ਚੈਂਪੀਅਨਜ਼ ਟਰਾਫ਼ੀ ਫ਼ਾਈਨਲ : ਖ਼ਿਤਾਬ ਖੁੱਸਣਾ ਮੰਦਭਾਗਾ ਪਰ ਅਸੀਂ ਨਿਰਾਸ਼ ਨਹੀਂ : ਹਾਕੀ ਇੰਡੀਆ

  • ਕੰਗਾਰੂਆਂ ਨੇ ਭਾਰਤ ਨੂੰ ਪੇਨਾਲਟੀ ਸ਼ੂਟਆਊਟ ‘ਚ 3-1 ਨਾਲ ਹਰਾਇਆ
  • ਨੈਂਦਰਲੈਂਡ ਨੂੰ ਕਾਂਸੀ ਦਾ ਤਗ਼ਮਾ

IMG_5280

(2 ਜੁਲਾਈ) – ਇੱਥੇ ਚੈਂਪੀਅਨਜ਼ ਟਰਾਫ਼ੀ ਹਾਕੀ 2018 ਦੇ ਫ਼ਾਈਨਲ ਭੇੜ ‘ਚ ਬੁਲੰਦ ਹੌਸਲੇ ਅਤੇ ਕਰੋ ਜਾਂ ਮਰੋ ਦੀ ਰਣਨੀਤੀ ਨਾਲ ਮੈਦਾਨੀਂ ਉੱਤਰੀ ਭਾਰਤੀ ਪੁਰਸ਼ ਹਾਕੀ ਟੀਮ ਵਧੀਆ ਖੇਡ ਦੇ ਬਾਵਜ਼ੂਦ 1-1 ਬਰਾਬਰੀ ਤੋਂ ਬਾਅਦ ਪੇਨਾਲਟੀ ਸ਼ੂਟਆਊਟ ‘ਚ ਦੁਨੀਆਂ ਦੀ ਨੰਬਰ ਇਕ ਟੀਮ ਆਸਟਰੇਲੀਆ ਤੋਂ 3-1 ਨਾਲ ਮਾਤ ਖਾ ਗਈ। ਮੈਚ ਦੇ 24ਵੇਂ ਮਿੰਟ ‘ਚ ਆਸਟਰੇਲੀਆਈ ਖਿਡਾਰੀ ਬਲੈਕ ਗੋਵੇਅਰਜ਼ ਨੇ ਪੇਨਾਲਟੀ ਕਾਰਨਰ ਰਾਹੀਂ 1-0 ਨਾਲ ਬੜਤ ਬਣਾਈ ਅਤੇ ਮੈਚ ਦੇ 42ਵੇਂ ਮਿੰਟ ‘ਚ ਵਿਵੇਕ ਪ੍ਰਸ਼ਾਦ ਦੇ ਗੋਲ ਨਾਲ ਭਾਰਤ ਨੇ ਮੈਚ ਨੂੰ ਬਰਾਬਰੀ ‘ਤੇ ਲਿਆ ਦਿੱਤਾ। ਮੈਚ ਸ਼ੁਰੂਆਤ ਤੋਂ ਹੀ ਫਸਵਾਂ ਰਿਹਾ। ਸਟੇਡੀਅਮ ‘ਚ ਦੋਨਾਂ ਟੀਮਾਂ ਦੇ ਸਮਰਥਕਾਂ ਦਾ ਹੜ੍ਹ ਅਤੇ ਜੋਸ਼ ਮੈਦਾਨੋਂ ਬਾਹਰ ਕਿਸੇ ਦੂਜੇ ਮੈਚ ਦਾ ਭੁਲੇਖਾ ਪਾ ਰਹੀ ਸੀ। ਮੈਚ ਦੌਰਾਨ ਅਗਰ ਭਾਰਤੀ ਖਿਡਾਰੀਆਂ ਨੇ ਅਹਿਮ ਮੌਕੇ ਨਾ ਗਵਾਏ ਹੁੰਦੇ ਤਾਂ ਨਤੀਜਾ ਕੁੱਝ ਹੋਰ ਹੋਣਾ ਸੀ। ਮੈਚ ਦੇ ਅੰਤ ‘ਚ ਪੈਨਾਲਟੀ ਸ਼ੂਟਆਊਟ ‘ਚ ਆਸਟ੍ਰੇਲੀਆਈ ਗੋਲਕੀਪਰ ਟੇਲਰ ਲੋਵੇਲ ਤਿੰਨ ਅਹਿਮ ਬਚਾਅ ਕਰਕੇ ਮੈਚ ਦਾ ਹੀਰੋ ਰਿਹਾ। ਹਾਕੀ ਇੰਡੀਆ ਦੇ ਸਟਾਰ ਖਿਡਾਰੀ ਮਨਦੀਪ ਅਤੇ ਹਰਮਨਪ੍ਰੀਤ ਮੁਤਾਬਿਕ, “ਖ਼ਿਤਾਬ ਦਾ ਹੱਥੋਂ ਖੁੱਸਣਾ ਮੰਦਭਾਗਾ ਰਿਹਾ। ਪਰ, ਸਾਰੀ ਟੀਮ ਵਧੀਆ ਖੇਡੀ ਅਤੇ ਅਸੀਂ ਨਿਰਾਸ਼ ਨਹੀਂ ਹਾਂ।” ਦੱਸਣਯੋਗ ਹੈ ਕਿ ਆਸਟ੍ਰੇਲੀਆ 15ਵੀਂ ਵਾਰ ਖ਼ਿਤਾਬ ‘ਤੇ ਕਾਬਜ਼ ਹੋਣ ‘ਚ ਸਫ਼ਲ ਰਿਹਾ। ਭਾਰਤ ਦੋ ਸਾਲ ਪਹਿਲਾਂ ਲੰਡਨ ‘ਚ ਵੀ ਆਸਟ੍ਰੇਲੀਆ ਤੋਂ ਫ਼ਾਈਨਲ ਵਿੱਚ ਹਾਰਿਆ ਸੀ। ਇਹ ਟੂਰਨਾਮੈਂਟ ਦਾ 37ਵਾਂ ਅਤੇ ਆਖਰੀ ਸੈਸ਼ਨ ਸੀ। ਮੇਜ਼ਬਾਨ ਨੈਦਰਲੈਂਡ ਨੇ ਉਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-0 ਨਾਲ ਮਾਤ ਰਾਹੀਂ ਕਾਂਸੀ ਦਾ ਤਗ਼ਮਾ ਆਪਣੇ ਨਾਂ ਕਰਵਾਇਆ।

ਹਰਜੀਤ ਲਸਾੜਾ

harjit_las@yahoo.com

Install Punjabi Akhbar App

Install
×