ਸੂਬਿਆਂ ਦੇ 1.65 ਲੱਖ ਕਰੋੜ ਦੇ ਜੀ. ਐੱਸ. ਟੀ. ਬਕਾਏ ਨੂੰ ਕੇਂਦਰ ਸਰਕਾਰ ਨੇ ਕੀਤਾ ਜਾਰੀ

ਨਵੀਂ ਦਿੱਲੀ, 27 ਅਗਸਤ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ 41ਵੀਂ ਜੀ. ਐੱਸ. ਟੀ. ਕੌਂਸਲ ਦੀ ਬੈਠਕ ਨੂੰ ਸੰਬੋਧਿਤ ਕੀਤਾ। ਇਸ ਬੈਠਕ ‘ਚ ਸੂਬਿਆਂ ਨੂੰ ਜੀ. ਐੱਸ. ਟੀ. ਦੇ ਮੁਆਵਜ਼ੇ ‘ਤੇ ਮੰਥਨ ਹੋਇਆ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜ ਘੰਟਿਆਂ ਤੱਕ ਚੱਲੀ ਬੈਠਕ ‘ਚ ਸੂਬਿਆਂ ਨੂੰ ਦੋ ਬਦਲ ਦਿੱਤੇ ਗਏ ਹਨ। ਕੇਂਦਰ ਖ਼ੁਦ ਉਧਾਰ ਲੈ ਕੇ ਸੂਬਿਆਂ ਨੂੰ ਮੁਆਵਜ਼ਾ ਦੇਵੇ ਜਾਂ ਫਿਰ ਆਰ. ਬੀ. ਆਈ. ਤੋਂ ਉਧਾਰ ਲੈ ਕੇ ਦਿੱਤਾ ਜਾਵੇ। ਸੂਬਿਆਂ 7 ਦਿਨਾਂ ਦੇ ਅੰਦਰ ਆਪਣੀ ਰਾਇ ਦੇਣਗੇ। ਭਾਵ ਕਿ ਸੱਤ ਦਿਨਾਂ ਬਾਅਦ ਇੱਕ ਵਾਰ ਫਿਰ ਸੰਖੇਪ ਬੈਠਕ ਹੋਵੇਗੀ। ਇਹ ਬਦਲ ਇਸ ਸਾਲ ਲਈ ਹੈ। ਕੌਂਸਲ ਅਪ੍ਰੈਲ 2021 ‘ਚ ਫਿਰ ਬੈਠਕ ਕਰਕੇ ਹਾਲਾਤ ਦੀ ਸਮੀਖਿਆ ਕਰੇਗੀ। ਵਿੱਤ ਸਕੱਤਰ ਅਜੇ ਭੂਸ਼ਨ ਪਾਂਡੇ ਨੇ ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਕੋਰੋਨਾ ਦੀ ਵਜ੍ਹਾ ਕਾਰਨ ਚਾਲੂ ਵਿੱਤੀ ਸਾਲ (2020-21) ‘ਚ ਜੀ. ਐੱਸ. ਟੀ. ਕਲੈਕਸ਼ਨ ‘ਚ 2.35 ਲੱਖ ਕਰੋੜ ਰੁਪਏ ਦੀ ਕਮੀ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਵਿੱਤੀ ਸਾਲ 2019-20 ਲਈ ਜੀ. ਐੱਸ. ਟੀ. ਮੁਆਵਜ਼ੇ ਦੇ ਰੂਪ ‘ਚ 1.65 ਲੱਖ ਕਰੋੜ ਰੁਪਏ ਤੋਂ ਵਧੇਰੇ ਜਾਰੀ ਕੀਤੇ ਹਨ, ਜਿਨ੍ਹਾਂ ‘ਚ ਮਾਰਚ ਲਈ 13,806 ਕਰੋੜ ਸ਼ਾਮਲ ਹਨ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×