ਅੱਜ ਵਿਸ਼ਵ ਪੱਧਰ ਦੇ ਫਿਲਮ ਜਗਤ ਵਿਚ ਕਾਲਪਨਿਕ ਕਹਾਣੀਆਂ ਦੇ ਅਧਾਰ ਉਤੇ ਲੱਖਾਂ ਫਿਲਮਾਂ ਦਾ ਨਿਰਮਾਣ ਕਰਕੇ ਨਕਲੀ ਕਿਰਦਾਰਾਂ ਨੂੰ ਬਹਾਦਰ ਅਤੇ ਜੰਗਬਾਜ਼ ਵਿਖਾਇਆ ਜਾ ਰਿਹਾ ਹੈ, ਪਰ ਸਿੱਖ ਇਤਿਹਾਸ ਜੋ ਕਿ ਅਸਲ ਬਹਾਦਰੀ ਦੀਆਂ ਗਥਾਵਾਂ ਨਾਲ ਭਰਿਆ ਪਿਆ ਹੈ, ਦੇ ਉਤੇ ਬਹੁਤ ਘੱਟ ਆਡੀਓ-ਵੀਡੀਓ ਦਾ ਕੰਮ ਸਾਹਮਣੇ ਆਇਆ ਹੈ। ਪਰ ਹੁਣ ਸਾਇੰਸ ਨੇ ਐਨੀ ਕੁ ਤਰੱਕੀ ਕਰ ਲਈ ਹੈ ਕਿ ਜੇਕਰ ਸਿੱਖ ਕਿਰਦਾਰਾਂ ਦੇ ਕੋਈ ਹਾਣਦਾ ਜੀਵਤ ਕਲਾਕਾਰ ਨਹੀਂ ਮਿਲਦਾ ਤਾਂ ਕੰਪਿਊਟਰਾਈਜ਼ਡ ਐਨੀਮੇਸ਼ਨ ਦੇ ਰਾਹੀਂ ਬਿਲਕੁਲ ਹੂਬਹੂ ਕਿਰਦਾਰਾਂ ਦਾ ਨਿਰਮਾਣ ਕਰਕੇ ਸਿੱਖ ਇਤਿਹਾਸ ਨੂੰ ਵੱਡੇ ਪਰਦੇ ਉਤੇ ਪੇਸ਼ ਕੀਤਾ ਜਾ ਸਕਦਾ ਹੈ। ਵੱਡੇ ਬੱਜਟ ਦੀਆਂ ਫਿਲਮਾਂ ਦੇ ਨਿਰਮਾਤਾ ਪੰਮੀ ਬਵੇਜ਼ਾ ਨੇ 3-ਡੀ ਤਕਨੀਕ ਦੇ ਨਾਲ ਇਕ ਅਜਿਹੀ ਫਿਲਮ ‘ਚਾਰ ਸਾਹਿਬਜ਼ਾਦੇ’ ਬਣਾ ਦਿੱਤੀ ਹੈ ਜਿਹੜੀ ਕਿ ਕਮਾਲ ਦੀ ਤਾਂ ਹੈ ਹੀ ਪਰ ਇਹ ਜੋ ਇਤਿਹਾਸ ਅੱਜ ਦੀ ਪੀੜ੍ਹੀ ਨੂੰ ਪੜ੍ਹਾ ਜਾਵੇਗੀ ਉਹ ਸਾਲਾਂ ਦਾ ਸਫਰ ਕੱਟੇਗੀ।
ਅੱਜ ਨਿਊਜ਼ੀਲੈਂਡ ਦੇ ਵਿਚ ਕਲਾਊਡ ਐਂਡ ਸਫਾਇਰ ਇੰਟਰਟੇਨਮੈਂਟ ਦੇ ਸ੍ਰੀ ਨਿਤਿਨ ਤਲਵਾਰ ਅਤੇ ਇੰਦਰਜੀਤ ਕਾਲਕਟ ਨੇ ਇਸ ਫਿਲਮ ਦਾ ਪੋਸਟਰ ਪੰਜਾਬੀ ਮੀਡੀਆ, ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਸਥਾਨਕ ਸਿੱਖ ਭਾਈਚਾਰੇ ਦੇ ਰਾਹੀਂ ਜਾਰੀ ਕੀਤਾ। 6 ਨਵੰਬਰ ਨੂੰ ਇਹ ਫਿਲਮ ਪੂਰੇ ਵਿਸ਼ਵ ਭਰ ਦੇ ਵਿਚ ਲਗਾਈ ਜਾ ਰਹੀ ਹੈ। ਨਿਊਜ਼ੀਲੈਂਡ ਦੇ ਵੱਖ-ਵੱਖ ਸਿਨਮਿਆਂ ਦੇ ਵਿਚ ਇਸ ਫਿਲਮ ਦੇ ਸ਼ੋਅ ਲੋਕਾਂ ਨੂੰ ਵੇਖਣ ਨੂੰ ਮਿਲਣਗੇ।
ਪੋਸਟਰ ਜਾਰੀ ਕਰਨ ਦੇ ਸਮਾਰੋਹ ਦੇ ਵਿਚ ਰੇਡੀਓ ਪੇਸ਼ਕਾਰ ਅਮਨ ਬੈਨੀਪਾਲ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆਂ। ਇਸ ਮੌਕੇ ਸ. ਕੰਵਲਜੀਤ ਸਿੰਘ ਬਖਸ਼ੀ, ਸ. ਦਲਜੀਤ ਸਿੰਘ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਵਰਿੰਦਰ ਸਿੰਘ ਬਰੇਲੀ ਅਤੇ ਹੋਰ ਕਈਆਂ ਨੇ ਸੰਬੋਧਨ ਕੀਤਾ ਅਤੇ ਫਿਲਮ ਦੀ ਸਫਲਤਾ ਲਈ ਸਾਥ ਦੇਣ ਦਾ ਵਾਅਦਾ ਕੀਤਾ। ਇਸ ਚੰਗੇ ਉਦਮ ਦੇ ਲਈ ਸਾਰਿਆਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ।