ਕੇਂਦਰ ਦੀ ਮੋਦੀ ਸਰਕਾਰ ਭਾਰਤੀ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ- ਕਾ: ਸੇਖੋਂ

  • ਕਸ਼ਮੀਰ ਹਾਲਾਤ ਹਿੰਦੂਤਵ ਏਜੰਡਾ ਅੱਗੇ ਵਧਾਉਣ ਦੀ ਵੱਡੀ ਸਾਜਿਸ਼

article370_union_territories_660_080519015504

ਬਠਿੰਡਾ/ 11 ਸਤੰਬਰ/ — ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਦਾ ਕਤਲ ਕਰਦਿਆਂ ਭਾਰਤੀ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਸਮੀਰ ਵਿੱਚ ਪੈਦਾ ਕੀਤੇ ਅਣਸੁਖਾਵੇਂ ਹਾਲਾਤ ਭਾਰਤ ਦੇ ਸੰਘੀ ਢਾਂਚੇ ਨੂੰ ਤੋੜ ਕੇ ਹਿੰਦੂਤਵ ਏਜੰਡਾ ਅੱਗੇ ਵਧਾਉਣ ਦੀ ਇੱਕ ਵੱਡੀ ਸਾਜਿਸ਼ ਹੈ।
ਸੂਬਾ ਸਕੱਤਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜਿਸਦਾ ਸੰਘੀ ਤੇ ਧਰਮ ਨਿਰਪੱਖ ਢਾਂਚਾ ਜਮਹੂਰੀਅਤ ਦੀ ਵੱਡੀ ਮਿਸ਼ਾਲ ਮੰਨਿਆਂ ਜਾਂਦਾ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਹਿੰਦੂਤਵ ਦਾ ਏਜੰਡਾ ਅੱਗੇ ਵਧਾਉਣ ਲਈ ਸੰਘੀ ਢਾਂਚਾ ਤੋੜਣ ਦੇ ਰਾਹ ਪੈ ਗਈ ਹੈ। ਇਸੇ ਸਾਜਿਸ ਤਹਿਤ ਜੰਮੂ ਕਸਮੀਰ ਚੋਂ ਧਾਰਾ 370 ਅਤੇ 35 ਏ ਤੋੜ ਕੇ ਉੱਥੋਂ ਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ। ਕਸਮੀਰ ਦੇ ਲੋਕਾਂ ਨੂੰ ਬੰਦੀ ਬਣਾ ਕੇ ਉਹਨਾਂ ਤੇ ਅੱਤਿਆਚਾਰ ਕੀਤੇ ਜਾ ਰਹੇ ਹਨ, ਕਿਉਂਕਿ ਉੱਥੋਂ ਦੀ ਵਧੇਰੇ ਅਬਾਦੀ ਮੁਸਲਮਾਨਾਂ ਦੀ ਹੈ। ਜੰਮੂ ਕਸਮੀਰ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਨਜਰਬੰਦ ਕਰ ਦਿੱਤਾ ਗਿਆ ਹੈ, ਦੇਸ਼ ਦੇ ਹੋਰ ਹਿੱਸਿਆਂ ਦੇ ਸਿਆਸੀ ਨੇਤਾਵਾਂ ਨੂੰ ਕਸਮੀਰ ਦਾ ਦੌਰਾ ਨਹੀਂ ਕਰਨ ਦਿੱਤਾ ਜਾ ਰਿਹਾ, ਤਾਂ ਜੋ ਉੱਥੋਂ ਦੇ ਹਾਲਾਤਾਂ ਦੀ ਜਾਣਕਾਰੀ ਦੇਸ਼ ਵਾਸੀਆਂ ਨਾਲ ਸਾਂਝੀ ਨਾ ਕੀਤੀ ਜਾ ਸਕੇ।
ਕਾ: ਸੇਖੋਂ ਨੇ ਕਿਹਾ ਕਿ ਸੀ ਪੀ ਆਈ ਐੱਮ ਦੇ ਜਨਰਲ ਸਕੱਤਰ ਕਾ: ਸੀਤਾ ਰਾਮ ਯੈਚੁਰੀ ਨੂੰ ਆਪਣੀ ਪਾਰਟੀ ਦੇ ਬੀਮਾਰ ਆਗੂ ਕਾ: ਤਾਰਾਗਾਮੀ ਦਾ ਹਾਲ ਚਾਲ ਪੁੱਛਣ ਤੇ ਇਲਾਜ ਲਈ ਮੱਦਦ ਕਰਨ ਵਾਸਤੇ ਸਰਕਾਰ ਤੋਂ ਪ੍ਰਵਾਨਗੀ ਲੈਣੀ ਪਈ, ਇਹ ਹਾਲਾਤ ਕਸਮੀਰ ਦੀ ਅੰਦਰੂਲੀ ਸਥਿਤੀ ਨੂੰ ਬਿਆਨ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਬੀਮਾਰ ਲੋਕਾਂ ਪ੍ਰਤੀ ਰੁਖ਼ ਇਹੋ ਜਿਹਾ ਹੈ ਤਾਂ ਆਮ ਲੋਕਾਂ ਨਾਲ ਕੀ ਵਾਪਰਦਾ ਹੋਵੇਗਾ ਇਸਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕੇਵਲ ਜੰਮੂ ਕਸਮੀਰ ਹੀ ਨਹੀਂ ਦੇਸ ਭਰ ਦੇ ਅਜਿਹੇ ਗਿਆਰਾਂ ਰਾਜ ਹਨ, ਜਿਹਨਾਂ ਵਿੱਚ ਮੁਸਲਮਾਨਾਂ ਦੀ ਬਹੁਤ ਜਿਆਦਾ ਅਬਾਦੀ ਹੈ, ਉਹਨਾਂ ਸਾਰੇ ਰਾਜਾਂ ਵਿੱਚ ਹੀ ਮੋਦੀ ਸਰਕਾਰ ਸਾਜਿਸਾਂ ਰਚ ਕੇ ਮੁਸਲਮਾਨਾਂ ਨੂੰ ਦਬਾਉਣ ਲਈ ਯਤਨਸ਼ੀਲ ਹੈ ਤਾਂ ਜੋ ਹਿੰਦੂਤਵੀ ਏਜੰਡਾ ਤੇਜੀ ਨਾਲ ਅੱਗੇ ਵਧਾਇਆ ਜਾ ਸਕੇ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੀ ਜਮਹੂਰੀਅਤ ਦਾ ਕਤਲ ਕਰ ਰਹੀ ਹੈ ਅਤੇ ਦੇਸ਼ ਦੀ ਧਰਮ ਨਿਰਪੱਖਤਾ ਨੂੰ ਤਬਾਹ ਕਰਨ ਦੇ ਰਸਤੇ ਤੁਰ ਪਈ ਹੈ। ਆਪਣੀ ਇਸ ਸਾਜਿਸ਼ ਨੂੰ ਸਿਰੇ ਲਾਉਣ ਲਈ ਯੂਨੀਅਨ ਆਫ਼ ਸਟੇਟਸ ਵਾਲੇ ਭਾਰਤੀ ਸੰਘ ਦੀ ਬਜਾਏ ਯੂਨੀਅਨ ਟੈਰਾਟਰੀ ਆਫ਼ ਸਟੇਟਸ ਬਣਾਉਣ ਵੱਲ ਵਧ ਰਹੀ ਹੈ, ਜੋ ਮਾੜਾ ਰੁਝਾਨ ਹੈ। ਉਹਨਾਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਦੇਸ਼ ਦੀ ਧਰਮ ਨਿਰਪੱਖਤਾ ਤੇ ਹਮਲੇ ਹੋ ਰਹੇ ਹਨ, ਜੋ ਦੇਸ਼ ਅਤੇ ਇੱਥੋਂ ਦੇ ਲੋਕਾਂ ਲਈ ਘਾਤਕ ਸਾਬਤ ਹੋਣਗੇ।
ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਪ੍ਰਤੀ ਵਿਚਾਰ ਪ੍ਰਗਟ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਸਮੁੱਚੀ ਦੁਨੀਆਂ ਨੂੰ ਜਾਣਕਾਰੀ ਹੈ, ਪਰ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਹੜ੍ਹ ਮਾਰੇ ਰਾਜਾਂ ਦੀ ਲਿਸਟ ਵਿੱਚ ਸਾਮਲ ਹੀ ਨਹੀਂ ਕੀਤਾ ਗਿਆ। ਵਿਰੋਧੀ ਪਾਰਟੀਆਂ ਅਤੇ ਆਮ ਲੋਕਾਂ ਵੱਲੋਂ ਇਸ ਸਬੰਧੀ ਹੋਏ ਵੱਡੇ ਵਿਰੋਧ ਸਦਕਾ ਕੇਂਦਰ ਦੀ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਵਾਲੀ ਟੀਮ ਨੂੰ ਪੰਜਾਬ ਭੇਜਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਭਾਵੇਂ ਕੇਂਦਰ ਦੀ ਟੀਮ ਦੌਰਾ ਵੀ ਕਰ ਜਾਵੇ ਫਿਰ ਵੀ ਹੜ੍ਹਾਂ ਦੇ ਨੁਕਸਾਨ ਦਾ ਕੇਂਦਰ ਵੱਲੋਂ ਮੁਆਵਜਾ ਮਿਲਣਾ ਅਤੇ ਬੀਮੇ ਦੀ ਰਾਸ਼ੀ ਮਿਲਣ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ ਕਿਉਂਕਿ ਪੰਜਾਬ ਨੂੰ ਹੜ੍ਹ ਮਾਰੇ ਰਾਜਾਂ ਦੀ ਸੂਚੀ ਵਿੱਚ ਦਰਜ ਨਹੀਂ ਕੀਤਾ ਗਿਆ।
ਸੂਬਾ ਸਕੱਤਰ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਹਰ ਫਰੰਟ ਤੇ ਫੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਈ ਹੈ। ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ, ਕਿਸਾਨ ਖੁਦਕਸੀਆਂ ਕਰ ਰਹੇ ਹਨ। ਨਸ਼ੇ ਪਹਿਲਾਂ ਵਾਂਗ ਸਰੇਆਮ ਵਿਕ ਰਹੇ ਹਨ। ਦਲਿਤਾਂ ਔਰਤਾਂ ਘੱਟ ਗਿਣਤੀਆਂ ਦੇ ਹਮਲੇ ਹੋ ਰਹੇ ਹਨ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵੱਲੋਂ ਡਿਪਟੀ ਕਮਿਸਨਰ ਗੁਰਦਾਸਪੁਰ ਨਾਲ ਕੀਤੀ ਸਬਦੀ ਜੰਗ ਬਾਰੇ ਪੁੱਛਣ ਤੇ ਕਾ: ਸੇਖੋਂ ਨੇ ਕਿਹਾ ਕਿ ਹਰ ਸਿਆਸਤਦਾਨ ਨੂੰ ਮਰਯਾਦਾ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ। ਸ੍ਰੀ ਬੈਂਸ ਜੋ ਆਪਣੀ ਪਾਰਟੀ ਦੇ ਮੁਖੀ ਹਨ ਉਹਨਾਂ ਪਹਿਲਾਂ ਵੀ ਕਈ ਵਾਰ ਮਾਣ ਮਰਯਾਦਾ ਦੀ ਉਲੰਘਣਾ ਕੀਤੀ ਹੈ, ਜੋ ਜਾਇਜ਼ ਨਹੀਂ ਹੈ। ਉਹਨਾਂ ਕਿਹਾ ਕਿ ਰਾਜਨੀਤਕ ਲੋਕਾਂ ਦੀ ਇਹ ਡਿਉਟੀ ਹੈ ਕਿ ਜਨਤਾ ਦੇ ਕੰਮਾਂ ਲਈ ਅਫ਼ਸਰਾਂ ਤੱਕ ਪਹੁੰਚ ਕਰਨ, ਪਰ ਉਹਨਾਂ ਨੂੰ ਮਰਯਾਦਾ ਤੇ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾ: ਗੁਰਚੇਤਕ ਸਿੰਘ ਬਾਸੀ, ਜਿਲ੍ਹਾ ਬਠਿੰਡਾ ਦੇ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ ਐਡਵੋਕੇਟ, ਮੇਘ ਨਾਥ ਤੇ ਗੁਰਚਰਨ ਸਿੰਘ ਚੌਹਾਨ ਵੀ ਹਾਜਰ ਸਨ।

Install Punjabi Akhbar App

Install
×