ ਲਗਾਉਣ ਦਾ ਮਕਸਦ ਸ਼ਹਾਦਤ ਨੂੰ ਯਾਦ ਕਰਨ ਦੇ ਨਾਲ ਨਾਲ ਇਸ ਮੁਲਖ ਦੇ ਬਸ਼ਿੰਦੇ ਗੈਰ ਸਿੱਖਾਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਵੀ ਹੈ।  ਨੌਜਵਾਨਾਂ ਦੱਸਿਆ ਕਿ ਭਾਂਵੇ ਪੰਜਾਬੀਆਂ ਨੇ ਕਨੇਡਾ ਆਕੇ ਬਹੁਤ ਵੱਡੇ ਅਹੁਦੇ ਹਾਸਿਲ ਕਰ ਲਏ ਹਨ, ਇੱਕ ਵੱਖਰੀ ਪਹਿਚਾਣ ਵੀ ਕਾਇਮ ਕੀਤੀ ਹੈ ਪਰ ਫਿਰ ਵੀ ਸਾਡੀ ਦਸਤਾਰ ਅਤੇ ਸਾਡੇ ਧਰਮ ਅਤੇ ਇਤਿਹਾਸ ਬਾਰੇ ਸਿੱਖ ਘੱਟਗਿਣਤੀ ਵਾਲੇ ਇਲਾਕਿਆਂ ਦੇ ਵਸਨੀਕਾਂ ਨੂੰ ਜਾਣਕਾਰੀ ਨਹੀਂ ਹੈ । ਉਹ ਇਸ ਛਬੀਲ ਰਾਹੀਂ ਜਾਗਰੂਕਤਾ ਫਲਾਉਣ ਦੇ ਨਾਲ ਨਾਲ “ਸਭੇ ਸਾਂਝੀਵਾਲ ਸਦਾਇਨ” ਹੋਕਾ ਦੇਕੇ “ਮਾਨਸੁ ਕੀ ਜਾਤ ਏਕੋ” ਦਾ ਸੁਨੇਹਾ ਵੀ ਦੇ ਰਹੇ ਹਨ । ਨੌਜਵਾਨ ਤੇਗਬੀਰ ਸਿੰਘ ਨੇ ਕਿਹਾ ਐਥੋਂ ਦੇ ਵਸਨੀਕ ਗੋਰਿਆਂ ਅਤੇ ਹੋਰ ਧਰਮਾਂ, ਜਾਤਾਂ ਦੇ ਲੋਕਾਂ ਵੱਲੋਂ ਇਸ ਪਹਿਲ ਨੂੰ ਕਾਫੀ ਸਰਾਹਿਆ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਸਿੱਖ ਇਤਿਹਾਸ ਅਤੇ ਸਭਿਆਚਾਰ ਬਾਰੇ ਸਟੀਕ ਜਾਣਕਾਰੀ ਦਿੱਤੀ ਗਈ । ਨੌਜਵਾਨਾਂ ਨੇ ਦੱਸਿਆ ਉਨ੍ਹਾਂ ਦਾ ਇਹ ਉਦਮ ਕਿਸੇ ਦਾ ਧਰਮ ਪਰਿਵਰਤਨ ਲਈ ਨਹੀਂ ਹੈ ਸਗੋਂ ਸਾਡੇ ਸ਼ਾਨਮਤੇ ਇਤਿਹਾਸ ਅਤੇ ਕੁਰਬਾਨੀਆਂ ਨੂੰ ਐਥੋਂ ਦੇ ਵਸਨੀਕਾਂ ਨੂੰ ਜਾਣੂ ਕਰਵਾਉਣਾ ਹੈ ਤਾਂ ਜੋ ਅਸੀਂ ਸਾਡੇ ਇਤਿਹਾਸ ਅਤੇ ਸਿਰ ਬੰਨੀ ਪੱਗ ਦਾ ਮਾਣ ਵਧਾ ਸਕੀਏ ਅਤੇ ਭਾਈਚਾਰਕ ਸਾਂਝ ਵਧਾਉਣ ਦੇ ਨਾਲ “ਕਿਰਤ ਕਰੋ ਵੰਡ ਛੱਕੋ” ਦਾ ਬਾਬੇ ਨਾਨਕ ਦਾ ਉਪਦੇਸ਼  ਫਲਾਉਣ ਵਿੱਚ ਨਿਮਾਣਾ ਯੋਗਦਾਨ ਪਾ ਸਕੀਏ ।

Install Punjabi Akhbar App

Install
×