ਕਰੋਨਾ ਤੋਂ ਬਚਾਅ ਦੇ ਯੋਗ ਪ੍ਰਬੰਧ ਕਰਨ ‘ਚ ਕੇਂਦਰ ਸਰਕਾਰ ਫੇਲ੍ਹ ਹੋਈ- ਕਾ: ਸੇਖੋਂ

ਪ੍ਰਵਾਸੀ ਮਜਦੂਰਾਂ ਦੀ ਘਰ ਵਾਪਸੀ ਤੇ ਆਕਸੀਜਨ ਦੀ ਘਾਟ ਚਿੰਤਾ ਦਾ ਵਿਸ਼ਾ

ਬਠਿੰਡਾ -ਦੇਸ਼ ਭਰ ‘ਚ ਫੈਲੀ ਕਰੋਨਾ ਮਹਾਂਮਾਰੀ ਤੋਂ ਬਚਾਅ ਦੇ ਯੋਗ ਪ੍ਰਬੰਧ ਕਰਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਪ੍ਰਵਾਸੀ ਮਜਦੂਰ ਕੰਮ ਛੱਡ ਕੇ ਘਰਾਂ ਨੂੰ ਵਾਪਸ ਹੋ ਰਹੇ ਹਨ। ਸਰਕਾਰ ਦੀਆਂ ਨਾਕਾਮੀਆਂ ਸਦਕਾ ਜਿੱਥੇ ਗਰੀਬ ਲੋਕਾਂ ਦਾ ਗੁਜਾਰਾ ਚੱਲਣਾ ਵੀ ਅਸੰਭਵ ਹੋ ਜਾਵੇਗਾ, ਉੱਥੇ ਦੇਸ਼ ਦੇ ਵਿਕਾਸ ਵਿੱਚ ਵੀ ਭਾਰੀ ਰੁਕਾਵਟ ਆਵੇਗੀ। ਇਹ ਇੰਕਸਾਫ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।
ਸੂਬਾ ਸਕੱਤਰ ਨੇ ਕਿਹਾ ਕਿ ਦੇਸ਼ ਭਰ ਵਿੱਚ ਨਿੱਤ ਦਿਨ ਹੋ ਰਹੀਆਂ ਹਜ਼ਾਰਾਂ ਮੌਤਾਂ ਅਤੇ ਪੀੜ੍ਹਤਾਂ ਦੀ ਲੱਖਾਂ ਦੀ ਗਿਣਤੀ ਨੇ ਪ੍ਰਵਾਸੀ ਮਜਦੂਰ ਵਰਗ ਵਿੱਚ ਭਾਰੀ ਚਿੰਤਾ ਤੇ ਡਰ ਪੈਦਾ ਕਰ ਦਿੱਤਾ ਹੈ। ਉਹ ਕੰਮ ਛੱਡ ਕੇ ਆਪਣੇ ਘਰੀਂ ਆਪਣੇ ਪਰਿਵਾਰਾਂ ਕੋਲ ਪਹੁੰਚਣ ਨੂੰ ਤਰਜੀਹ ਦੇ ਰਹੇ ਹਨ। ਮੌਤ ਤੋਂ ਡਰ ਰਹੇ ਪ੍ਰਵਾਸੀ ਮਜਦੂਰ ਜੋ ਪੰਜਾਬ ਦੀ ਖੇਤੀਬਾੜੀ ਵਿੱਚ ਵੱਡਾ ਸਹਿਯੋਗ ਦੇ ਰਹੇ ਸਨ ਅਤੇ ਦੇਸ਼ ਦੀ ਸਨੱਅਤ ਚਲਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਸਨ, ਹੁਣ ਵਾਪਸ ਜਾ ਰਹੇ ਹਨ। ਮਜਦੂਰਾਂ ਦੇ ਕੰਮ ਛੱਡ ਕੇ ਜਾਣ ਨਾਲ ਖੇਤੀ ਵਿੱਚ ਵੀ ਭਾਰੀ ਮੁਸਕਿਲ ਪੈਦਾ ਹੋਵੇਗੀ ਅਤੇ ਸਨੱਅਤਾਂ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ। ਜੇਕਰ ਪ੍ਰਵਾਸੀ ਮਜਦੂਰਾਂ ਦੀ ਵਾਪਸੀ ਨਾ ਰੋਕੀ ਗਈ ਤਾਂ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਆਵੇਗੀ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਵਾਸੀ ਮਜਦੂਰਾਂ ਵਿੱਚ ਆਪਣਾ ਖੋਹਿਆ ਗਿਆ ਵਿਸਵਾਸ ਮੁੜ ਪੈਦਾ ਕਰੇ। ਕਿਸਾਨ ਤੇ ਮਜਦੂਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਇਹਨਾਂ ਤੋਂ ਬਗੈਰ ਦੇਸ਼ ਦਾ ਵਿਕਾਸ ਸੰਭਵ ਨਹੀਂ। ਕੇਂਦਰ ਸਰਕਾਰ ਮਜਦੂਰ ਵਾਪਸੀ ਰੋਕਣ ਲਈ ਉਹਨਾਂ ਦਾ ਟੀਕਾਕਰਨ ਅਤੇ ਉਹਨਾਂ ਦੇ ਗੁਜਾਰੇ ਦਾ ਯੋਗ ਪ੍ਰਬੰਧ ਕਰੇ ਅਤੇ ਉਹਨਾਂ ਦਾ ਡਰ ਦੂਰ ਕਰੇ। ਉਹਨਾਂ ਕਿਹਾ ਕਿ ਜਦੋਂ ਕਿਸਾਨ ਜਾਂ ਮਜਦੂਰ ਵਰਗ ਦਾ ਦੇਸ਼ ਦੀ ਸਰਕਾਰ ਤੋਂ ਵਿਸਵਾਸ ਉਠ ਜਾਵੇ ਤਾਂ ਦੇਸ਼ ਨਿਘਾਰ ਵੱਲ ਚਲਾ ਜਾਂਦਾ ਹੈ। ਇਸ ਲਈ ਤੁਰੰਤ ਗੌਰ ਕਰਨ ਦੀ ਜਰੂਰਤ ਹੈ।
ਸੂਬਾ ਸਕੱਤਰ ਨੇ ਆਕਸੀਜਨ ਦੀ ਘਾਟ ਲਈ ਵੀ ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਜੁਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਸਤੋਂ ਵੱਧ ਚਿੰਤਾ ਦੀ ਗੱਲ ਕੀ ਹੋ ਸਕਦੀ ਹੈ ਕਿ ਦੇਸ਼ ਦੀ ਰਾਜਧਾਨੀ ਦੇ ਸਭ ਤੋਂ ਵੱਡੇ ਹਸਪਤਾਲ ‘ਸਰ ਗੰਗਾ ਰਾਮ ਹਸਪਤਾਲ’ ਵਿੱਚ ਆਕਸੀਜਨ ਦੀ ਘਾਟ ਕਾਰਨ ਦਰਜਨਾਂ ਮੌਤਾਂ ਹੋ ਜਾਣ। ਉਹਨਾਂ ਕਿਹਾ ਕਿ ਜੇ ਸਰਕਾਰ ਬਨਾਉਟੀ ਸਾਹ ਦੇਣ ਲਈ ਆਕਸੀਜਨ ਹੀ ਲੋੜ ਅਨੁਸਾਰ ਸਪਲਾਈ ਯਕੀਨੀ ਨਹੀਂ ਬਣਾ ਸਕਦੀ ਤਾਂ ਮਹਾਮਾਰੀ ‘ਚ ਬਚਣ ਲਈ ਉਸਤੋਂ ਦਵਾਈਆਂ ਦੀ ਕੀ ਆਸ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਮਹਾਮਾਰੀ ਤੋਂ ਬਚਾਅ ਲਈ ਕੇਂਦਰ ਸਰਕਾਰ ਫੇਲ੍ਹ ਸਾਬਤ ਹੋਈ ਹੈ, ਲੋਕਾਂ ਦਾ ਸਰਕਾਰ ਤੋਂ ਵਿਸਵਾਸ ਟੁੱਟ ਗਿਆ ਹੈ, ਜੋ ਦੇਸ ਅਤੇ ਲੋਕਾਂ ਦੋਵਾਂ ਦੇ ਹਿਤ ਵਿੱਚ ਨਹੀਂ।
ਕਾ: ਸੇਖੋਂ ਨੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਵੀ ਮੰਗ ਕੀਤੀ ਕਿ ਪੰਜਾਬ ਵਿੱਚ ਕੰਮ ਕਰਦੇ ਪ੍ਰਵਾਸੀ ਮਜਦੂਰਾਂ ਵੱਲ ਵਿਸੇਸ਼ ਧਿਆਨ ਦਿੱਤਾ ਜਾਵੇ, ਉਹਨਾਂ ਨੂੰ ਕਰੋਨਾ ਤੋਂ ਬਚਾਅ ਲਈ ਲੋੜੀਂਦੀਆਂ ਦਵਾਈਆਂ ਆਦਿ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਰਾਜਧਾਨੀ ਦਿੱਲੀ ਦੇ ਬਰੂਹਾਂ ਤੇ ਬੈਠੇ ਕਿਸਾਨਾਂ ਵੱਲ ਵੀ ਕੇਂਦਰ ਤੇ ਸੂਬਾ ਸਰਕਾਰ ਫਿਕਰਮੰਦ ਹੋਣ ਤੇ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਠੋਸ ਪ੍ਰਬੰਧ ਕਰਨ।

Welcome to Punjabi Akhbar

Install Punjabi Akhbar
×
Enable Notifications    OK No thanks