ਬੁੱਢੇ ਨਾਲੇ ਦੀ ਸਫ਼ਾਈ ਤੇ ਲੋਕਾਂ ਨੂੰ ਗੁਮਰਾਹ ਨਾ ਕਰੇ ਪੰਜਾਬ ਸਰਕਾਰ: ਗੁਰਪ੍ਰੀਤ ਸਿੰਘ ਚੰਦਬਾਜਾ

ਆਖਿਆ! ਚੋਣਾਵੀਂ ਸਟੰਟ ਦੇ ਮੱਦੇਨਜਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾਬਰਦਾਸ਼ਤਯੋਗ

ਫਰੀਦਕੋਟ -ਐੱਨ.ਜੀ.ਟੀ. ਦੇ ਸਖ਼ਤ ਹੁਕਮਾਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਮਾਰਚ 2019 ’ਚ ਸਤਲੁਜ ਅਤੇ ਬਿਆਸ ਨੂੰ ਸਾਫ ਕਰਨ ਲਈ ਵਿਸਥਾਰ ’ਚ ਵਿਓਂਤਬੰਦੀ ਬਣਾਈ ਸੀ। ਇਸ ਵਿਓਂਤਬੰਦੀ ’ਚ ਬੁੱਢੇ ਨਾਲੇ ਦੇ ਪਾਣੀ ’ਚ ਲੁਧਿਆਣੇ ਸ਼ਹਿਰ ਦਾ ਘਰੇਲੂ ਸੀਵਰੇਜ, ਰੰਗਾਈ ਇੰਡਸਟਰੀ ਦਾ ਖਤਰਨਾਕ ਕੈਮੀਕਲ ਵਾਲਾ ਗੰਦਾ ਪਾਣੀ, ਲੁਧਿਆਣੇ ਦੇ ਡੇਅਰੀ ਸਮੂਹਾਂ ਦੇ ਗੋਹੇ ਵਾਲਾ ਪਾਣੀ, ਠੋਸ ਕਚਰਾ, ਬੁੱਚੜਖਾਨੇ ਦਾ ਕਚਰਾ ਅਤੇ ਹਸਪਤਾਲਾਂ ਦੇ ਮੈਡੀਕਲ ਕਚਰੇ ਬਾਰੇ ਵੱਖਰੇ-ਵੱਖਰੇ ਹੱਲ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਪਲਾਨ ਦਿੱਤੇ ਗਏ ਸਨ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਮਨਪ੍ਰੀਤ ਸਿੰਘ ਧਾਲੀਵਾਲ ਮੈਂਬਰ ਨਰੋਆ ਪੰਜਾਬ ਮੰਚ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਘਰੇਲੂ ਸੀਵਰੇਜ ਦੇ ਹੱਲ ਲਈ ਪੰਜਾਬ ਸਰਕਾਰ ਨੇ 650 ਕਰੋੜ ਰੁਪਏ ਦੀ ਤਜਵੀਜ਼ ਦਿੱਤੀ ਸੀ, ਜਿਸ ਤਹਿਤ ਕੁਝ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਏ ਜਾਣੇ ਸਨ ਅਤੇ ਕੁਝ ਪੁਰਾਣੇ ਪਲਾਂਟਾਂ ਦਾ ਨਵੀਨੀਕਰਨ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਡਾਇੰਗ ਇੰਡਸਟਰੀ ਦੇ 3 ਵੱਖਰੇ-ਵੱਖਰੇ ਟਰੀਟਮੈਂਟ ਪਲਾਂਟ ਲਾਏ ਅਤੇ ਚਲਾਏ ਜਾਣੇ ਸਨ। ਜਿਸ ’ਚ ਇਹ ਵੀ ਕਿਹਾ ਗਿਆ ਸੀ ਕਿ ਸਰਕਾਰ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਦੇ ਰੂਪ ’ਚ ਲੈ ਕੇ ਜਾਣ ਲਈ ਇਸ ’ਚ ਨੀਲੋ ਨੇੜੇ ਵਗਦੀ ਨਹਿਰ ’ਚੋਂ ਕੁਝ ਸਾਫ਼ ਪਾਣੀ ਛੱਡੇ ਜਾਣ ਦਾ ਵੀ ਪ੍ਰਬੰਧ ਕਰੇਗੀ ਤਾਂ ਕਿ ਸੋਧੇ ਹੋਏ ਸੀਵਰੇਜ ਅਤੇ ਇੰਡਸਟਰੀ ਦੇ ਪਾਣੀ ਨੂੰ ਹੋਰ ਸ਼ੁੱਧ ਕਰਨ ’ਚ ਸਹਾਇਤਾ ਮਿਲ ਸਕੇ। ਉਨਾਂ ਦੱਸਿਆ ਕਿ ਪਿਛਲੇ ਦਿਨੀਂ ਨੀਲੋ ਨੇੜੇ ਇਸ ਨਹਿਰ ’ਚੋਂ ਪਾਣੀ ਬੁੱਢੇ ਨਾਲੇ ’ਚ ਛੱਡਣ ਦੀ ਸ਼ੁਰੂਆਤ ਕਰ ਦਿੱਤੀ ਗਈ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਦਾਅਵਾ ਕੀਤਾ ਗਿਆ ਕਿ ਪ੍ਰਦੂਸ਼ਣ ਦੇ ਕੁਝ ਪੈਮਾਨਿਆਂ ’ਚ 70-80 ਫੀਸਦੀ ਘਾਟ ਆ ਗਈ ਹੈ। ਵਾਤਾਵਰਨ ਸੰਸਥਾਵਾਂ ਨੇ ਇਸ ’ਤੇ ਬਹੁਤ ਹੈਰਾਨੀ ਜਤਾਈ, ਕਿਉਂਕਿ ਡਾਇੰਗ ਉਦਯੋਗ ਦੇ ਤਿੰਨ ’ਚੋਂ 2 ਵੱਡੇ ਪ੍ਰੋਜੈਕਟ ਹਾਲੇ ਚਾਲੂ ਵੀ ਨਹੀਂ ਹੋਏ ਅਤੇ ਤੀਜੇ ਸਭ ਤੋਂ ਛੋਟੇ ਦੇ ਸਹੀ ਢੰਗ ਨਾਲ ਨਾਂਅ ਚੱਲਣ ਦੀ ਗੱਲ ਪੰਜਾਬ ਪ੍ਰਦੂਸ਼ਣ ਬੋਰਡ ਨੇ ਆਪ ਕਹੀ ਹੈ। ਉਨਾਂ ਆਖਿਆ ਕਿ 650 ਕਰੋੜ ਰੁਪਏ ਵਾਲੇ ਘਰੇਲੂ ਸੀਵਰੇਜ ਪਲਾਂਟ ਦਾ ਤਾਂ ਹਾਲੇ ਠੇਕਾ ਹੀ ਕੁਝ ਮਹੀਨੇ ਪਹਿਲਾਂ ਦਿੱਤਾ ਗਿਆ ਹੈ ਅਤੇ ਇਸ ਨੂੰ ਬਣਨ ਲਈ ਦੋ ਸਾਲ ਤੋਂ ਵੱਧ ਸਮਾਂ ਲੱਗਣ ਦਾ ਅਨੁਮਾਨ ਹੈ। ਫ਼ਿਰ ਇਹ ਸਿਰਫ਼ ਨਹਿਰ ਦਾ ਥੋੜਾ ਜਿਹਾ ਪਾਣੀ ਛੱਡਣ ਨਾਲ 80 ਫੀਸਦੀ ਪ੍ਰਦੂਸ਼ਣ ਘਟਣ ਦੇ ਦਾਅਵੇ ਵਿਗਿਆਨਿਕ ਘੱਟ ਤੇ ਆਉਂਦੀਆਂ ਚੋਣਾਂ ਦੇ ਪ੍ਰਸੰਗ ’ਚ ਜ਼ਿਆਦਾ ਲੱਗਦੇ ਹਨ। ਸ੍ਰ. ਚੰਦਬਾਜਾ ਅਤੇ ਧਾਲੀਵਾਲ ਨੇ ਕਿਹਾ ਕਿ “ਬਿਨਾ ਕੋਈ ਟ੍ਰੀਟਮੈਂਟ ਪਲਾਂਟ ਚਾਲੂ ਕੀਤੇ ਨਹਿਰ ਦਾ ਪਾਣੀ ਛੱਡ ਕੇ ਬੁੱਢੇ ਨਾਲੇ ਦਾ ਸੀਵਰੇਜ ਸਿਰਫ਼ ਤੇਜੀ ਨਾਲ ਸਤਲੁਜ ’ਚ ਧੱਕਿਆ ਜਾ ਰਿਹਾ ਹੈ। ਪ੍ਰਦੂਸ਼ਿਤ ਸਤਲੁਜ ਦਾ ਪਾਣੀ ਪੀਣ ਲਈ ਮਜਬੂਰ ਫਰੀਦਕੋਟ, ਫਾਜ਼ਿਲਕਾ, ਮੁਕਤਸਰ ਆਦਿ ਇਲਾਕੇ ਪਹਿਲਾਂ ਹੀ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਹ ਕੈਮੀਕਲ ਵਾਲਾ ਪਾਣੀ ਪਹਿਲਾਂ ਨਾਲੋਂ ਵੀ ਵੱਧ ਤੇਜੀ ਨਾਲ ਸਤਲੁਜ ’ਚ ਪਹੁੰਚ ਜਾਵੇਗਾ ਅਤੇ ਪ੍ਰਦੂਸ਼ਣ ਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਣਗੇ ਜਾਂ ਮਾੜੇ ਇਹ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ, ਚੋਣਾਂ ਤੋਂ ਪਹਿਲਾਂ ਇਸ ਮਸਲੇ ’ਤੇ ਕੁਝ ਵਿਖਾਉਣਯੋਗ ਨਾ ਹੁੰਦਾ ਦੇਖ ਸਰਕਾਰ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਕੰਮ ਸਾਰਨਾ ਚਾਹੁੰਦੀ ਹੈ।

Install Punjabi Akhbar App

Install
×