ਸੜਕ ਸੁਰੱਖਿਆ ਦੇ ਕਾਨੂੰਨਾਂ ਵਿੱਚ ਭਾਰੀ ਫੇਰ ਬਦਲ

ਨਿਊ ਸਾਊਥ ਵੇਲਜ਼ ਰਾਜ ਅੰਦਰ ਸੜਕਾਂ ਉਪਰ ਡਰਾਇਵਿੰਗ ਕਰਦਿਆਂ ਜੋ ਲੋਕ ਅਕਸਰ ਸ਼ਰਾਬ ਜਾਂ ਹੋਰ ਨਸ਼ਿਆਂ ਦੀ ਲੋਰ ਵਿੱਚ ਰਹਿੰਦੇ ਹਨ ਉਨ੍ਹਾਂ ਲਈ ਚਿਤਾਵਨੀਆਂ ਜਾਰੀ ਕਰਦਿਆਂ ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਕਿਹਾ ਕਿ ਉਹ ਲੋਕ ਹੁਣ ਖ਼ਬਰਦਾਰ ਹੋ ਜਾਣ ਕਿਉਂਕਿ ਰਾਜ ਸਰਕਾਰ ਹੁਣ ਪਹਿਲਾਂ ਤੋਂ ਜਾਰੀ ਸੁਰੱਖਿਆ ਦੇ ਕਾਨੂੰਨਾਂ ਅੰਦਰ ਭਾਰੀ ਫੇਰ ਬਦਲ ਕਰ ਰਹੀ ਹੈ ਅਤੇ ਇਸ ਵਿੱਚ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਦੇ ਵੀ ਪ੍ਰਾਵਧਾਨ ਹਨ।ਜੁਰਮਾਨੇ ਨੂੰ ਲੈ ਕੇ ਉਨ੍ਹਾਂ ਕਿਹਾ ਹੈ ਕਿ ਪਹਿਲਾਂ ਤੋਂ ਲਾਗੂ ਜੁਰਮਾਨਿਆਂ ਦੀ ਰਕਮ ਹੁਣ 23 ਗੁਣਾ ਵੱਧ ਹੋਣ ਵਾਲੀ ਹੈ। ਵਾਹਨਾਂ ਦੇ ਆਪਸੀ ਦੁਰਘਟਨਾਵਾਂ ਦੇ ਆਂਕੜਿਆਂ ਦੇ ਮੁਤਾਬਿਕ ਉਨ੍ਹਾਂ ਕਿਹਾ ਕਿ 2015 ਤੋਂ ਹੁਣ ਤੱਕ 101 ਬੜੇ ਹੀ ਖ਼ਤਰਨਾਕ ਅਤੇ ਜ਼ਬਰਦਸਤ ਟਕਰਾਉ ਹੋਏ ਹਨ ਅਤੇ ਇਨ੍ਹਾਂ ਟਕਰਾਵਾਂ ਕਾਰਨ 98 ਕੀਮਤੀ ਜਾਨਾਂ ਗੁਆਉਣੀਆਂ ਪਈਆਂ ਹਨ ਅਤੇ 52 ਹੋਰ ਦੂਸਰੇ ਲੋਕ ਇਸ ਦੀ ਚਪੇਟ ਵਿੱਚ ਆ ਜਾਣ ਕਾਰਨ ਜ਼ਖ਼ਮੀ ਹੋਏ ਹਨ। ਆਉਣ ਵਾਲੇ ਅਗਲੇ 12 ਮਹੀਨਿਆਂ ਦੇ ਵਿੱਚਕਾਰ ਹੁਣ ਸੜਕ ਉਪਰ ਵਾਹਨਾਂ ਦੀ ਸਪੀਡ ਨੂੰ ਮੋਬਾਇਲ ਕੈਮਰਿਆਂ ਰਾਹੀਂ ਚੈਕ ਕਰਨ ਅਤੇ ਚਿਤਾਵਨੀਆਂ ਆਦਿ ਦਾ ਨਵੀਨੀਕਰਨ ਕਰਕੇ ਹੁਣ ਸਰਕਾਰ ਨਵੇਂ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਦਾ ਖੁਲਾਸਾ ਜਨਤਕ ਤੌਰ ਤੇ ਕੀਤਾ ਜਾਵੇਗਾ। ਰਿਜਨਲ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਵੀ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੇ ਸਾਲ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਨਿਊ ਸਾਊਥ ਵੇਲਜ਼ ਰਾਜ ਅੰਦਰ ਸੜਕ ਉਪਰ ਹੋਈਆਂ ਦੁਰਘਟਨਾਵਾਂ ਕਾਰਨ 136 ਲੋਕਾਂ ਦੀ ਜਾਨ ਗਈ ਅਤੇ 2,941 ਲੋਕ ਜ਼ਖ਼ਮੀ ਹੋਏ ਕਿਉਂਕਿ ਦੂਸਰਾ ਕੋਈ ਤੇਜ਼ ਸਪੀਡ ਨਾਲ ਆ ਰਿਹਾ ਸੀ ਅਤੇ ਇਹ ਲੋਕ ਉਸਦੀ ਬੇਕਾਬੂ ਰਫ਼ਤਾਰ ਦਾ ਸ਼ਿਕਾਰ ਬਣ ਗਏ। ਜ਼ਿਕਰਯੋਗ ਹੈ ਕਿ ਇਸ ਵੇਲੇ ਕੌਮੀ ਪੱਧਰ ਉਪਰ ਸੜਕ ਸੁਰੱਖਿਆ ਹਫ਼ਤਾ ਵੀ ਮਨਾਇਆ ਜਾ ਰਿਹਾ ਹੈ ਅਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣੇ 648 ਮਿਲੀਅਨ ਡਾਲਰਾਂ ਦੇ ਬਜਟ ਵਿੱਚ ਸੜਕ ਸੁਰੱਖਿਆ ਦੇ ਪ੍ਰੋਗਰਾਮਾਂ ਦਾ ਹੀ ਐਲਾਨ ਪਹਿਲਾਂ ਤੋਂ ਹੀ ਕੀਤਾ ਹੋਇਆ ਹੈ। ਮੋਨਾਸ਼ ਯੂਨੀਵਰਸਿਟੀ ਦੁਰਘਟਨਾਵਾਂ ਦੇ ਖੋਜ ਕੇਂਦਰ ਦੀ ਵੀ ਰਿਪੋਰਟ ਹੈ ਕਿ ਰਾਜ ਅੰਦਰ ਮੋਬਾਇਲ ਸਪੀਡ ਕੈਮਰਿਆਂ ਦੀ ਮਦਦ ਨਾਲ ਹਰ ਸਾਲ 34 ਤੋਂ 43 ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ 600 ਲੋਕਾਂ ਨੂੰ ਖ਼ਤਰਨਾਕ ਚੋਟਾਂ ਤੋਂ ਬਚਾਇਆ ਜਾ ਸਕਦਾ ਹੈ। 

Install Punjabi Akhbar App

Install
×