ਕੀ ਅਸਲ ਵਿੱਚ ਹੁੰਦੇ ਹਨ ਚਮਤਕਾਰ…..?

ਜਨਤਾ ਨੂੰ ਲਾਰੇ ਲਗਾ ਕੇ ਲੰਬੇ ਸਮੇਂ ਤੱਕ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਪਰ ਧਾਰਮਿਕ ਅੰਧ ਵਿਸ਼ਵਾਸ ਇੱਕ ਅਜਿਹਾ ਖੇਤਰ ਹੈ ਜਿਥੇ ਲੋਕ ਅਨੰਤ ਕਾਲ ਤੱਕ ਪੀੜ੍ਹੀ ਦਰ ਪੀੜ੍ਹੀ ਮੂਰਖ ਬਣਦੇ ਆ ਰਹੇ ਹਨ ਤੇ ਬਣਦੇ ਰਹਿਣਗੇ। ਅੱਜ ਕਲ੍ਹ ਪੰਜਾਬ ਵਿੱਚ ਕੁਝ ਲੋਕਾਂ ਵੱਲੋਂ ਸਟੇਜਾਂ ‘ਤੇ ਸ਼ਰੇਆਮ ਕਥਿੱਤ ਚਮਤਕਾਰ ਵਿਖਾਏ ਜਾ ਰਹੇ ਹਨ। ਵੇਖ ਕੇ ਹੈਰਾਨੀ ਹੁੰਦੀ ਹੈ ਕਿ ਲੋਕ ਮੌਜੂਦਾ ਜ਼ਮਾਨੇ ਵਿੱਚ ਵੀ ਅਜਿਹੀਆਂ ਬਿਨ ਸਿਰ ਪੈਰ ਦੀਆਂ ਗੱਲਾਂ ‘ਤੇ ਵਿਸ਼ਵਾਸ਼ ਕਰ ਰਹੇ ਹਨ। ਕੈਂਸਰ, ਲਕਵਾ, ਰੀੜ੍ਹ ਦੀ ਹੱਡੀ ਅਤੇ ਏਡਜ਼ ਆਦਿ ਵਰਗੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਮੰਜੇ ‘ਤੇ ਪਾ ਕੇ ਸਟੇਜ ‘ਤੇ ਲਿਜਾਇਆ ਜਾਂਦਾ ਹੈ ਜਿੱਥੇ ਇੱਕ ਕਥਿੱਤ ਧਾਰਮਿਕ ਵਿਅਕਤੀ ਕੁਝ ਮੰਤਰ ਪੜ੍ਹ ਕੇ ਉਨ੍ਹਾ ਦੇ ਮੱਥੇ ਨੂੰ ਹੱਥ ਲਗਾਉਂਦਾ ਹੈ ਤੇ ਮਰੀਜ਼ ਉੱਠ ਕੇ ਭੰਗੜਾ ਪਾਉਣ ਲੱਗ ਪੈਂਦੇ ਹਨ। ਜੇ ਵੀਡੀਉ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਸਾਫ ਲੱਗਦਾ ਹੈ ਕਿ ਕਥਿੱਤ ਬਿਮਾਰ ਵਿਅਕਤੀ ਕੋਈ ਦਾ ਫੇਲ੍ਹ ਹੋਇਆ ਐਕਟਰ ਹੈ। ਲੰਪੀ ਸਕਿੱਨ ਰੋਗ ਤੋਂ ਪੀੜਤ ਪਸ਼ੂ ਪਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਸ਼ੂ ਲੱਦ ਕੇ ਇਨ੍ਹਾਂ ਡੇਰਿਆਂ ਵਿੱਚ ਪਹੁੰਚ ਜਾਣ ਤਾਂ ਜੋ ਕਰੋੜਾਂ ਰੁਪਏ ਦੇ ਦੁਧਾਰੂ ਪਸ਼ੂਆਂ ਦੀ ਜਾਨ ਬਚ ਸਕੇ। ਜਾਂ ਪੰਜਾਬ ਸਰਕਾਰ ਇਨ੍ਹਾਂ ਧਾਰਮਿਕ ਵਿਅਕਤੀਆਂ ਦੀ ਡਿਊਟੀ ਲਗਾਵੇ ਕਿ ਉਹ ਪਿੰਡ ਪਿੰਡ ਜਾ ਕੇ ਇਸ ਬਿਮਾਰੀ ਤੋਂ ਪੀੜਤ ਜਾਨਵਰਾਂ ਨੂੰ ਠੀਕ ਕਰਨ। ਵੈਸੇ ਜਦੋਂ ਦੁਨੀਆਂ ਵਿੱਚ ਕਰੋਨਾ ਵਾਇਰਸ ਫੈਲਿਆ ਸੀ ਤਾਂ ਕੋਈ ਚਮਤਕਾਰ ਕੰਮ ਨਹੀਂ ਸੀ ਆਇਆ। ਜੇ ਇਨ੍ਹਾਂ ਧਾਰਮਿਕ ਵਿਅਕਤੀਆਂ ਦਾ ਮੈਡੀਕਲ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਬੂਸਟਰ ਡੋਜ਼ ਸਮੇਤ ਕਰੋਨਾ ਦੀਆਂ ਤਿੰਨੇ ਡੋਜ਼ਾਂ ਲੱਗੀਆਂ ਹੋਣਗੀਆਂ।
ਸਾਇੰਸ ਦਾ ਪਹਿਲਾ ਅਸੂਲ ਹੈ ਕਿ ਮੈਟਰ (ਪਦਾਰਥ) ਨਾ ਬਣ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ। ਇਸ ਕਾਰਨ ਹੀ ਅੱਜ ਤੱਕ ਭਾਰਤ ਦਾ ਕੋਈ ਬਾਬਾ, ਪੀਰ, ਫਕੀਰ, ਤਾਂਤਰਿਕ, ਮਾਂਤਰਿਕ ਅਤੇ ਜਾਦੂਗਰ ਤਰਕਸ਼ੀਲਾਂ ਵੱਲੋਂ ਘੋਸ਼ਿਤ ਕਰੋੜਾਂ ਰੁਪਏ ਦਾ ਇਨਾਮ ਨਹੀਂ ਜਿੱਤ ਸਕਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਪੀਰਨੀ ਹੈ। ਉਸ ਦਾ ਦਾਅਵਾ ਹੈ ਕਿ ਉਸ ਕੋਲ ਭਿਆਨਕ ਜਿੰਨ ਭੂਤ ਕੈਦ ਕੀਤੇ ਹੋਏ ਹਨ ਤੇ ਉਸ ਦੀ ਰੂਹਾਨੀ ਤਾਕਤ ਸਦਕਾ ਹੀ ਇਮਰਾਨ ਖਾਨ ਪ੍ਰਧਾਨ ਮੰਤਰੀ ਬਣਿਆ ਸੀ। ਪਰ ਜਦੋਂ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਉਸ ਦਾ ਤਖਤਾ ਪਲਟਾ ਦਿੱਤਾ ਤਾਂ ਕੋਈ ਜਿੰਨ ਭੂਤ ਸ਼ਾਹਬਾਜ਼ ਸ਼ਰੀਫ ਦੀਆਂ ਚਰਗੱਡੀਆਂ ਨਹੀਂ ਕਰਵਾ ਸਕਿਆ। ਅਖਬਾਰੀ ਖਬਰਾਂ ਤੋਂ ਲੱਗ ਰਿਹਾ ਹੈ ਕਿ ਜਲਦੀ ਹੀ ਇਮਰਾਨ ਖਾਨ ਦੀ ਜੇਲ੍ਹ ਯਾਤਰਾ ਦਾ ਆਸਾਰ ਵੀ ਬਣ ਰਹੇ ਹਨ। ਅਸਲ ਚਮਤਕਾਰ ਉਹ ਹੈ ਜੋ ਪੱਛਮੀ ਦੇਸ਼ਾਂ ਦੇ ਵਿਗਿਆਨੀਆਂ ਨੇ ਕੀਤੇ ਹਨ। ਉਨ੍ਹਾਂ ਨੇ ਲੋਕਾਈ ਦੀ ਜ਼ਿੰਦਗੀ ਪੁਰਸਕੂਨ ਕਰਨ ਲਈ ਬਿਜਲੀ, ਮੋਟਰ ਗੱਡੀਆਂ, ਰੇਲਾਂ, ਟਿਊਬਵੈੱਲ, ਟਰੈਕਟਰ, ਖਾਦਾਂ, ਰੇਡਿਉ, ਟੈਲੀਵਿਜ਼ਨ, ਪੱਖੇ, ਏਅਰ ਕੰਡੀਸ਼ਨਰ, ਕੰਪਿਊਟਰ ਚਿੱਪ, ਪੈੱਨ ਡਰਾਈਵ, ਵਾਸ਼ਿੰਗ ਮਸ਼ੀਨ, ਹਵਾਈ ਅਤੇ ਸਮੁੰਦਰੀ ਜਹਾਜ਼, ਰਾਕਟ, ਫਰਿੱਜ਼, ਇੰਟਰਨੈੱਟ, ਰੋਬੋਟ, ਸਾਈਕਲ, ਲਿਫਟ, ਟੈਲੀਫੋਨ, ਮੋਬਾਇਲ ਫੋਨ, ਈਮੇਲ, ਵੱਟਸਐੱਪ, ਫੇਸਬੁੱਕ, ਸੈਟੇਲਾਈਟ, ਮੈਟਰੋ ਤੇ ਬੁਲੈਟ ਟਰੇਨਾਂ, ਦਵਾਈਆਂ, ਐਕਸਰੇ, ਅਲਟਰਾ ਸਾਊਂਡ, ਦਿਲ ਵਾਸਤੇ ਸਟੰਟ, ਟੀਬੀ, ਪੋਲੀਉ, ਛੋਟੀ ਮਾਤਾ ਅਤੇ ਹਲਕਾਅ ਆਦਿ ਦੇ ਟੀਕਿਆਂ ਸਮੇਤ ਲੱਖਾਂ ਵਸਤੂਆਂ ਦੀ ਕਾਢ ਕੱਢੀ ਹੈ।
ਅਸੀਂ ਕੀ ਖੋਜਿਆ ਹੈ? ਭੂਤ ਪ੍ਰੇਤ, ਰਾਕਸ਼, ਚੁੜੇਲਾਂ, ਸਵਰਗ ਨਰਕ, ਜੋਤਸ਼ੀ, ਤਾਂਤਰਿਕ, ਵਾਸਤੂ ਕਲਾ ਐਕਸਪਰਟ, ਨਾਂਗੇ ਸਾਧੂ, ਆਤਮਾ, ਪ੍ਰਮਾਤਮਾ, ਧਰਤੀ ਸ਼ੇਸ਼ਨਾਗ ਦੀ ਫੱਨ ‘ਤੇ ਟਿਕੀ ਹੋਈ ਹੈ, ਸਭ ਦੁੱਖਾਂ ਦਾ ਇਲਾਜ ਧਾਰਮਿਕ ਕਰਮ ਕਾਂਡ ਅਤੇ ਨਗਰ ਕੀਰਤਨ, 33 ਕਰੋੜ ਦੇਵੀ ਦੇਵਤੇ, ਹਰ ਕੰਮ ਲਈ ਅਲੱਗ ਦੇਵਤਾ, ਗ੍ਰਹਿ ਚਾਲ ਦੀ ਦਸ਼ਾ ਬਦਲਣ ਵਾਲੇ ਐਕਸਪਰਟ, ਹਰ ਪ੍ਰਕਾਰ ਦੇ ਧਰਮ ਸਥਾਨ ਦਾ ਨਿਰਮਾਣ ਤੇ ਫਿਰ ਉਸ ‘ਤੇ ਕਬਜ਼ੇ ਲਈ ਜੂਤ ਪਤਾਣ ਹੋਣਾ, ਹਰ ਪ੍ਰਕਾਰ ਦੀ ਬਿਮਾਰੀ ਦੂਰ ਕਰਨ ਲਈ ਅਲੱਗ ਮੰਤਰ, ਮਨਪਸੰਦ ਵਿਆਹ, ਪਿਆਰ, ਦੁਸ਼ਮਣ ਤੇ ਸੌਂਕਣ ਨੂੰ ਨਸ਼ਟ ਕਰਨਾ, ਕਾਰੋਬਾਰ ਵਿੱਚ ਘਾਟਾ ਵਾਧਾ ਅਤੇ ਘਰੇਲੂ ਕਲੇਸ਼ ਨੂੰ ਖਤਮ ਕਰਨ ਦਾ ਪ੍ਰਬੰਧ ਕਰਨ ਵਾਲੇ ਠੱਗ, ਬਾਲ ਵਿਆਹ, ਸਤੀ ਪ੍ਰਥਾ ਅਤੇ ਜਾਤੀਵਾਦ ਆਦਿ ਆਦਿ। ਸ਼ੁਰੂ ਵਿੱਚ ਜਦੋਂ ਆਰੀਅਨ ਭਾਰਤ ਵਿੱਚ ਆਏ ਸਨ ਤਾਂ ਉਹ ਰੌਸ਼ਨ ਦਿਮਾਗ ਸਨ। ਉਸ ਵੇਲੇ ਵੇਦ ਲਿਖੇ ਗਏ ਅਤੇ ਅਨੇਕਾਂ ਵਿਗਿਆਨਕ ਖੋਜਾਂ ਕੀਤੀਆਂ ਗਈਆਂ। ਪਰ ਜਦੋਂ ਭਾਰਤੀ ਸਮਾਜ ਰਾਜਸ਼ਾਹੀ ਅਤੇ ਪੁਜਾਰੀਵਾਦ ਦੀ ਜਕੜ ਵਿੱਚ ਆ ਗਿਆ ਤਾਂ ਉਨ੍ਹਾਂ ਨੇ ਆਪਣੇ ਹਿੱਤ ਸਾਧਣ ਲਈ ਲੋਕਾਂ ਦੇ ਦਿਲੋ ਦਿਮਾਗ ‘ਤੇ ਕਾਬੂ ਕਰ ਲਿਆ। ਆਪਣਾ ਦਹੀਂ ਮੰਡਾ ਚਲਾਉਣ ਲਈ ਜਨਤਾ ਨੂੰ ਅਗਿਆਨ ਦੇ ਹਨੇਰੇ ਵਿੱਚ ਧਕੇਲ ਦਿੱਤਾ ਜੋ ਮੌਜੂਦਾ ਹਾਕਮਾਂ ਵੱਲੋਂ ਬਾਦਸਤੂਰ ਜਾਰੀ ਹੈ।
ਜੇ ਚਮਤਕਾਰ ਵਰਗੀ ਕੋਈ ਚੀਜ਼ ਹੁੰਦੀ ਤਾਂ ਫਿਰ ਦੁਨੀਆਂ ਵਿੱਚ ਕੋਈ ਮੁਸੀਬਤ ਹੀ ਨਹੀਂ ਸੀ ਰਹਿਣੀ। ਸਭ ਤੋਂ ਤਾਕਤਵਰ ਚਮਤਕਾਰੀ ਬਾਬੇ ਲੀਡਰਾਂ ਅਤੇ ਸਰਮਾਏਦਾਰਾਂ ਦੇ ਪਾਲਤੂ ਹੋਣੇ ਸਨ। ਇਲੈੱਕਸ਼ਨ ਜਿੱਤਣ ਲਈ ਸਿਰ ਵਿੱਚ ਮਿੱਟੀ ਪਵਾਉਣ, ਅਰਬਾਂ ਰੁਪਏ ਫੂਕਣ, ਗਰੀਬਾਂ ਦੇ ਪੈਰ ਚੱਟਣ ਅਤੇ ਜਨਤਾ ਵਿੱਚ ਜ਼ਾਤ ਧਰਮ ਦੇ ਨਾਮ ‘ਤੇ ਨਫਰਤ ਫੈਲਾਉਣ ਦੀ ਜਰੂਰਤ ਹੀ ਨਹੀਂ ਸੀ ਰਹਿਣੀ। ਬਾਬੇ ਨੇ ਇੱਕ ਮੰਤਰ ਪੜ੍ਹਨਾ ਸੀ ਤੇ ਸਰਕਾਰ ਬਣ ਜਾਣੀ ਸੀ। ਵਿਰੋਧੀ ਪਾਰਟੀਆਂ ਨੇਤਾਵਾਂ ਸਮੇਤ ਧਰਤੀ ਤੋਂ ਗਾਇਬ ਹੋ ਜਾਣੀਆਂ ਸਨ। ਦੁਨੀਆਂ ਵਿੱਚੋਂ ਸੋਕਾ, ਹੜ੍ਹ, ਦੰਗੇ, ਲੜਾਈਆਂ, ਝਗੜੇ, ਅਕਾਲ, ਬਿਮਾਰੀਆਂ, ਭੁੱਖਮਰੀ ਅਤੇ ਅੱਤਵਾਦ ਆਦਿ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਲੱਭਣਾ। ਕਰੋਨਾ, ਮੰਕੀ ਪਾਕਸ ਅਤੇ ਲੰਪੀ ਸਕਿੱਨ ਵਰਗੀਆਂ ਬਿਮਾਰੀ ਸ਼ੁਰੂ ਹੀ ਨਹੀਂ ਸਨ ਹੋਣੀਆਂ। ਚੀਨ ਅਤੇ ਪਾਕਿਸਤਾਨ ਦੀ ਕੀ ਹਿੰਮਤ ਹੋਣੀ ਸੀ ਕਿ ਭਾਰਤ ਨੂੰ ਡੇਲੇ ਵਿਖਾ ਸਕਦੇ।
ਅੱਜ ਭਾਰਤ ਵਿੱਚ ਲੱਖਾਂ ਚਮਤਕਾਰੀ ਬਾਬੇ ਆਪਣੀਆਂ ਦੁਕਾਨਾਂ ਸਜਾਈ ਬੈਠੇ ਹਨ। ਮਿਰਚੀ ਬਾਬੇ ਵਰਗੇ ਕਈ ਪਾਖੰਡੀ ਤਾਂ ਸਿਰੇ ਦੇ ਬੇਸ਼ਰਮ ਹਨ। ਉਸ ਨੇ ਮੱਧ ਪ੍ਰਦੇਸ਼ ਦੀਆਂ ਪਿਛਲੀਆ ਵਿਧਾਨ ਸਭਾ ਚੋਣਾਂ ਵਿੱਚ ਦਾਅਵਾ ਕੀਤਾ ਸੀ ਕਿ ਉਹ ਯੱਗ ਵਿੱਚ ਮਿਰਚਾਂ ਸਾੜ ਕੇ ਅਜਿਹਾ ਚਮਤਕਾਰ ਵਰਤਾਵੇਗਾ ਕਿ ਕਾਂਗਰਸੀ ਆਗੂ ਦਿਗਵਿਜੇ ਸਿੰਘ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦੇਵੇਗਾ। ਜੇ ਦਿਗਵਿਜੇ ਸਿੰਘ ਨਾ ਜਿੱਤਿਆ ਤਾਂ ਮੈਂ ਜਲ ਸਮਾਧੀ (ਆਤਮ ਹੱਤਿਆ) ਕਰ ਲਵਾਂਗਾ। ਪਰ ਹੋਇਆ ਉਲਟ, ਦਿਗਵਿਜੇ ਸਿੰਘ ਦੀ ਹੀ ਜ਼ਮਾਨਤ ਜ਼ਬਤ ਹੋ ਗਈ ਤੇ ਮਿਰਚੀ ਬਾਬਾ ਜਲ ਸਮਾਧੀ ਲੈਣ ਤੋਂ ਪੂਰੀ ਬੇਸ਼ਰਮੀ ਨਾਲ ਮੁਕਰ ਗਿਆ। ਅੱਜ ਕਲ੍ਹ ਉਹ ਵੀ ਬਲਾਤਕਾਰ ਦੇ ਦੋਸ਼ ਹੇਠ ਜੇਲ ਯਾਤਰਾ ਕਰ ਰਿਹਾ ਹੈ। ਸਿੱਖ ਧਰਮ ਵਿੱਚ ਚਮਤਕਾਰ ਜਾਂ ਕਰਾਮਾਤ ਦੀ ਕੋਈ ਜਗ੍ਹਾ ਨਹੀਂ ਹੈ। ਇਹ ਧਰਮ ਲੋਕਾਈ ਨੂੰ ਜ਼ਾਤ ਪਾਤ ਅਤੇ ਵਹਿਮਾਂ ਭਰਮਾਂ ਵਰਗੀਆਂ ਬੁਰਾਈਆਂ ਦੇ ਜੰਜਾਲ ਤੋਂ ਕੱਢਣ ਅਤੇ ਗਿਆਨ ਦਾ ਪ੍ਰਕਾਸ਼ ਵੰਡਣ ਲਈ ਵਜੂਦ ਵਿੱਚ ਆਇਆ ਸੀ। ਪਰ ਇਸ ਦੇ ਬਾਵਜੂਦ ਅਨੇਕਾਂ ਰਾਗੀ, ਢਾਡੀ, ਕਥਾਵਾਚਕ ਅਤੇ ਸਾਖੀਆਂ ਸੁਣਾਉਣ ਵਾਲੇ ਗੁਰੂ ਸਾਹਿਬਾਨ ਨੂੰ ਕਰਾਮਾਤੀ ਸਾਬਤ ਕਰਨ ‘ਤੇ ਤੁਲੇ ਪਏ ਹਨ। ਤਰਨ ਤਾਰਨ ਲਾਗਲੇ ਇੱਕ ਗੁਰੁਦਵਾਰੇ ਬਾਰੇ ਮਸ਼ਹੂਰ ਕੀਤਾ ਹੋਇਆ ਹੈ ਕਿ ਇਸ ਦਾ ਨਿਰਮਾਣ ਰਾਤੋ ਰਾਤ ਭੂਤਾਂ ਨੇ ਕੀਤਾ ਸੀ। ਅੰਮ੍ਰਿਤਸਰ – ਤਰਨ ਤਾਰਨ ਰੋਡ ‘ਤੇ ਇੱਕ ਗੁਰਦਵਾਰੇ ਬਾਰੇ ਇਹ ਅਫਵਾਹ ਫੈਲਾਈ ਹੋਈ ਹੈ ਕਿ ਜੇ ਇਥੇ ਕੋਈ ਗੱਡੀ ਰੋਕ ਕੇ ਮੱਥਾ ਨਾ ਟੇਕੇ ਤਾਂ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ।
ਇਸ ਧਰਤੀ ‘ਤੇ ਅੱਜ ਤੱਕ ਕੋਈ ਵੀ ਅਜਿਹਾ ਵਿਅਕਤੀ ਪੈਦਾ ਨਹੀਂ ਹੋਇਆ ਜੋ ਵਿਗਿਆਨ ਦੇ ਨਿਯਮਾਂ ਦੇ ਉਲਟ ਜਾ ਕੇ ਚਮਤਕਾਰ ਕਰ ਸਕਦਾ ਹੋਵੇ। ਇਹ ਸਾਰਾ ਪਾਖੰਡ ਧਰਮਾਂ ਦੇ ਠੱਗ ਠੇਕੇਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਚਮਕਾਉਣ ਅਤੇ ਪੈਸਾ ਇਕੱਠਾ ਕਰਨ ਲਈ ਫੈਲਾਇਆ ਜਾ ਰਿਹਾ ਹੈ। ਭਾਰਤ ਵਿੱਚ ਕਿਸੇ ਨੂੰ ਕੋਈ ਵੀ ਧਰਮ ਆਪਨਾਉਣ ਦੀ ਅਜ਼ਾਦੀ ਹੈ। ਪਰ ਧਰਮ ਪ੍ਰੀਵਰਤਨ ਕਰਨ ਲਈ ਕਿਸੇ ਪਾਖੰਡੀ ਦੇ ਚਮਤਕਾਰ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਉਸ ਧਰਮ ਦੇ ਗੁਣ ਵੇਖੇ ਜਾਣੇ ਚਾਹੀਦੇ ਹਨ। ਹਰੇਕ ਧਰਮ ਇੱਕ ਰੱਬ ਦੀ ਹੋਂਦ ਅਤੇ ਸ਼ਾਂਤੀ ਦਾ ਉਪਦੇਸ਼ ਦਿੰਦਾ ਹੈ। ਕੋਈ ਵੀ ਧਰਮ ਹਿੰਸਾ, ਲੁੱਟ ਮਾਰ, ਬਲਾਤਕਾਰ, ਠੱਗੀਆਂ ਮਾਰਨ ਜਾਂ ਦੰਗੇ ਕਰਨ ਦਾ ਸੰਦੇਸ਼ ਨਹੀਂ ਦਿੰਦਾ। ਠੱਗ ਤੁਹਾਨੂੰ ਉਹ ਹੀ ਵਿਖਾਉਂਦੇ ਹਨ, ਜੋ ਤੁਹਾਡਾ ਦਿਮਾਗ ਵੇਖਣਾ ਚਾਹੁੰਦਾ ਹੈ। ਇਨ੍ਹਾਂ ਦੀ ਗੱਲਾਂ ਵਿੱਚ ਫਸਣ ਤੋਂ ਪਹਿਲਾਂ ਰਚੇ ਜਾ ਰਹੇ ਇਸ ਚਮਤਕਾਰ ਰੂਪੀ ਇੰਦਰਜਾਲ ਨੂੰ ਤਰਕ ਦੀ ਕਸਵੱਟੀ ‘ਤੇ ਕੱਸ ਕੇ ਵੇਖਣਾ ਚਾਹੀਦਾ ਹੈ।