ਕੇਂਦਰ ਦੀਆਂ ਸਾਜਿਸ਼ੀ ਚਾਲਾਂ ਫੇਲ੍ਹ, ਕਿਸਾਨ ਅੰਦੋਲਨ ਮਜਬੂਤੀ ਨਾਲ ਜਿੱਤ ਵੱਲ ਵਧ ਰਿਹਾ ਹੈ

ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਕਿਸਾਨ ਅੰਦੋਲਨ ਜਦ ਸਿਖ਼ਰਾਂ ਤੇ ਪਹੁੰਚ ਗਿਆ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕਿਸਾਨਾਂ ਨੂੰ ਪਾੜਣ ਦੀਆਂ ਸਭ ਸਾਜਿਸਾਂ ਫੇਲ੍ਹ ਹੋ ਗਈਆਂ ਤਾਂ ਕੇਂਦਰ ਸਰਕਾਰ ਨੇ ਏਜੰਸੀਆਂ ਰਾਹੀਂ ਲਾਲ ਕਿਲ੍ਹੇ ਤੇ ਝੰਡਾ ਫਹਿਰਾਉਣ ਦੀ ਘਟੀਆ ਚਾਲ ਨੂੰ ਅੰਜਾਮ ਦੇ ਦਿੱਤਾ। ਇਸ ਸਾਜਿਸ ਤਹਿਤ ਲਾਲ ਕਿਲ੍ਹੇ ਦੀ ਫਸ਼ੀਲ ਤੇ ਇੱਕ ਕਿਸਾਨੀ ਝੰਡਾ ਤੇ ਇੱਕ ਧਾਰਮਿਕ ਚਿੰਨ ਵਾਲਾ ਕੇਸਰੀ ਝੰਡਾ ਫਹਿਰਾਇਆ ਗਿਆ। ਇਸ ਉਪਰੰਤ ਕੇਂਦਰ ਸਰਕਾਰ ਨੇ ਕੇਸਰੀ ਧਾਰਮਿਕ ਝੰਡੇ ਨੂੰ ਖਾਲਿਸਤਾਨ ਦਾ ਪ੍ਰਤੀਕ ਦਾ ਸੂਚਕ ਅਤੇ ਰਾਸ਼ਟਰੀ ਤਿਰੰਗੇ ਝੰਡੇ ਦੀ ਤੌਹਾਨ ਕਹਿ ਕੇ ਪ੍ਰਚਾਰਣ ਦਾ ਪੂਰਾ ਯਤਨ ਕੀਤਾ। ਕਿਸਾਨਾਂ ਦੀ ਚੇਤਨਤਾ ਨੇ ਆਮ ਲੋਕਾਂ ਨੂੰ ਸਮੇਂ ਸਿਰ ਸੁਨੇਹਾ ਦੇ ਕੇ ਜਾਗਰੂਕ ਕਰਦਿਆਂ ਭਾਜਪਾ ਸਰਕਾਰ ਤੇ ਆਰ ਐੱਸ ਐੱਸ ਦੀ ਸਾਜਿਸ ਨੂੰ ਨੰਗਾ ਕਰਨ ਸਦਕਾ ਇਹ ਚਾਲ ਫੇਲ੍ਹ ਹੋ ਗਈ ਹੈ। ਹੁਣ ਇਹ ਕਿਸਾਨ ਅੰਦੋਲਨ ਪਹਿਲਾਂ ਨਾਲੋਂ ਵੀ ਵਧ ਚੜ੍ਹ ਕੇ ਅੱਗੇ ਵਧ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਸਾਜਿਸਾਂ ਸੰਘਰਸਾਂ ਨੂੰ ਢਾਅ ਤਾਂ ਲਾ ਦਿੰਦੀਆਂ ਹਨ ਪਰ ਆਖ਼ਰ ਨੂੰ ਫੇਲ੍ਹ ਹੋ ਜਾਂਦੀਆਂ ਹਨ ਅਤੇ ਸੱਚਾਈ ਦੀ ਹਮੇਸਾਂ ਜਿੱਤ ਹੁੰਦੀ ਹੈ। ਮੌਜੂਦਾ ਕਿਸਾਨ ਸੰਘਰਸ ਵੀ ਜਿੱਤ ਵੱਲ ਵਧਦਾ ਦਿਖਾਈ ਦਿੰਦਾ ਹੈ, ਉਹ ਦਿਨ ਦੂਰ ਨਹੀਂ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਗੋਡੇ ਟੇਕਣੇ ਪੈਣਗੇ।
ਕੇਂਦਰ ਦੀਆਂ ਕਿਸਾਨ ਮਾਰੂ ਤੇ ਲੋਕ ਵਿਰੋਧੀ ਸਾਜਿਸਾਂ ਹੁਣ ਪਰਤੱਖ ਹੋ ਚੁੱਕੀਆਂ ਹਨ। ਕਈ ਮਹੀਨਿਆਂ ਤੋਂ ਸੰਘਰਸ ਦੇ ਚਲਦੇ ਹੋਣ ਦੇ ਬਾਵਜੂਦ ਦੇਸ ਦੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਵੀ ਜਰੂਰਤ ਨਹੀਂ ਸਮਝੀੇ। ਲਾਲ ਕਿਲੇ ਦੀ ਫ਼ਸੀਲ ਤੇ ਝੰਡਾ ਲਹਿਰਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਮਨ ਕੀ ਬਾਤ ਦੌਰਾਨ ਇਹ ਤਾਂ ਕਿਹਾ ਕਿ ਤਿਰੰਗੇ ਦੇ ਨਿਰਾਦਰ ਤੋਂ ਦੇਸ ਉਦਾਸ ਹੈ, ਪਰ ਉਸ ਦਿਨ ਲਾਪਤਾ ਹੋਏ ਕਈ ਦਰਜਨ ਕਿਸਾਨਾਂ ਨੌਜਵਾਨਾਂ ਬਾਰੇ ਗੱਲ ਕਰਨ ਤੋਂ ਪ੍ਰਧਾਨ ਮੰਤਰੀ ਦੀ ਜ਼ੁਬਾਨ ਹੀ ਠੇਕੀ ਗਈ। ਜਿੱਥੋਂ ਤੱਕ ਨਿਰਾਦਰ ਕਰਨ ਦੀ ਗੱਲ ਕਹੀ ਜਾ ਰਹੀ ਹੈ, ਲਾਲ ਕਿਲ੍ਹੇ ਤੇ ਲਹਿਰਾਉਂਦੇ ਤਿਰੰਗੇ ਝੰਡੇ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ, ਸਿਰਫ ਖਾਲੀ ਪਈ ਪਾਈਪ ਤੇ ਹੀ ਝੰਡਾ ਲਹਿਰਾਇਆ ਗਿਆ। ਝੰਡਾ ਇੱਕ ਕਿਸਾਨੀ ਦਾ ਪ੍ਰਤੀਕ ਸੀ ਤੇ ਦੂਜਾ ਧਾਰਮਿਕ। ਜਦੋਂ ਕਿ ਇਸ ਧਾਰਮਿਕ ਚਿੰਨ ਵਾਲਾ ਝੰਡਾ ਤਾਂ ਸਰਕਾਰ ਵੱਲੋਂ ਦਿੱਲੀ ਵਿਖੇ ਕੱਢੀ ਜਾ ਰਹੀ ਪਰੇਡ ਦੀ ਝਾਕੀ ਵਿੱਚ ਵੀ ਸਾਮਲ ਸੀ। ਦੇਸ ਦੀਆਂ ਸਰਹੱਦਾਂ ਤੇ ਵੀ ਜਿੱਤ ਦੇ ਨਿਸਾਨ ਵਜੋਂ ਲਹਿਰਾਇਆ ਜਾਂਦਾ ਹੈ। ਇਸਦੇ ਬਾਵਜੂਦ ਵੀ ਕਿਸੇ ਕਿਸਾਨ ਜਥੇਬੰਦੀ ਜਾਂ ਕਿਸਾਨ ਆਗੂ ਨੇ ਇਹ ਝੰਡਾ ਲਹਿਰਾਉਣ ਨੂੰ ਜਾਇਜ਼ ਨਹੀਂ ਕਿਹਾ, ਭਾਵੇਂ ਕਿ ਇਸ ਨਾਲ ਤਿਰੰਗੇ ਦੀ ਕੋਈ ਤੌਹੀਨ ਨਹੀਂ ਹੋਈ। ਕਿਸਾਨ ਆਗੂਆਂ ਤੇ ਜਥੇਬੰਦੀਆਂ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੀ ਸਾਜਿਸ਼ੀ ਚਾਲ ਨੂੰ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਹੈ।
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਚੀ ਇਸ ਘਿਨਾਉਣੀ ਚਾਲ ਤੋਂ ਬਾਅਦ ਸਮੁੱਚੇ ਦੇਸ ਦੇ ਕਿਸਾਨਾਂ ਤੇ ਆਮ ਲੋਕਾਂ ਵਿੱਚ ਰੋਹ ਪੈਦਾ ਹੋਇਆ ਹੈ ਅਤੇ ਕਿਸਾਨ ਅੰਦੋਲਨ ਪਹਿਲਾਂ ਨਾਲੋਂ ਵੀ ਮਜਬੂਤੀ ਨਾਲ ਵਧ ਰਿਹਾ ਹੈ। ਕਿਸਾਨ ਨੇਤਾ ਸ੍ਰੀ ਰਾਕੇਸ ਟਕੈਤ ਦੀ ਇੱਕ ਅਪੀਲ ਤੇ ਉੱਤਰ ਪ੍ਰਦੇਸ਼ ਤੋਂ ਹਜ਼ਾਰਾਂ ਟਰੈਕਟਰਾਂ ਦਾ ਦਿੱਲੀ ਬਾਰਡਰ ਤੇ ਪਹੁੰਚ ਜਾਣਾ ਕੋਈ ਛੋਟੀ ਗੱਲ ਨਹੀਂ ਹੈ। ਖਾਪ ਪੰਚਾਇਤਾਂ ਵੱਲੋਂ ਕਿਸਾਨ ਸੰਘਰਸ ਦੀ ਕਾਮਯਾਬੀ ਲਈ ਮਤੇ ਪਾਸ ਕਰਕੇ ਯਤਨ ਅਰੰਭੇ ਜਾ ਚੁੱਕੇ ਹਨ। ਪੰਜਾਬ ਹਰਿਆਣਾ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਹਰ ਘਰ ਚੋਂ ਇੱਕ ਮੈਂਬਰ ਦੇ ਲਾਜਮੀ ਦਿੱਲੀ ਸੰਘਰਸ ਵਿੱਚ ਪਹੁੰਚਣ ਦੇ ਮਤੇ ਪਾਏ ਜਾ ਰਹੇ ਹਨ। ਹਰ ਪਿੰਡ ਵਿੱਚ ਦਿੱਲੀ ਅੰਦੋਲਨ ਵਿੱਚ ਪਹੁੰਚਣ ਲਈ ਤਿਆਰੀਆਂ ਸੁਰੂ ਹੋ ਗਈਆਂ ਹਨ। ਕਿਸਾਨ ਆਗੂਆਂ ਦਾ ਅਨੁਸਾਸਨ ਕਾਬਲੇ ਤਾਰੀਫ਼ ਹੈ। ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੂੰ ਕਿਸਾਨ ਅੰਦੋਲਨ ਦੀ ਸਟੇਜ ਦੇ ਨੇੜੇ ਨਹੀਂ ਫਟਕਣ ਦਿੱਤਾ ਜਾਂਦਾ, ਪਰ ਫੇਰ ਵੀ ਭਾਜਪਾ ਨੂੰ ਛੱਡ ਕੇ ਤਕਰੀਬਨ ਹਰ ਸਿਆਸੀ ਪਾਰਟੀ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਕੇਵਲ ਭਾਜਪਾ ਹੈ, ਜਿਸਨੇ ਬਹੁਕੌਮੀ ਕੰਪਨੀਆਂ ਤੇ ਅਡਾਨੀਆਂ ਅੰਬਾਨੀਆ ਕੋਲ ਦੇਸ ਦੀ ਸੌਦੇਬਾਜੀ ਕੀਤੀ ਹੋਈ ਹੈ।
ਲਾਲ ਕਿਲ੍ਹੇ ਵਾਲੀ ਘਟਨਾ ਦੀ ਆੜ ਵਿੱਚ ਕੇਂਦਰ ਸਰਕਾਰ ਵੱਲੋਂ ਕੁੱਝ ਗੁੰਡਿਆਂ ਅਤੇ ਪੁਲਿਸ ਰਾਹੀਂ ਕਿਸਾਨਾਂ ਵਿਰੁੱਧ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ, ਪਰ ਕਿਸਾਨ ਸਾਂਤਮਈ ਢੰਗ ਨਾਲ ਮੁਕਾਬਲਾ ਕਰ ਰਹੇ ਹਨ। ਦਿਨ ਬ ਦਿਨ ਕਿਸਾਨ ਅੰਦੋਲਨ ਮਜਬੂਤ ਹੋ ਰਿਹਾ ਹੈ ਤੇ ਅੱਗੇ ਵਧ ਰਿਹਾ ਹੈ, ਉਹ ਸਮਾਂ ਦੂਰ ਨਹੀਂ ਜਦੋਂ ਕੇਂਦਰ ਦੀ ਮੋਦੀ ਸਰਕਾਰ ਗੋਡੇ ਟੇਕੇਗੀ ਅਤੇ ਕਿਸਾਨਾਂ ਦੀ ਜਿੱਤ ਹੋਵੇਗੀ। ਸਰਕਾਰ ਨੂੰ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ।

Install Punjabi Akhbar App

Install
×