ਚੌਬਾਰਾ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਦੀ ਹਿਫਾਜ਼ਤ

Chobara sahibਪਾਠਕਾਂ ਨੇ ਬਾਬਾ ਮੋਹਨ ਜੀ ਦੇ ਚੌਬਾਰੇ ਦੀ ਸਾਖੀ ਸੁਣੀ ਹੈ ਜਿਥੋਂ ਗੁਰੂ ਅਰਜਨ ਦੇਵ ਜੀ ਹੱਥ ਲਿਖਤ ਪੋਥੀਆਂ ਹਾਸਲ ਕਰਨ ਦੀ ਬੇਨਤੀ ਲੈਕੇ ਸੰਗਤ ਸਮੇਤ ਪੁੱਜੇ ਸਨ, ਸ਼ਬਦ ਗਾਇਨ ਕੀਤਾ ਸੀ :

ਮੋਹਨ ਤੇਰੇ ਉਚੇ ਮੰਦਰ ਮਹਲ ਅਪਾਰਾ।

ਕੁਝ ਆਲੋਚਕ ਇਸ ਗਲ ਨੂੰ ਸਹੀ ਨਹੀਂ ਮੰਨਦੇ ਕਿ ਗੁਰੂ ਜੀ ਨੇ ਕਿਸੇ ਵਿਅਕਤੀ ਦਾ ਗੁਣਗਾਇਨ ਕੀਤਾ ਹੋਵੇ, ਇਹ ਮਨਘੜਤ ਗੱਲ ਹੈ। ਸਾਨੂੰ ਇਸ ਘਟਨਾ ਦੇ ਸਹੀ ਜਾਂ ਗਲਤ ਹੋਣ ਨਾਲ ਅੱਜ ਵਾਹ ਵਾਸਤਾ ਨਹੀਂ ਪਰ ਇਹ ਸੱਚ ਹੈ ਕਿ ਇਹ ਉਹ ਸਥਾਨ ਹੈ ਜਿਥੇ ਗੋਇੰਦਵਾਲ ਨਗਰ ਵਿਚ ਗੁਰੂ ਅਮਰਦਾਸ ਜੀ ਦਾ ਨਿਵਾਸ ਸੀ। ਹੁਣ ਕਾਰ ਸੇਵਾ ਕਰਦਿਆਂ ਇਹ ਪੁਰਾਤਨ ਪਵਿਤਰ ਘਰ ਪੂਰਾ ਲੱਭ ਗਿਆ ਹੈ। ਨੁਸ਼ਹਿਰਾ ਪੰਨੂਆਂ ਤੋਂ ਭਾਈ ਕੰਵਲਬੀਰ ਸਿੰਘ ਪੰਨੂ (ਫੋਨ 98766-98066) ਨੇ ਖੁਦਾਈ ਦੀਆਂ ਤਸਵੀਰਾਂ ਭੇਜੀਆਂ ਹਨ। ਕੇਂਦਰੀ ਕਮਰਾ ਵੱਡਾ ਹੈ ਜਿਸ ਵਿਚ ਘੜਵੰਜੀਆਂ ਦਿਖਾਈ ਦਿੰਦੀਆਂ ਹਨ। ਘੜਵੰਜੀ ਕੰਧ ਵਿਚ ਬਣਿਆ ਉਹ ਅਲਮਾਰੀਨੁਮਾ ਵੱਡਾ ਖਾਨਾ ਹੋਇਆ ਕਰਦਾ ਸੀ ਜਿਥੇ ਪੀਣ ਵਾਲੇ ਪਾਣੀ ਦੇ ਘੜੇ ਰੱਖੇ ਜਾਂਦੇ ਸਨ।

ਇਕ ਵਡ-ਆਕਾਰੀ ਚੁੱਲ੍ਹਾ ਮਿਲਿਆ ਜਿਸ ਉਪਰ ਵੱਡੀ ਦੇਗ ਰੱਖ ਕੇ ਖਾਣਾ ਤਿਆਰ ਕੀਤਾ ਜਾਂਦਾ ਸੀ। ਕੰਧਾਂ ਨਿਕੀਆਂ ਇਟਾਂ ਦੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਉਪਰ ਚੂਨੇ ਦਾ ਪਲਸਤਰ ਸੀ। ਪਲਤਸਰ ਹੇਠਾਂ ਕਾਇਮ ਹੈ ਉਪਰੋਂ ਉਖੜ ਗਿਆ ਹੈ। ਕਾਰ ਸੇਵਾ ਵਾਲੇ ਵਾਹੋਦਾਹੀ ਇਸ ਸਾਰੀ ਇਮਾਰਤ ਨੂੰ ਢਾਹ ਰਹੇ ਸਨ ਕਿ ਕੁਝ ਸਿਆਣੇ ਬੰਦਿਆਂ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਇਹ ਪਵਿਤਰ ਨਿਸ਼ਾਨੀਆਂ ਬਚਾਉਣ ਲਈ ਕਿਹਾ। ਪ੍ਰਧਾਨ ਜੀ ਨੇ ਇਕ ਵਾਰ ਤਾਂ ਖੁਦਾਈ ਰੁਕਵਾ ਦਿੱਤੀ ਪਰ ਕਾਰਸੇਵਾ ਦਾ ਤੂਫਾਨ ਕਦੋਂ ਰੁਕਣ ਵਿਚ ਆਉਂਦਾ ਹੈ। ਚੁਲ੍ਹਾ ਢਾਹ ਦਿੱਤਾ ਗਿਆ। ਜੇਸੀਬੀ ਮਸ਼ੀਨਾ ਫਿਰ ਚੱਲ ਪਈਆਂ ਹਨ। ਸੰਗਤ ਨੇ ਦੇਖਿਆ ਹੋਵੇਗਾ ਗੁਰੂ ਸਾਹਿਬ ਜੀ ਦਾ ਜਿਹੜਾ ਚੁਲ੍ਹਾ ਸਾਹਿਬ ਕਾਰ ਸੇਵਾ ਵਾਲਿਆਂ ਨੇ ਬਣਾ ਰੱਖਿਆ ਹੈ ਉਹ ਸੰਗਮਰਮਰ ਦਾ ਹੈ।

ਸੰਤ ਫਰਾਂਸਿਸ ਅਸਿੱਸੀ ਬਹੁਤ ਵਡੇ ਧਰਮਾਤਮਾ ਪੁਰਖ ਈਸਾਈ ਧਰਮ ਦੇ ਪ੍ਰਚਾਰਕ ਤੇ ਸਾਧਕ ਸਨ। ਅਸਿੱਸੀ ਪਿੰਡ ਵਿਚੋਂ ਉਨ੍ਹਾਂ ਦਾ ਥੇਹ ਵਿਚ ਦਬਿਆ ਪੂਰਾ ਘਰ ਈਸਾਈਆਂ ਨੇ ਖੁਦਾਈ ਵਿਚੋਂ ਸੰਭਾਲ ਲਿਆ। ਥੇਹ ਦੇ ਉਪਰ ਗਿਰਜਾ ਸੁਸ਼ੋਭਿਤ ਹੈ ਤੇ ਸੰਤ ਫਰਾਂਸਿਸ ਦੇ ਘਰ ਦਾ ਦੀਦਾਰ ਕਰਨ ਲਈ ਹੇਠ ਅੰਦਰੋਂ ਪੌੜੀਆਂ ਉਤਰਦੀਆਂ ਹਨ। ਇਹ ਸ਼ਾਨਦਾਰ ਪੁਰਾਣਾ ਸਾਦਾ ਘਰ ਦੇਖਣ ਯੋਗ ਹੈ।

ਸੁਲਤਾਨਪੁਰ ਲੋਧੀ ਬੇਬੇ ਨਾਨਕੀ ਜੀ ਦਾ ਸ਼ਾਨਦਾਰ ਪੁਰਾਣਾ ਘਰ ਢਾਹਿਆ ਜਾ ਚੁਕਾ ਹੈ। ਹੁਣ ਗੁਰੂ ਅਮਰਦਾਸ ਜੀ ਦਾ ਸੰਭਾਲਣ ਯੋਗ ਯਾਦਗਾਰੀ ਪੁਰਾਤਨ ਨਿਵਾਸ ਖਤਮ ਕਰਨ ਦੀਆਂ ਤਿਆਰੀਆਂ ਹਨ। ਇਹ ਨੋਟ ਪਾਠਕਾਂ ਦੇ ਧਿਆਨ ਵਿਚ ਲਿਆਉਣ ਲਈ ਇਸ ਕਰਕੇ ਲਿਖਿਆ ਹੈ ਤਾਂ ਕਿ ਸ਼ਰਧਾਵਾਨਾ ਦੀ ਫਰਿਆਦ ਸੁਣਕੇ ਸ਼੍ਰੋਮਣੀ ਕਮੇਟੀ ਇਸ ਪਵਿਤਰ ਥਾਂ ਦੀ ਸੰਭਾਲ ਕਰਨ ਦੀ ਜ਼ਿਮੇਵਾਰੀ ਨਿਭਾਏ।

ਹਰਪਾਲ ਸਿੰਘ ਪੰਨੂ : 094642-51454