ਗੀਤਕਾਰੀ ਦਾ ਬਦਲ ਦੇਣਾ ਜਰੂਰੀ: ਡਾ. ਤੇਜਵੰਤ ਮਾਨ

ਗੀਤਕਾਰ ਧਰਮੀ ਤੁੰਗਾਂ ਸਨਮਾਨਤ, ਡਾ. ਜਗਦੀਪ ਕੌਰ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ

01
ਅਜੋਕੀ ਗੀਤਕਾਰੀ ਅਤੇ ਗਾਇਕੀ ਪ੍ਰਮੀਤਕਤਾ ਤੋਂ ਦੂਰ ਹੁੰਦੀ ਜਾ ਰਹੀ ਹੈ। ਪੌਪ ਅਤੇ ਲੱਚਰ ਗਾਇਕੀ ਨੇ ਇਸਨੂੰ ਨਿੱਜੀ ਹਾਵਿਆਂ ਹੌਂਕਿਆਂ ਅਤੇ ਦੇਹ ਮੁਖੀ ਕਾਮ ਦੀ ਉਕਸਾਹਟ ਪੈਦਾ ਕਰਨ ਲਈ ਇੱਕ ਸਾਧਨ ਵਜੋਂ ਕੁਰਾਹੇ ਪਾ ਦਿੱਤਾ ਹੈ। ਨਵੀਂ ਪੰਜਾਬੀ ਗ਼ਜ਼ਲ ਨੇ ਭਾਵੇਂ ਆਪਣੇ ਰੂਪਕੀ ਅਰਥਾਂ ‘ਸੋਹਣੀ ਕੁੜੀ ਨਾਲ ਗੱਲਾਂ ਕਰਨ’ ਨੂੰ ਤਿਆਗ ਦਿੱਤਾ ਹੈ, ਪਰ ਅਰੂਜ਼ੀ ਬੰਦਸ਼ਾਂ ਨੇ ਨਵੇਂ ਖਿਆਲਾਂ, ਵਿਚਾਰਾਂ ਨੂੰ ਪ੍ਰਗਟ ਕਰਨ ਦੀ ਖੁੱਲ ਵਿੱਚ ਹਾਲਾਂ ਵੀ ਰੁਕਾਵਟਾਂ ਖੜੀਆਂ ਕਰ ਰੱਖੀਆਂ ਹਨ। ਇਹ ਵਿਚਾਰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਸਮਾਗਮ ਵਿੱਚ ਦਿੱਤੇ। ਉਨ੍ਹਾਂ ਕਿਹਾ ਕਿ ਧਰਮੀ ਤੁੰਗਾਂ ਅਖੌਤੀ ਪੌਪ ਅਤੇ ਲੱਚਰ ਗਾਇਕੀ ਦੇ ਬਦਲ ਵਜੋਂ ਇੱਕ ਉੱਚ ਕੋਟੀ ਦਾ ਗੀਤਕਾਰ ਸਾਹਮਣੇ ਆਇਆ ਹੈ ਜਿਸਦਾ ਮਾਨ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਡਾ. ਜਗਦੀਪ ਕੌਰ ਅਹੁਜਾ ਜਿਨ੍ਹਾਂ ਦਾ ਗ਼ਜ਼ਲ ਸੰਗ੍ਰਹਿ ‘ਸਮੀਰ ਸੰਦਲੀ’ ਲੋਕ ਅਰਪਣ ਕੀਤਾ ਗਿਆ ਇੱਕ ਪ੍ਰਤਿਭਾਸ਼ਾਲੀ ਗ਼ਜ਼ਲਗੋ ਹੈ ਜਿਸਨੇ ਉਰਦੂ, ਹਿੰਦੀ ਵਿੱਚ ਵੀ ਗ਼ਜ਼ਲਾਂ ਲਿਖੀਆਂ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਦੇ ਕੇਂਦਰ ਵਿਚ ਰੋਮਾਂਸ ਅਰਥ ‘ਦੇਹ ਕਾਮ’ ਨਹੀਂ ਸਗੋਂ ਬਿਰਹਾ ਹੈ।

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕਰਵਾਏ ਗਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਭਗਵੰਤ ਸਿੰਘ ਡਾ. ਅਰਵਿੰਦਰ ਕੌਰ ਕਾਕੜਾ, ਡਾ. ਜਗਦੀਪ ਕੌਰ ਅਹੂਜਾ, ਡਾ. ਤੇਜਵੰਤ ਮਾਨ, ਡਾ. ਰਾਜ ਕੁਮਾਰ ਗਰਗ, ਧਰਮਜੀਤ ਤੁੰਗਾਂ, ਪਵਨ ਹਰਚੰਦਪੁਰੀ ਸ਼ਾਮਲ ਹੋਏ। ਸਮਾਗਮ ਦਾ ਅਰੰਭ ਅੰਮ੍ਰਿਤ ਅਜੀਜ਼ ਦੀ ਸੂਫੀਆਨਾ ਗ਼ਜ਼ਲ ਨਾਲ ਹੋਇਆ। ਉਪਰੰਤ ਕ੍ਰਿਸ਼ਨ ਬੇਤਾਬ, ਪਵਨ ਹਰਚੰਦਪੁਰੀ, ਜੀਤ ਹਰਜੀਤ, ਰਾਜ ਕੁਮਾਰ ਨਿਮਾਣਾ, ਗੁਲਜ਼ਾਰ ਸਿੰਘ ਸ਼ੌਂਕੀ, ਬਚਨ ਝਨੇੜੀ, ਅਵਤਾਰ ਮਾਨ, ਦਲਬੀਰ ਸਿੰਘ, ਅਮਰ ਗਰਗ ਕਲਮਦਾਨ, ਦੇਸ਼ ਭੂਸ਼ਨ, ਕਰਤਾਰ ਠੁੱਲੀਵਾਲ, ਰਾਜ ਕੁਮਾਰ ਗਰਗ ਨੇ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ ।

ਧਰਮਜੀਤ ਤੁੰਗਾਂ ਅਤੇ ਡਾ. ਜਗਦੀਪ ਕੌਰ ਅਹੂਜਾ ਦਾ ਸਨਮਾਨ ਕਰਨ ਉਪਰੰਤ ਉਨ੍ਹਾਂ ਦੀ ਰਚਨ ਪ੍ਰਕਿਰਿਆ ਰੂ-ਬ-ਰੂ ਕੀਤਾ ਗਿਆ। ਦੋਹਾਂ ਸਖ਼ਸ਼ੀਅਤਾਂ ਨੇ ਆਪਣੀ ਜੀਵਨ-ਧਾਰਾ ਅਤੇ ਰਚਨਾਤਮਿਕ ਪਲਾਂ ਬਾਰੇ ਦੋ ਗੀਤ ਅਤੇ ਜਗਦੀਪ ਕੌਰ ਦੋ ਗ਼ਜ਼ਲਾਂ ਤਰੱਨਮ ਵਿਚ ਸੁਣਾਈਆਂ । ਜਗਦੀਪ ਕੌਰ ਅਹੂਜਾ ਦੇ ਗ਼ਜ਼ਲ ਸੰਗ੍ਰਹਿ ਬਾਰੇ ਡਾ. ਭਗਵੰਤ ਸਿੰਘ ਨੇ ਵਿਸਤਰਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਕਵਿਤਰੀ ਨੇ ਅਜੋਕੀ ਇਸਤ੍ਰੀ ਦੇ ਅੰਤਰੀਵ ਭਾਵਾਂ ਨੂੰ ਬੜੀ ਹੀ ਦਰਦੀਲੀ ਸੁਰ ਵਿਚ ਪੇਸ਼ ਕੀਤਾ ਹੈ। ਅੱਜ ਗ਼ਜ਼ਲ ਦੇ ਖੇਤਰ ਬਹੁਤ ਸਾਰੇ ਨਾਂ ਉਭਰਕੇ ਸਾਹਮਣੇ ਆ ਰਹੇ ਹਨ ਪਰ ਜਗਦੀਪ ਦੀ ਗ਼ਜ਼ਲ ਸ਼ੈਲੀ ਦੀ ਅਪਣੀ ਵੱਖਰੀ ਪਹਿਚਾਣ ਹੈ। ਧਰਮਜੀਤ ਤੁੰਗਾਂ ਦੀ ਮਾਂ ਬੋਲੀ ਨੂੰ ਸਮਰਪਿਤ ਗੀਤਕਾਰੀ ਦੀ ਪ੍ਰਸ਼ੰਸਾ ਕਰਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਅਜੋਕੇ ਚਿੰਤਨ ਵਿਚ ਇਸਤ੍ਰੀਵਾਦ ਭਾਰੂ ਹੋ ਗਿਆ ਜੋ ਸਾਡੇ ਪਰਿਵਾਰਕ ਰਿਸ਼ਤਿਆਂ ਲਈ ਬੜਾ ਖਤਰਨਾਕ ਹੈ। ਇਸੇ ਤਰ੍ਹਾਂ ਸਾਡੀ ਮਾਂ-ਬੋਲੀ ਪੰਜਾਬੀ ਉਤੇ ਅਤਿ ਗੰਭੀਰ ਕਿਸਮ ਦੇ ਹਮਲੇ ਹੋ ਰਹੇ ਹਨ।

ਪਵਨ ਹਰਚੰਦਪੁਰੀ ਨੇ ਇਨ੍ਹਾਂ ਦੋਹਾਂ ਮਸਲਿਆਂ ਬਾਰੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਵਿਚਾਰ ਸਪੱਸ਼ਟ ਕਰਦਿਆਂ ਕਿਹਾ ਕਿ ਲੱਚਰ ਗਾਇਕੀ, ਅਖੌਤੀ ਇਸਤ੍ਰੀਵਾਦ ਅਤੇ ਮਾਂ ਬੋਲੀ ਪੰਜਾਬੀ ਦੇ ਨਿਰਾਦਰ ਦੇ ਖਿਲਾਫ਼ ਸੇਖੋਂ ਸਭਾ ਸਤੱਰਕ ਹੈ, ਉਨ੍ਹਾਂ ਧਰਮੀ ਤੁੰਗਾਂ ਅਤੇ ਜਗਦੀਪ ਕੌਰ ਦੀ ਰਚਨਾ ਦੀ ਪ੍ਰਸੰਸਾ ਕੀਤੀ।

ਵਿਚਾਰ ਵਟਾਂਦਰੇ ਵਿਚ ਰਾਜ ਕੁਮਾਰ ਗਰਗ, ਡਾ. ਗੁਰਬਚਨ ਝਨੇੜੀ, ਅਮਰ ਗਰਗ ਕਲਮਦਾਨ, ਕਰਤਾਰ ਠੁੱਲੀਵਾਲ, ਗੁਲਜ਼ਾਰ ਸਿੰਘ ਸ਼ੌਂਕੀ ਨੇ ਹਿੱਸਾ ਲਿਆ। ਅੰਤ ਕਵੀਸ਼ਰ ਜੋਗਾ ਸਿੰਘ ਜੋਗਾ, ਜੰਗੀਰ ਮਾਣਕੀਆ ਡਾ. ਗੁਰਚਰਨ ਸਿੰਘ ਔਲਖ, ਪ੍ਰਸਿੱਧ ਪ੍ਰਵਾਸੀ ਕਵੀ ਗਿੱਲ ਮੋਰਾਂਵਾਲੀ ਦੇ ਵਿਛੋੜਾ ਦੇ ਜਾਣ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਦੀ ਕਾਰਵਾਈ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਸ. ਗੁਰਨਾਮ ਸਿੰਘ ਨੇ ਬਾਖੂਬੀ ਚਲਾਈ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ 17 ਦਸੰਬਰ 2017 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋ ਰਹੇ ਜਨਰਲ ਇਜਲਾਸ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਇਸ ਸਮਾਗਮ ਦੀ ਸਮਾਪਤੀ ਹੋਈ।

Install Punjabi Akhbar App

Install
×