ਸਰੀਰਕ ਸ਼ੋਸ਼ਣ ਦਾ ਸ਼ਿਕਾਰ ਮਹਿਲਾਵਾਂ ਆਉਣ ਅੱਗੇ -ਕੈਨਲ ਕੌਂਟੋਜ਼ ਅਤੇ ਨਿਊ ਸਾਊਥ ਵੇਲਜ਼ ਪੁਲਿਸ ਨੇ ਛੇੜੀ ਮੁਹਿੰਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਅੰਦਰ ਇੱਕ ਸਮਾਜ ਸੇਵੀ ਮਹਿਲਾ ਕੈਨਲ ਕੌਂਟੋਜ਼ ਅਤੇ ਰਾਜ ਦੀ ਪੁਲਿਸ ਨੇ ਮਿਲ ਕੇ ਇੱਕ ਮੁੰਹਿੰਮ ਛੇੜੀ ਹੈ ਜਿਸ ਦੇ ਤਹਿਤ ਅਜਿਹੀਆਂ ਮਹਿਲਾਵਾਂ ਨੂੰ ਅੱਗੇ ਆ ਕੇ ਆਪਬੀਤੀ ਦੱਸਣ ਬਾਰੇ ਕਿਹਾ ਹੈ ਜਿਨ੍ਹਾਂ ਨੂੰ ਕਦੇ ਨਾ ਕਦੇ ਸਰੀਰਕ ਸ਼ੋਸ਼ਣ ਜਿਹੀਆਂ ਘਿਨੌਣੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਨੂੰ ਯਕੀਨ ਵੀ ਦਵਾਇਆ ਜਾ ਰਿਹਾ ਹੈ ਕਿ ਉਹ ਜਦੋਂ ਤੱਕ ਨਹੀਂ ਚਾਹੁਣਗੀਆਂ, ਉਦੋਂ ਤੱਕ ਅਜਿਹੇ ਮਾਮਲਿਆਂ ਵਿੱਚ ਕਿਸੇ ਕਿਸਮ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਇਸ ਵਾਸਤੇ ਇੱਕ ਆਨਲਾਈਨ ਪ੍ਰਸ਼ਨਾਂ-ਉਤਰਾਂ ਵਾਲਾ ਖਾਕਾ ਤਿਆਰ ਕੀਤਾ ਗਿਆ ਹੈ।
ਕੈਨਲ ਕੌਂਟੋਜ਼, ਜੋ ਕਿ ਸਿਡਨੀ ਦੀ ਸਾਬਕਾ ਕੈਂਬਲਾ ਦੀ ਵਿਦਿਆਰਥਣ ਹੈ ਨੇ ਇਸ ਮੁਹਿੰਮ ਨੂੰ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਦਾ ਅਸਲ ਚਿਹਰਾ ਦਿਖਾਉਣ ਖਾਤਰ ਇਸ ਮੁਹਿੰਮ ਦਾ ਹਿੱਸਾ ਬਣਨਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਅਤੇ ਮਹਿਲਾਵਾਂ ਪ੍ਰਤੀ ਆਦਰ ਸਤਿਕਾਰ ਦੀ ਭਾਵਨਾ ਨੂੰ ਬਰਕਰਾਰ ਰੱਖਣ ਵਾਸਤੇ ਤਾਂ ਹੁਣ ਇਹ ਅਹਿਮ ਮੁੱਦਾ ਬਣਦਾ ਜਾ ਰਿਹਾ ਹੈ ਕਿਉਂਕਿ ਦੇਸ਼ ਅੰਦਰ ਬਹੁਤ ਆਵਾਜ਼ਾਂ ਹੁਣ ਅਜਿਹੀਆਂ ਉਠਣੀਆਂ ਸ਼ੁਰੂ ਹੋ ਗਈਆਂ ਹਨ ਜਿੱਥੇ ਕਿ ਦੇਸ਼ ਦੀ ਪਾਰਲੀਮੈਂਟ ਅੰਦਰ ਵੀ ਅਜਿਹੀਆਂ ਘਿਨੌਣੀਆਂ ਵਾਰਦਾਤਾਂ ਹੁੰਦੀਆਂ ਹਨ ਅਤੇ ਇਸ ਦੇ ਬਾਵਜੂਦ ਵੀ ਕੋਈ ਅਜਿਹਾ ਕਦਮ ਨਹੀਂ ਚੁਕਿਆ ਜਾ ਰਿਹਾ ਜਿੱਥੇ ਕਿ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਬੱਚਿਆਂ ਦੀ ਸਰੀਰਕ ਸ਼ੋਸ਼ਣ ਖ਼ਿਲਾਫ਼ ਬਣੇ ਸਕੁਐਡ ਦੇ ਡਿਟੈਕਟਿਵ ਸੁਰਰਿਨਟੈਂਡੈਂਟ ਸਟੇਸੀ ਮੈਲੋਨੀ ਨੇ ਇਸ ਉਦਮ ਦਾ ਸਵਾਗਤ ਕਰਦਿਆਂ ਕਿਹਾ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਇਸ ਮੁਹਿੰਮ ਵਿੱਚ ਸ਼ਾਮਿਲ ਹੈ ਅਤੇ ਪੂਰਨ ਸਹਿਯੋਗ ਦਾ ਵਾਅਦਾ ਅਤੇ ਨਾਲ ਹੀ ਦਾਅਵਾ ਵੀ ਕਰਦੀ ਹੈ।

Install Punjabi Akhbar App

Install
×