ਦਲਿਤ ਵਿਰੋਧੀ ਘਿਣਾਉਣੀਆਂ ਕਾਰਵਾਈਆਂ ਨੂੰ ਕਦੋਂ ਠੱਲ੍ਹ ਕਦੋਂ ਪਾਈ ਜਾਊ

ਪਿੰਡ ਚੰਗਾਲੀਵਾਲਾ ਦੀ ਘਟਨਾ ਜ਼ੁਲਮ ਦੀ ਇੰਤਹਾ ਤੇ ਜੰਗਲ ਰਾਜ ਦਾ ਸਬੂਤ

ਜਦੋਂ ਤੋਂ ਦੁਨੀਆ ਸਾਜੀ ਗਈ ਹੈ, ਉਦੋਂ ਤੋਂ ਹੀ ਗ਼ਰੀਬਾਂ ਦਲਿਤਾਂ ਤੇ ਅੱਤਿਆਚਾਰ ਤਸ਼ੱਦਦ ਹੁੰਦਾ ਆ ਰਿਹਾ ਹੈ। ਸਦੀਆਂ ਪਹਿਲਾਂ ਕੱਟੜ ਧਾਰਮਿਕ ਲੋਕ ਦਲਿਤਾਂ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾ ਦਿਆ ਕਰਦੇ ਸਨ। ਮੁਗ਼ਲ ਰਾਜਿਆਂ ਦੇ ਦੌਰ ਵਿੱਚ ਦਲਿਤਾਂ ਦੀ ਬਲੀ ਦੇਣੀ ਆਮ ਵਰਤਾਰਾ ਹੀ ਰਿਹਾ ਉਸ ਤੋਂ ਬਾਅਦ ਅੰਗਰੇਜ਼ੀ ਰਾਜ ਸਮੇਂ ਵੀ ਉਨ੍ਹਾਂ ਦੀ ਹਾਲਾਤ ਸੁਖਾਵੇਂ ਨਾ ਹੋਏ ਭਾਵੇਂ ਕਿ ਪਹਿਲਾਂ ਨਾਲੋਂ ਕੁੱਝ ਸੁਧਾਰ ਜ਼ਰੂਰ ਹੋਇਆ। ਦੇਸ਼ ਦੇ ਆਜ਼ਾਦ ਹੋਣ ਤੇ ਦਲਿਤਾਂ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ ਕਿ ਉਨ੍ਹਾਂ ਨੂੰ ਬਣਦੇ ਹੱਕ ਮਿਲਣਗੇ ਅਤੇ ਉਨ੍ਹਾਂ ਤੇ ਹੁੰਦੇ ਅੱਤਿਆਚਾਰ ਬੰਦ ਹੋ ਜਾਣਗੇ। ਪਰ ਦੇਸ ਦੀ ਆਜ਼ਾਦੀ ਦੇ ਸੱਤਰ ਸਾਲ ਬਾਅਦ ਤੱਕ, ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀਅਤ ਦੇਸ ਭਾਰਤ ‘ਚ ਹੁਣ ਵੀ ਦਲਿਤਾਂ ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਦਲਿਤ ਲੋਕ ਧਾਰਮਿਕ ਕੱਟੜਵਾਦੀਆਂ, ਫ਼ਿਰਕਾਪ੍ਰਸਤਾਂ, ਸਿਆਸਤਦਾਨਾਂ ਤੇ ਉੱਚ ਜਾਤੀਆਂ ਦੇ ਖਾਂਦੇ ਪੀਂਦੇ ਪਰਿਵਾਰਾਂ ਦੇ ਗੁੰਡਿਆਂ ਵੱਲੋਂ ਸ਼ਿਕਾਰ ਬਣਾਏ ਜਾਂਦੇ ਹਨ। ਕਦੇ ਧਾਰਮਿਕ ਅਸਥਾਨਾਂ ‘ਚ ਦਾਖਲ ਹੋ ਕੇ ਉਨ੍ਹਾਂ ਨੂੰ ਭਿੱਟ ਦੇਣ ਕਾਰਨ, ਕਦੇ ਗਊ ਦਾ ਮਾਸ ਲਿਜਾਉਣ, ਕਦੇ ਵੋਟਾਂ ਵਿੱਚ ਦੂਜੀ ਧਿਰ ਦਾ ਪੱਖ ਕਰਨ ਅਤੇ ਕਦੇ ਤਕੜੇ ਘਰਾਂ ਦੇ ਕਾਕਿਆਂ ਵੱਲੋਂ ਉਨ੍ਹਾਂ ਦੀ ਈਨ ਮੰਨ ਕੇ ਦਿਨ-ਕਟੀ ਨਾ ਕਰਨ ਸਦਕਾ ਦਲਿਤਾਂ ਦੀ ਗ਼ਰੀਬੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ।
ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਸੂਬੇ ਪੰਜਾਬ ‘ਚ ਵੀ ਕਦੇ ਦਲਿਤ ਭੀਮ ਟਾਂਕ ਦੇ ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਹੱਥ ਵੱਢ ਦਿੱਤੇ ਜਾਂਦੇ ਹਨ ਤੇ ਉਹ ਜ਼ਖ਼ਮਾਂ ਨਾਲ ਦਮ ਤੋੜ ਜਾਂਦਾ ਹੈ, ਕਦੇ ਚੰਗਾਲੀਵਾਲਾ ਦੇ ਜਗਮੇਲ ਸਿੰਘ ਦੀਆਂ ਲੱਤਾਂ ਇਸ ਕਦਰ ਭੰਨੀਆਂ ਜਾਂਦੀਆਂ ਹਨ ਕਿ ਉਹ ਕੱਟਣੀਆਂ ਪੈਂਦੀਆਂ ਹਨ ਆਖ਼ਰ ਉਹ ਮੌਤ ਨੂੰ ਗਲ ਲਾ ਲੈਂਦਾ ਹੈ। ਪਿਸ਼ਾਬ ਪਿਆ ਦੇਣ ਦੀ ਘਟਨਾ ਵੀ ਦਲਿਤਾਂ ਨਾਲ ਕਦੇ ਬਠਿੰਡਾ ‘ਚ ਵਾਪਰਦੀ ਹੈ ਤੇ ਕਦੇ ਸੰਗਰੂਰ ਜ਼ਿਲ੍ਹੇ ਵਿੱਚ। ਜੇ ਇਨਸਾਫ਼ ਦੀ ਗੱਲ ਕਰੀਏ ਬਹੁਤੇ ਮਾਮਲਿਆਂ ਵਿੱਚ ਤਾਂ ਇਨਸਾਫ਼ ਮਿਲਦਾ ਹੀ ਨਹੀਂ ਜੇਕਰ ਮਿਲਦਾ ਵੀ ਹੈ ਤਾਂ ਏਨੇ ਚਿਰ ਬਾਅਦ ਜਦ ਪੀੜ੍ਹਤ ਜਾਂ ਉਸਦੇ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਉਮੀਦ ਖ਼ਤਮ ਹੋ ਜਾਂਦੀ ਹੈ।
ਇਸੇ ਤਰ੍ਹਾਂ ਦੀ ਇਹ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿੱਚ ਵਾਪਰੀ। ਇਸ ਪਿੰਡ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦਾ ਪਿੰਡ ਦੇ ਖਾਂਦੇ ਪੀਂਦੇ ਘਰਾਂ ਦੇ ਨੌਜਵਾਨਾਂ ਨਾਲ ਝਗੜਾ ਹੋ ਗਿਆ, ਜਿਸ ਦਾ ਪਿੰਡ ਦੀ ਪੰਚਾਇਤ ਨੇ ਰਾਜ਼ੀਨਾਮਾ ਵੀ ਕਰਵਾ ਦਿੱਤਾ, ਪਰ ਜੱਟ ਪਰਿਵਾਰਾਂ ਦੇ ਮੁੰਡਿਆਂ ਦੀ ਤਸੱਲੀ ਨਾ ਹੋਈ । ਬੀਤੀ ੭ ਨਵੰਬਰ ਨੂੰ ਉਹ ਪਿੰਡ ਦੇ ਮੈਂਬਰ ਪੰਚਾਇਤ ਗੁਰਦਿਆਲ ਸਿੰਘ ਦੇ ਘਰ ਬੈਠਾ ਸੀ ਤਾਂ ਤਿੰਨ ਨੌਜਵਾਨ ਰਿੰਕੂ, ਲੱਕੀ ਤੇ ਬਿੱਟਾ ਉੱਥੇ ਪਹੁੰਚ ਗਏ ਅਤੇ ਜਗਮੇਲ ਨੂੰ ਇਹ ਕਹਿ ਕੇ ਮੋਟਰ ਸਾਈਕਲ ਤੇ ਬਿਠਾ ਕੇ ਲੈ ਗਏ ਕਿ ਉਸ ਨੂੰ ਦਵਾਈ ਦਿਵਾਉਣੀ ਹੈ। ਉੱਥੋਂ ਉਹ ਉਸ ਨੂੰ ਰਿੰਕੂ ਦੇ ਘਰ ਲੈ ਗਏ ਜਿੱਥੇ ਅਮਰਜੀਤ ਸਿੰਘ ਪਹਿਲਾਂ ਹੀ ਮੌਜੂਦ ਸੀ। ਘਰ ਅੰਦਰ ਉਨ੍ਹਾਂ ਜਗਮੇਲ ਨੂੰ ਬੰਨ੍ਹ ਕੇ ਉਸਤੇ ਭਾਰੀ ਤਸ਼ੱਦਦ ਕੀਤਾ, ਰਾਡਾਂ ਨਾਲ ਉਸਦੀਆਂ ਦੋਵੇਂ ਲੱਤਾਂ ਫੇਹ ਦਿੱਤੀਆਂ ਅਤੇ ਜਦ ਉਸਨੇ ਮਰਦੇ ਹੋਏ ਪਾਣੀ ਮੰਗਿਆ ਤਾਂ ਉਸ ਨੂੰ ਜਬਰੀ ਪਿਸ਼ਾਬ ਪਿਲਾਇਆ ਗਿਆ। ਜਗਮੇਲ ਦਾ ਚੀਕ ਚਿਹਾੜਾ ਸੁਣ ਕੇ ਉਸ ਦਾ ਇੱਕ ਦੋਸਤ ਮੌਕੇ ਤੇ ਪਹੁੰਚ ਗਿਆ ਜਿਸ ਨੇ ਉਸ ਨੂੰ ਛੁਡਾਇਆ।
ਇਸ ਉਪਰੰਤ ਉਸ ਨੂੰ ਪਹਿਲਾਂ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੋਂ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਜਗਮੇਲ ਦੇ ਬਿਆਨ ਤੇ ਉਸ ਦੀ ਕੁੱਟਮਾਰ ਕਰਨ ਤੇ ਤਸ਼ੱਦਦ ਕਰਨ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਤੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਸ ਸਮੇਂ ਤੱਕ ਉਸਦੀਆਂ ਲੱਤਾਂ ਵਿੱਚ ਇਨਫੈਕਸ਼ਨ ਬਹੁਤ ਵਧ ਗਈ ਅਤੇ ਡਾਕਟਰਾਂ ਨੂੰ ਉਸ ਦੀ ਜਾਨ ਬਚਾਉਣ ਲਈ ਲੱਤਾਂ ਕੱਟਣ ਤੋਂ ਇਲਾਵਾ ਕੋਈ ਚਾਰਾ ਦਿਖਾਈ ਨਹੀਂ ਸੀ ਦਿੰਦਾ, ਆਖ਼ਰ ਉਨ੍ਹਾਂ ਜਗਮੇਲ ਸਿੰਘ ਇੱਕ ਲੱਤ ਪੂਰੀ ਅਤੇ ਇੱਕ ਅੱਧੀ ਕੱਟ ਦਿੱਤੀ। ਜਗਮੇਲ ਤੇ ਹੋਏ ਅੰਨ੍ਹੇ ਤਸ਼ੱਦਦ ਦਾ ਅਸਰ ਇਸ ਕਦਰ ਵਧ ਚੁੱਕਾ ਸੀ ਕਿ ਕਈ ਦਿਨ ਜ਼ਿੰਦਗੀ ਮੌਤ ਨਾਲ ਘੋਲ ਕਰਦਾ ਕਰਦਾ ਆਖ਼ਰ ਉਹ ਹਾਰ ਗਿਆ ਅਤੇ ਆਪਣੇ ਪਿੱਛੇ ਨੌਜਵਾਨ ਪਤਨੀ ਮਨਜੀਤ ਕੌਰ ਤੇ ਦੋ ਮਾਸੂਮ ਬੱਚਿਆਂ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਉਪਰੰਤ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਧਰਾਵਾਂ ਵਿੱਚ ਵਾਧਾ ਕਰਦਿਆਂ ਮੁਕੱਦਮਾ ਕਤਲ ਕੇਸ ਵਿੱਚ ਤਬਦੀਲ ਕਰ ਦਿੱਤਾ।
ਜਗਮੇਲ ਦੀ ਪਤਨੀ ਮਨਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਲੈਣ ਲਈ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਮੌਤ ਦਾ ਪਤਾ ਲੱਗਣ ਤੇ ਵੱਖ ਵੱਖ ਜਥੇਬੰਦੀਆਂ ਤੇ ਲੋਕ ਆਗੂ ਪੀੜ੍ਹਤ ਪਰਿਵਾਰ ਕੋਲ ਪਹੁੰਚ ਗਏ, ਜਿਨ੍ਹਾਂ ਪੰਜਾਹ ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਰੱਖ ਦਿੱਤੀ। ਦੂਜੇ ਪਾਸੇ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਤੋਂ ੨੮ ਨਵੰਬਰ ਤੱਕ ਰਿਪੋਰਟ ਮੰਗ ਲਈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਐੱਸ ਐੱਫ ਐੱਸ, ਪੰਜਾਬ ਸਟੂਡੈਂਟਸ ਯੂਨੀਅਨ, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ, ਸੀ ਪੀ ਆਈ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੀੜ੍ਹਤ ਪਰਿਵਾਰ ਤੱਕ ਪਹੁੰਚ ਕਰਕੇ ਇਨਸਾਫ਼ ਦਿਵਾਉਣ ਲਈ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਉਨ੍ਹਾਂ ਦੀ ਡਟ ਕੇ ਮਦਦ ਕਰਨ ਦਾ ਭਰੋਸਾ ਦੇ ਦਿੱਤਾ। ਸੰਭਾਵਨਾ ਇਹ ਬਣ ਚੁੱਕੀ ਹੈ ਕਿ ਜੇਕਰ ਪ੍ਰਸ਼ਾਸਨ ਤੇ ਸਰਕਾਰ ਨੇ ਇਸ ਮਾਮਲੇ ਦੀ ਕਾਰਵਾਈ ਵਿੱਚ ਕੋਈ ਦੇਰੀ ਕੀਤੀ ਤਾਂ ਰਾਜ ਪੱਧਰ ਦਾ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਇੰਗਲੈਂਡ ਦੇ ਦੌਰੇ ਤੇ ਗਏ ਹੋਏ ਹਨ, ਪਰ ਇਸ ਅਤਿ ਘਿਣਾਉਣੀ ਘਟਨਾ ਦਾ ਪਤਾ ਲੱਗਦਿਆਂ ਉਨ੍ਹਾਂ ਨਿੱਜੀ ਦਿਲਚਸਪੀ ਦਿਖਾਉਂਦਿਆਂ ਰਾਜ ਦੇ ਮੁੱਖ ਸਕੱਤਰ ਅਤੇ ਡੀ ਜੀ ਪੀ ਨੂੰ ਸਮਾਂਬੱਧ ਜਾਂਚ ਕਰਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਦਲਿਤਾਂ ਦੀ ਰਾਖੀ ਲਈ ਰਾਜ ਸਰਕਾਰ ਵਚਨਬੱਧ ਹੈ ਅਤੇ ਉਨ੍ਹਾਂ ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਿਆਸੀ ਆਗੂਆਂ ਨੂੰ ਇਸ ਭੈੜੀ ਘਟਨਾ ਤੇ ਸਿਆਸਤ ਨਾ ਕਰਨ ਦਾ ਸੱਦਾ ਦਿੱਤਾ ਅਤੇ ਪੀੜ੍ਹਤ ਪਰਿਵਾਰ ਨੂੰ ਪ੍ਰਦਰਸ਼ਨ ਖ਼ਤਮ ਕਰਨ ਦਾ ਸੁਝਾਅ ਦਿੰਦਿਆਂ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ। ਓਧਰ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਪੀੜ੍ਹਤ ਪਰਿਵਾਰ ਨੂੰ ਮਿਲੇ ਅਤੇ ਸਵਾ ਅੱਠ ਲੱਖ ਰੁਪਏ ਮੁਆਵਜ਼ਾ, ਪਰਿਵਾਰ ਨੂੰ ਪੰਜ ਹਜ਼ਾਰ ਰੁਪਏ ਪੈਨਸ਼ਨ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿਵਾਉਣ ਲਈ ਲੋੜੀਂਦੇ ਕਦਮ ਚੁੱਕਣ ਦਾ ਵਾਅਦਾ ਕੀਤਾ, ਜਿਸ ਨੂੰ ਪਰਿਵਾਰ ਨੇ ਠੁਕਰਾ ਦਿੱਤਾ ਹੈ। ਸੀ ਪੀ ਆਈ ਐੱਮ ਦੇ ਸੂਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਘਟਨਾ ਨੂੰ ਜ਼ੁਲਮ ਦੀ ਇੰਤਹਾ ਕਰਾਰ ਦਿੰਦਿਆਂ ਇਸਨੂੰ ਰਾਜ ਸਰਕਾਰ ਦੇ ਮੱਥੇ ਤੇ ਕਲੰਕ ਕਿਹਾ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਪਰਿਵਾਰ ਦਾ ਸਾਥ ਦੇਣ ਦਾ ਐਲਾਨ ਕੀਤਾ।
ਇਸ ਅੱਤਿਆਚਾਰੀ ਘਟਨਾ ਦੇ ਮੁੱਦੇ ਤੇ ਲੋਕ ਸੰਘਰਸ਼ ਉੱਭਰਦਾ ਦੇਖਦਿਆਂ ਪੰਜਾਬ ਸਰਕਾਰ ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੇ ਇੰਦਰ ਸਿੰਗਲਾ ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਮ੍ਰਿਤਕ ਜਗਮੇਲ ਸਿੰਘ ਦੀ ਪਤਨੀ ਮਨਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਨਾਲ ਮੁੜ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਮ੍ਰਿਤਕ ਪਰਿਵਾਰ ਨੂੰ ਵੀਹ ਲੱਖ ਰੁਪਏ ਦਾ ਮੁਆਵਜ਼ਾ, ਮ੍ਰਿਤਕ ਦੀ ਪਤਨੀ ਨੂੰ ਗਰੁੱਪ ਡੀ ਦੀ ਨੌਕਰੀ, ਦੇਣ ਤੋਂ ਇਲਾਵਾ ਮ੍ਰਿਤਕ ਦੇ ਭੋਗ ਦਾ ਸਮੁੱਚਾ ਖਰਚਾ ਵੀ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜਗਮੇਲ ਸਿੰਘ ਦੇ ਘਰ ਦੀ ਮੁਰੰਮਤ ਲਈ ਸਵਾ ਲੱਖ ਰੁਪਏ ਦੇਣ, ਉਸਦੇ ਬੱਚਿਆਂ ਨੂੰ ਗਰੈਜੂਏਸ਼ਨ ਤੱਕ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਤੋਂ ਇਲਾਵਾ ਮਾਮਲੇ ਦੀ ਡੂੰਘਾਈ ਨਾਲ ਸਮਾਂਬੱਧ ਜਾਂਚ ਕਰਵਾਉਣ ਅਤੇ ਇੱਕ ਹਫ਼ਤੇ ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਕਰਕੇ ਤਿੰਨ ਮਹੀਨਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਦੇ ਹੁਕਮ ਵੀ ਜਾਰੀ ਹਨ। ਇਸ ਉਪਰੰਤ ਮ੍ਰਿਤਕ ਦੇ ਪਰਿਵਾਰ ਨੇ ਪ੍ਰਦਰਸ਼ਨ ਖ਼ਤਮ ਕਰਕੇ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਦੀ ਸਹਿਮਤੀ ਦੇ ਦਿੱਤੀ ਹੈ।
ਅੱਤਿਆਚਾਰ ਕਰਕੇ ਕਤਲ ਕਰਨ ਵਾਲੇ ਕਥਿਤ ਗੁੰਡਿਆਂ ਨੂੰ ਸਜਾਵਾਂ ਕਦੋਂ ਮਿਲਣਗੀਆਂ ਅਤੇ ਪੀੜ੍ਹਤ ਪਰਿਵਾਰ ਨੂੰ ਕਿਹੋ ਜਿਹਾ ਇਨਸਾਫ਼ ਮਿਲੇਗਾ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ, ਕਿਉਂਕਿ ਇੱਕ ਦਲਿਤ ਗ਼ਰੀਬ ਪਰਿਵਾਰ ਨੂੰ ਤਕੜੇ ਪਰਿਵਾਰ ਨਾਲ ਕਾਨੂੰਨੀ ਲੜਾਈ ਲੜਨੀ ਵੀ ਸੌਖੀ ਨਹੀਂ, ਪਰ ਜੋ ਲੋਕਾਂ ਤੇ ਜਥੇਬੰਦੀਆਂ ਤੋਂ ਸਹਿਯੋਗ ਮਿਲ ਰਿਹਾ ਹੈ ਉਸ ਤੋਂ ਆਸ ਜ਼ਰੂਰ ਬੱਝਦੀ ਹੈ। ਰਾਜ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿੱਥੇ ਇਸ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਉੱਥੇ ਸੂਬੇ ਵਿੱਚ ਅਜਿਹੀ ਕੋਈ ਹੋਰ ਘਟਨਾ ਵਾਪਰਨ ਤੋਂ ਰੋਕਣ ਲਈ ਲੋੜੀਂਦੇ ਸਖ਼ਤ ਪ੍ਰਬੰਧ ਕੀਤੇ ਜਾਣ। ਸਮੁੱਚੇ ਪੰਜਾਬ ਵਾਸੀਆਂ ਨੂੰ ਪੀੜ੍ਹਤ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ ਤਾਂ ਜੋ ਇਨਸਾਫ਼ ਦਿਵਾਉਣ ਅਤੇ ਅੱਗੇ ਲਈ ਗੁੰਡਾਗਰਦੀ ਰੋਕਣ ਲਈ ਦਬਾਅ ਬਣਾਇਆ ਜਾ ਸਕੇ। ਬੁੱਧੀਜੀਵੀ ਤੇ ਅਮਨ ਪਸੰਦ ਲੋਕ ਅਜਿਹੀਆਂ ਘਟਨਾ ਤੇ ਚਿੰਤਤ ਹਨ ਕਿ ਆਜ਼ਾਦ ਭਾਰਤ ਵਿੱਚ ਅਜਿਹੀਆਂ ਜੰਗਲ ਦੇ ਰਾਜ ਵਰਗੀਆਂ ਦਲਿਤ ਵਿਰੋਧੀ ਘਿਣਾਉਣੀਆਂ ਕਾਰਵਾਈਆਂ ਨੂੰ ਕਦੋਂ ਠੱਲ੍ਹ ਪਾਈ ਜਾਵੇਗੀ।