ਵਿਸ਼ਵ ਸਿਹਤ ਸੰਸਥਾ: ਜਲਵਾਯੂ ਦਾ ਬਦਲਾਅ ਮਨੁੱਖ ਜਾਤੀ ਲਈ ਸਦੀ ਦਾ ਸਭ ਤੋਂ ਵੱਡਾ ਖਤਰਾ – ਡਾ. ਸੁੱਧਵੀਰ ਸਿੰਘ ਨਿਊਜ਼ੀਲੈਂਡ

NZ PIC 1 Sep-1-B
‘ਵਿਸ਼ਵ ਸਿਹਤ ਸੰਸਥਾ’ (ਡਬਲਯੂ.ਐਚ. ਓ.) ਜਿਹੜੀ ਪੂਰੀ ਦੁਨੀਆ ਦੇ ਸਿਹਤ ਅੰਕੜਿਆਂ ਉਤੇ ਗਹਿਰੀ ਅੱਖ ਰੱਖਦੀ ਹੈ ਨੇ ਤਾਜ਼ਾ ਖੋਜ਼ ਵਿਚ ਪਾਇਆ ਗਿਆ ਹੈ ਕਿ ਇਸ ਸਦੀ ਦੇ ਵਿਚ ਮਨੁੱਖ ਜਾਤੀ ਨੂੰ ਸਭ ਤੋਂ ਵੱਡਾ ਖਤਰਾ ਬਦਲ ਰਹੇ ਜਲਵਾਯੂ ਦਾ ਹੈ। ਇਸ ਸਬੰਧੀ ਇਕ ਗਲੋਬਲ ਕਾਨਫਰੰਸ ਸੰਸਥਾ ਦੇ ਮੁੱਖ ਦਫਤਰ ਸਵਿਟਜਰਲੈਂਡ ਵਿਖੇ ਹੋਈ। ਕਾਨਫਰੰਸ ਦੇ ਵਿਚ ਨਿਊਜ਼ੀਲੈਂਡ ਤੋਂ ਭਾਗ ਲੈਣ ਪਹੁੰਚੇ ਡਾ. ਸੁੱਧਵੀਰ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਬਦਲਦੇ ਜਲਵਾਯੂ ਦਾ ਪ੍ਰਭਾਵ ਪਹਿਲਾਂ ਹੀ ਮਨੁੱਖ ਜਾਤੀ ਉਤੇ ਪੈਣਾ ਸ਼ੁਰੂ ਹੋ ਗਿਆ ਹੈ। ਪਿਘਲ ਰਹੀ ਬਰਫ, ਮੌਸਮ ਦਾ ਝਟਪਟ ਬਦਲਦਾ ਮਿਜ਼ਾਜ, ਹੜ੍ਹਾਂ ਦੀ ਭਰਮਾਰ, ਜੰਗਲਾਂ ਨੂੰ ਅੱਗ ਅਤੇ ਪੌਦਿਆਂ ਦੇ ਘਰਾਂ (ਗ੍ਰੀਨਹਾਊਸਾਂ) ਵਿਚੋਂ ਨਿਕਲਦੀਆਂ ਗੈਸਾਂ ਧਰਾਤਲ ਦੇ ਤਾਪਮਾਨ ਨੂੰ ਪ੍ਰਭਾਵਿਤ ਕਰ ਚੁੱਕੀਆਂ ਹਨ। ਡਾ. ਸੁੱਧਵੀਰ ਸਿੰਘ ਨੇ ਕਿਹਾ ਕਿ ਬਦਲਦੇ ਜਲਵਾਯੂ ਦੇ ਨਾਲ ਮਨੁੱਖੀ ਸਿਹਤਾਂ ਉਤੇ ਪਹਿਲਾਂ ਹੀ ਬੁਰਾ ਪ੍ਰਭਾਵ ਮਹਿਸੂਸ ਕੀਤਾ ਜਾਣ ਲੱਗਾ ਹੈ। ਜਲਵਾਯੂ ਵਿਚ ਆ ਰਹੇ ਬਦਲਾਅ ਕਾਰਨ ਸਿਹਤ ਸਹੂਲਤਾਂ ਦੇ ਵਿਚ ਵੀ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ। 
ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ ਸਾਲ ਲੱਖਾਂ ਲੋਕ ਬਦਲਦੇ ਜਲਵਾਯੂ ਅਤੇ ਅਸੰਤੁਲਤ ਭੋਜਨ ਦੇ ਨਾਲ ਮਰ ਰਹੇ ਹਨ। ਪੈਦਾ ਹੋ ਰਿਹਾ ਅਨਾਜ ਵੀ ਘਟੀਆ ਕਿਸਮ ਦਾ ਵੇਖਣ ਨੂੰ ਮਿਲ ਰਿਹਾ ਹੈ। ਹਵਾ ਪ੍ਰਦੂਸ਼ਣ ਦੇ ਨਾਲ ਵੀ 2012 ਦੇ ਵਿਚ 7 ਮਿਲੀਅਨ ਲੋਕਾਂ ਦੇ ਮਰਨ ਦਾ ਅੰਕੜਾ ਸ਼ਾਮਿਲ ਹੈ। ਡਾ. ਸਿੰਘ ਨੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਦਸੱਦਿਆਂ ਕਿਹਾ ਕਿ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਵੇਂ ਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਚਿਰਕਾਲੀਨ ਬਿਮਾਰੀਆਂ ਦੇ ਉਤੇ ਨਿਜਾਤ ਪਾਉਣ ਦੇ ਲਈ ਸਰੀਰਕ ਮਿਹਨਤ ਬਹੁਤ ਲਾਹੇਬੰਦ ਹੈ। ਵਿਸ਼ਵ ਸਿਹਤ ਸੰਸਥਾ ਨੇ ਇਸ ਕਾਨਫਰੰਸ ਦੇ ਅੰਤ ਵਿਚ ਕਿਹਾ ਕਿ 2030 ਤੱਕ ਸਿਹਤ ਖੇਤਰ ਦੇ ਵਿਚ 4.5 ਬਿਲੀਅਨ ਡਾਲਰ ਹੋਰ ਜਲਵਾਯੂ ਬਦਲਾਅ ਦੇ ਉਤੇ ਖਰਚਣਾ ਹੋਏਗਾ ਅਤੇ 2030 ਤੋਂ 2050 ਤੱਕ ਢਾਈ ਲੱਖ ਹੋਰ ਜਾਨਾਂ ਚਲੇ ਜਾਣ ਦਾ ਖਤਰਾ ਹੈ। ਵਰਨਣਯੋਗ ਹੈ ਕਿ ਡਾ. ਸੁੱਧਵੀਰ ਸਿੰਘ ਨੂੰ ਸਾਲ 2013 ਦੇ ਲਈ ‘ਨਿਊਜ਼ੀਲੈਂਡਰ ਆਫ਼ ਦਾ ਯੀਅਰ’ ਨਾਮਜ਼ਦ ਕੀਤਾ ਗਿਆ ਸੀ।