‘ਮੂਰਥਲ’ ਘਟਨਾਵਾਂ ਅਧਾਰਤ ਡਾਕੂਮੈਂਟਰੀ ‘ਚੀਰ ਹਰਨ’

ਸਿਨੇਮਾ ਸਮਾਜ ਦਾ ਦਰਪਣ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜ ਵਿੱਚ ਵਾਪਰਦੀਆਂ ਅਹਿਮ ਘਟਨਾਵਾਂ ਨੂੰ ਸਮੇਂ ਦਾ ਇਤਿਹਾਸ ਬਣਾ ਕੇ ਪਰਦੇ ‘ਤੇ ਵਿਖਾਉਂਦਾ ਹੈ। ਅੱਜਕਲ ਦੇਸ਼ ਵਿੱਚ ਕਿਸਾਨੀ ਬਿੱਲਾਂ ਦਾ ਵਿਰੋਧ ਕਰਦਾ ਸ਼ਾਤਮਈ ‘ਕਿਸਾਨ ਅੰਦੋਲਨ’ ਸ਼ਿਖਰਾਂ ‘ਤੇ ਹੈ।
ਗੱਲ ਕਰਦੇ ਹਾਂ 2016 ਦੇ ਫਰਵਰੀ ਮਹੀਨੇ ‘ਚ ਹਰਿਆਣਾ ਸੂਬੇ ‘ਚ ਜਾਤੀ ਅਧਾਰਤ ਰਾਖੇਂਕਰਣ ਸਬੰਧੀ ‘ਜਾਟ ਆਰਕਸ਼ਨ ਅੰਦੋਲਨ’ ਬਾਰੇ ਜਿੱਥੇ ਸ਼ਾਂਤਮਈ ਤਰੀਕੇ ਨਾਲ ਚਲਦਿਆਂ ਅਚਾਨਕ ਐਸੀ ਅੱਗ ਭੜਕੀ ਜਿਸਦਾ ਸੇਕ ਦੇਸ਼ ਵਿਦੇਸਾਂ ਤੱਕ ਜਾ ਪੁੱਜਾ। ਇਸ ਦੌਰਾਨ ਅਗਨਜ਼ੀ,ਭੰਨਤੋੜ ਅਤੇ ਮਨੁੱਖੀ-ਅਣਮਨੁੱਖੀ ਪੱਖਾਂ ਅਧਾਰਤ ਅਨੇਕਾਂ ਘਟਨਾਵਾਂ ਵਾਪਰੀਆਂ ਜਿਸਨੇ ਦੁਨੀਆਂ ਨੂੰ ਸ਼ਰਮਸਾਰ ਕਰ ਦਿੱਤਾ। ਮੂਰਥਲ ਹਾਈਵੇਅ ‘ਤੇ ਜਾਮ ਵਿਚ ਫਸੇ ਵਾਹਨਾਂ ‘ਚੋਂ ਬੇਵੱਸ ਤੇ ਲਾਚਾਰ ਔਰਤਾਂ ਨੂੰ ਅੰਦੋਲਕਾਰੀਆਂ ਦੇ ਭੇਸ ‘ਚ ਛੁਪੀ ਹੈਵਾਨੀਅਤ ਖਿੱਚ ਕੇ ਨੇੜਲੇ ਖੇਤਾਂ ਵਿੱਚ ਬੇਪੱਤ ਕਰਨ ਵਰਗੀਆਂ ਘਟਨਾਵਾਂ ਨੇ ਤਾਂ ਇਸ ਅੰਦੋਲਨ ਦੇ ਮੂੰਹ ‘ਤੇ ਕਾਲਖ ਹੀ ਮਲ ਦਿੱਤੀ।
ਅਜਿਹੇ ਹਿੰਸਕ ਮੁੱਦਿਆਂ ਅਧਾਰਤ ਕੁਲਦੀਪ ਰੁਹੀਲ ਵਲੋਂ ਇੱਕ ਡਾਕੂਮੈਟਰੀ ਫ਼ਿਲਮ ‘ਚੀਰ ਹਰਨ’ ਬਣਾਈ ਗਈ ਹੈ ਜਿਸਨੂੰ ਟਵਿੱਟਰ ਐਂਟਰਟੇਨਮੈਂਟ ਦੇ ਬੈਨਰ ਹੇਠ ਸਾਲ 2021 ਵਿੱਚ ਪੰਜਾਬੀ ਪਰਦੇ ‘ਤੇ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੇ ਨਿਰਮਾਤਾਵਾ ਅਨੁਸਾਰ ਇਹ ਫ਼ਿਲਮ ਰਾਖਵੇਂਕਰਨ ਦੇ ਮੁੱਦੇ ਅਧਾਰਤ ਦੇਸ਼ ਭਰ ‘ਚ ਉੱਭਰੇ ‘ਜਾਟ ਆਰਕਸ਼ਨ ਅੰਦੋਲਨ’ (2016) ਦੇ ਹਰੇਕ ਚੰਗੇ-ਮਾੜੇ ਪੱਖ ਨੂੰ ਬਹੁਤ ਹੀ ਖੋਜਪੂਰਵਕ ਤਰੀਕੇ ਨਾਲ ਪਰਦੇ ‘ਤੇ ਵਿਖਾਵੇਗੀ। ਇਹ ਫ਼ਿਲਮ ਆਮ ਸਿਨੇਮੇ ਤੋਂ ਹਟਕੇ ਸਮਾਜ ਅਤੇ ਖ਼ਾਸਕਰ ਨੌਜਵਾਨ ਵਿਦਿਆਰਥੀ ਵਰਗ ਲਈ ਬਹੁਤ ਚੇਤਨਮਈ ਹੋਵੇਗੀ। ‘ਚੀਰ ਹਰਨ’ ਇੰਨ੍ਹਾਂ ਦੰਗਿਆਂ ਦੇ ਅੰਦਰ ਦੀ ਕਹਾਣੀ ਦਰਸਾਉਣ ਦੀ ਕੋਸ਼ਿਸ਼ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਸਬੰਧੀ ਪਹਿਲਾਂ ਪੋਸਟਰ ਅੱਜ ਸ਼ੋਸਲ ਮੀਡੀਆ ‘ਤੇ ਜਾਰੀ ਕੀਤਾ ਗਿਆ ਜਿਸ ਪ੍ਰਤੀ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ।

(ਹਰਜਿੰਦਰ ਸਿੰਘ ਜਵੰਧਾ) jawanda82@gmail.com

Install Punjabi Akhbar App

Install
×