ਗੀਤਕਾਰ ਤੋਂ ਗਾਇਕੀ ਤੱਕ ਦਾ ਸਫਰ-ਚੰਨੀ ਘੁੱਦੂਵਾਲੀਆ

ਗੀਤਕਾਰੀ ਦੇ ਖੇਤਰ ਚ ਚੰਨੀ ਘੁੱਦੂਵਾਲੀਆ ਜਾਣਿਆਂ ਪਹਿਚਾਣਿਆਂ ਨਾਂ ਹੈ। ਚੰਨੀ ਘੁੱਦੂਵਾਲੀਆ ਦੇ ਲਿਖੇ ਗੀਤਾਂ ਨੂੰ ਪ੍ਰਸਿੱਧ ਕਲਾਕਾਰਾਂ, ਕਰਤਾਰ ਰਮਲਾ , ਹਾਕਮ ਬਖਤੜੀ ਵਾਲਾ ਤੇ ਬੀਬਾ ਦਲਜੀਤ ਕੌਰ, ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ, ਮਰਹੂਮ ਗਾਇਕ ਸੰਦੀਪ ਅਖਤਰ, ਯੁੱਧਵੀਰ, ਬਬਲੀ ਬਰਾੜ ਤੇ ਕੁਲਦੀਪ ਭੱਟੀ ਆਦਿ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਅਤੇ ਇਨ੍ਹਾਂ ਕਲਾਕਾਰਾਂ ਦੁਆਰਾ ਗਾਏ ਸਾਰੇ ਹੀ ਗੀਤ ਹਿੱਟ ਹੋਏ। ਗਰੀਬ ਪਰਿਵਾਰ ਵਿਚ ਜਨਮੇਂ ਚੰਨੀ ਘੁੱਦੂਵਾਲੀਆ ਦਾ ਮੁੱਢਲਾ ਜੀਵਨ ਸੰਘਰਸ਼ਮਈ ਰਿਹਾ। ਛੋਟੀ ਉਮਰ ਚ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਚਲੇ ਜਾਣਾ। ਭੈਣ ਦੇ ਘਰ ਰਹਿਕੇ ਪਲਣਾ ਤੇ ਪੜ੍ਹਨਾ, ਰਿਕਸ਼ਾ ਚਲਾਕੇ ਮਜ਼ਦੂਰੀ ਕਰਕੇ ਸਕੂਲ ਦੀਆਂ ਫੀਸਾਂ ਭਰਨੀਆਂ। ਜ਼ਿੰਦਗੀ ਦੇ ਇਨ੍ਹਾਂ ਥਪੇੜਿਆਂ ਨੇ ਉਸਦੇ ਜੀਵਨ ਵਿਚ ਕਈ ਉਤਰਾਅ ਚੜ੍ਹਾਅ ਲਿਆਂਦੇ। ਚੰਨੀ ਦੱਸਦਾ ਹੈ ਕਿ ਗੀਤ ਲਿਖਣ ਦਾ ਸ਼ੌਕ ਉਸਨੂੰ ਛੋਟੀ ਉਮਰ ਵਿਚ ਹੀ ਪੈ ਗਿਆ ਸੀ। ਉਸਨੇ ਚੰਗਾ ਲੇਖਕ ਬਣਨ ਲਈ ਬਹੁਤ ਸਾਰਾ ਚੰਗੇ ਲੇਖਕਾਂ ਦਾ ਰਚਿਆ ਸਾਹਿਤ ਪੜ੍ਹਿਆ , ਜਿਸ ਨਾਲ ਉਸਦੀ ਗੀਤਕਾਰੀ ਵਿਚ ਨਿਖਾਰ ਆਇਆ ਅਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਉਦੋਂ ਬਣੀ ਜਦੋਂ ਉਸਦੀ ਨੇੜਤਾ ਪ੍ਰਸਿੱਧ ਗੀਤਕਾਰ ਬਚਨ ਬੇਦਿਲ ਨਾਲ ਹੋਈ। ਜਿਸਦੇ ਸਾਥ ਨੇ ਉਸਦੀ ਗੀਤਕਾਰੀ ਨੂੰ ਹੋਰ ਤਰਾਸ਼ਿਆ। ਉਸਦੇ ਗਲੇ ਵਿਚ ਕੁਦਰਤੀ ਮਿਠਾਸ ਨੂੰ ਭਾਂਪਦਿਆਂ ਉਸਦੇ ਦੋਸਤਾਂ ਮਿੱਤਰਾਂ ਨੇ ਉਸਨੂੰ ਗਾਇਕੀ ਵੱਲ ਪ੍ਰੇਰਿਆ। ਜਿਸਤੇ ਉਸਨੇ ਬਹੁਤ ਜਿਆਦਾ ਰਿਆਜ ਕੀਤਾ ਤੇ ਗੀਤਕਾਰੀ ਦੇ ਨਾਲ ਨਾਲ ਗਾਇਕੀ ਨੂੰ ਵੀ ਅਪਣਾ ਲਿਆ ਜਿਸਨੂੰ ਸਰੋਤਿਆਂ ਵਲੋਂ ਚੰਗਾ ਹੁੰਗਾਰਾ ਮਿਲਿਆ। ਕੁੱਝ ਹੀ ਸਮਾਂ ਪਹਿਲਾਂ ਚੰਨੀ ਘੁੱਦੂਵਾਲੀਆ ਅਤੇ ਬੀਬਾ ਪਾਲੀ ਸਿੱਧੂ ਦੀ ਆਵਾਜ਼ ਵਿਚ ਰਿਲੀਜ਼ ਹੋਏ ਟਰੈਕ , ‘ਰਾਤ ਚਾਨਣੀ’ ਨੂੰ ਸਰੋਤਿਆਂ ਵਲੋਂ ਖੂਬ ਪ੍ਰਸੰਸਾ ਮਿਲੀ ਹੈ। ਰਾਤ ਚਾਨਣੀ ਗੀਤ ਪੰਜਾਬ ਦੀ ਸਿਰਮੌਰ ਕਲਮ ਬਿੱਕਰ ਐਸ਼ੀ ਕੰਮੇਆਣਾ ( ਯੂ ਐਸ ਏ ) ਦਾ ਲਿਖਿਆ ਹੋਇਆ ਹੈ। ਜਿਸਦਾ ਸੰਗੀਤ ਸਵੈਗ ਮੇਕਰ ਅਤੇ ਰਾਜ ਕਮਲ ਨੇ ਦਿੱਤਾ ਹੈ। ਚੰਨੀ ਘੁੱਦੂਵਾਲੀਆ ਜਿਲ੍ਹਾ ਫਰੀਦਕੋਟ ਦੇ ਪਿੰਡ ਘੁੱਦੂਵਾਲਾ ਦਾ ਵਸਨੀਕ ਹੈ ਅਤੇ ਪੰਜਾਬ ਪੁਲਿਸ ਦੀ ਨੌਕਰੀ ਕਰ ਰਿਹਾ ਹੈ।