ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਮਤਰੇਆ ਵਿਵਹਾਰ ਕਰਨ ਤੋਂ ਕਰੇ ਗੁਰੇਜ਼

ਜਿਸ ਤਰ੍ਹਾਂ ਸੜਕ ਨੇ ਜਾ ਰਿਹਾ ਲੱਦਿਆ ਹੋਇਆ ਵਾਹਨ ਅਚਾਨਕ ਆਏ ਉਭੜ ਖੱਬਰ ਟੋਇਆ ਕਾਰਨ ਹਚਕੋਲਾ ਖਾ ਕੇ ਆਪਣਾ ਸੰਤੁਲਨ ਬਣਾ ਲੈਂਦਾ ਹੈ ਉਸੇ ਤਰਾਂ ਕਿਸਾਨ ਅੰਦੋਲਨ  ਝਟਕਿਆਂ ਤੋਂ ਬਾਅਦ ਪੂਰੀ ਤਰਾਂ ਸੰਭਲ ਗਿਆ ਹੈ। ਜਿਹੜੀ ਸਰਕਾਰ ਗੋਦੀ ਮੀਡੀਆ ਦੇ ਜਰੀਏ ਕਿਸਾਨ ਅੰਦੋਲਨ ਖਤਮ ਹੋਣ ਦੇ ਜਸ਼ਨਾਂ ਦੀ ਤਿਆਰੀ ਕਰ ਰਹੀ ਸੀ ਉਸ ਨੂੰ ਬੈਕ ਫੁੱਟ ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। 26 ਜਨਵਰੀ ਦੇ ਘਟਨਾ ਕਰਮ  ਸਦਕਾ  ਕੇਂਦਰ ਸਰਕਾਰ ਨੇ ਜਿਹੜਾ ਬਿਰਤਾਂਤ ਸਿਰਜਿਆ ਸੀ ਉਹ ਬਹੁਤ ਜਿਆਦਾ ਖਤਰਨਾਕ ਸੀ। 26 ਜਨਵਰੀ ਤੱਕ ਸਰਕਾਰ ਕਿਸਾਨ ਅੰਦੋਲਨ ਨੂੰ ਅਸਥਿਰ ਕਰਨ ਦੀਆਂ ਤਮਾਮ ਚਾਲਾਂ ਚੱਲ ਚੁੱਕੀ ਸੀ।  ਕਿਸਾਨਾਂ ਦੀ ਹੰਢੀ ਵਰਤੀ ਲੀਡਰਸ਼ਿਪ ਨੇ ਸਰਕਾਰ ਦੀਆਂ ਸਾਰੀਆਂ ਚਾਲਾਂ ਫੇਹਲ ਕਰ ਦਿੱਤੀਆਂ ਸਨ। 26 ਜਨਵਰੀ ਨੂੰ ਜਨ ਪਥ ਤੇ ਕੀਤੀ ਜਾਣ ਵਾਲੀ ਪਰੇਡ ਤੋਂ ਬਾਅਦ ਰਾਸ਼ਟਰੀ ਕਿਸਾਨ ਮੋਰਚਾ ਨੇ ਕਿਸਾਨ ਪਰੇਡ ਕਰਨ ਦਾ ਫੈਸਲਾ ਕੀਤਾ ਜਿਸ ਵਿਚ ਲੱਖਾਂ ਕਿਸਾਨਾਂ ਨੇ ਟਰੈਕਟਰਾਂ ਸਮੇਤ ਹਿੱਸਾ ਲੈਣਾ ਸੀ। ਇਸ ਸ਼ਾਂਤਮਈ ਪਰੇਡ ਨੂੰ ਕੌਮੀ ਅਤੇ ਕਮਾਂਤਰੀ ਮੀਡੀਆ ਨੇ ਕਵਰ ਕਰਨਾ ਸੀ। ਸਰਕਾਰ ਇਸ ਪਰੇਡ ਨੂੰ ਹਰ ਹੀਲਾ ਵਸੀਲਾ ਵਰਤ ਕੇ ਰੋਕਣਾ ਚਾਹੁੰਦੀ ਸੀ ਤਾਂ ਕੇ ਉਸ ਦੀ ਵਿਸ਼ਵ ਪੱਧਰ ਤੇ ਫਜੀਅਤ ਨਾ ਹੋਵੇ। ਸਰਕਾਰ ਇਸ ਚਾਲ ਵਿਚ ਸਫਲ ਹੋ ਗਈ। ਸਰਕਾਰੀ ਕਰਿੰਦਿਆਂ ਨੇ ਗੋਦੀ ਮੀਡਿਆਂ ਦੀ ਸਹਾਇਤਾ ਨਾਲ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਉਥੇ ਕੌਮੀ ਝੰਡੇ ਦੀ ਬੇਅਦਬੀ ਕੀਤੀ ਗਈ ਹੈ ਹਾਲਾਂ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਸੀ। ਨਿਸ਼ਾਨ ਸਾਹਿਬ ਨੂੰ ਖਾਲਿਸਤਾਨੀ ਝੰਡੇ ਨਾਲ ਰਲ ਗੱਡ ਕਰ ਦਿੱਤਾ ਗਿਆ। ਇਸ ਘਟਨਾ  ਨੂੰ ਭਾਰਤ ਸਰਕਾਰ ਵਲੋੰ ਪਬੰਦੀਸ਼ੁਦਾ ਵਿਦੇਸ਼ੀ ਜਥੇਬੰਦੀ ਸਿੱਖ ਫ਼ਾਰ ਜਸਟਿਸ ਵਲੋੰ ਕੀਤੇ ਉਸ ਐਲਾਨ ਨਾਲ ਜੋੜਨ ਦਾ ਅਸਫਲ ਯਤਨ ਕੀਤਾ ਗਿਆ ਜਿਸ ਵਿਚ ਇਸ ਜਥੇਬੰਦੀ ਵਲੋੰ ਇੰਡੀਆ ਗੇਟ ਉੱਤੇ ਖਾਲਿਸਤਾਨੀ ਝੰਡਾ ਲਹਿਰਾਉਣ ਬਦਲੇ ਲੱਖਾਂ ਡਾਲਰ ਇਨਾਮ ਦੇਣ ਲਈ ਕਿਹਾ ਗਿਆ ਸੀ। ਸਰਕਾਰ ਨੂੰ ਉਹ ਮੁੱਦਾ ਮਿਲ ਗਿਆ ਜਿਸ ਦੀ ਉਸ ਨੂੰ ਭਾਲ ਸੀ। ਸਦਕੇ ਜਾਈਏ ਸੋਸ਼ਿਲ ਮੀਡੀਆ ਦੇ ਜਿਸ ਨੇ ਸਰਕਾਰ ਵਲੋੰ ਸ਼ੁਰੂ ਕੀਤੇ ਗਏ ਕੂੜ ਪਰਚਾਰ ਦਾ ਡਟ ਕੇ ਮੁਕਾਬਲਾ ਕੀਤਾ ਦੋ ਦਿਨਾਂ ਦੇ ਅੰਦਰ ਕੂੜ ਪਰਚਾਰ ਦੀ ਪੋਲ ਖੋਹਲ ਕੇ ਰੱਖ ਦਿੱਤੀ।  ਸਾਫ ਕਰ ਦਿੱਤਾ ਕਿ ਸਰਕਾਰ ਝੂਠ ਬੋਲ ਰਹੀ ਹੈ।

26 ਜਨਵਰੀ ਦੀਆਂ ਘਟਨਾਵਾਂ ਨੂੰ ਐਨੀ ਤੂਲ ਦਿੱਤੀ ਗਈ ਕਿ ਕਿਸਾਨ ਆਗੂਆਂ ਨੂੰ ਪਰੇਡ ਖਤਮ ਕਰ ਕੇ ਅੰਦੋਲਨਕਾਰੀ ਕਿਸਾਨਾਂ ਨੂੰ ਆਪੋ ਆਪਣੇ ਕੈਂਪਾਂ ਵਿਚ ਪਰਤ ਆਉਣ ਦੀ ਅਪੀਲ ਕਰਨੀ ਪਈ। ਸਾਰੇ ਮੋਰਚਿਆਂ ਵਿਚ ਮਾਯੂਸੀ ਦਾ ਆਲਮ ਛਾ ਗਿਆ। ਕਿਸਾਨ ਆਗੂਆਂ ਉੱਤੇ ਧੜਾ ਧੜ ਦੇਸ਼ ਧਰੋਹ ਦੇ ਕੇਸ ਦਰਜ ਕਰਕੇ ਦੇਸ਼ ਨਾ ਛੱਡਣ ਦੇ ਫੁਰਮਾਨ ਨਾਫ਼ਸ ਕਰ ਦਿੱਤੇ ਗਏ। ਇਸ ਦਾ ਮਤਲਬ ਕਿਸਾਨਾਂ ਅੰਦਰ ਦਹਿਸ਼ਤ ਦਾ ਮਹੌਲ ਪੈਦਾ ਕਰਨਾ ਸੀ। ਇਸ ਦੌਰਾਨ 27 ਜਨਵਰੀ ਦੀ ਸ਼ਾਮ ਆਉਂਦੇ ਆਉਂਦੇ ਗਾਜੀਪੁਰ ਬਾਡਰ ਉੱਤੇ ਕਿਸਾਨਾਂ ਦੇ ਇਕੱਠ ਵਿੱਚ ਕਮੀ ਆ ਗਈ । ਜਿਹੜੇ ਕਿਸਾਨ ਕੇਵਲ 26 ਦੀ ਪਰੇਡ ਵਿਚ ਸ਼ਾਮਲ ਹੋਣ ਆਏ ਸੀ ਉਹ ਵਾਪਸ ਪਰਤ ਗਏ ਸਨ। ਐਨ ਇਸ ਸਮੇਂ ਸਰਕਾਰ ਵਲੋੰ ਇੱਕ ਬਹੁਤ ਹੀ ਖਤਰਨਾਕ ਸਾਜਿਸ਼ ਘੜੀ ਗਈ।  ਜਿਸ ਤਰਾਂ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ  ਸਿੱਖਾਂ ਦੇ ਖਿਲਾਫ ਪੂਰੇ ਭਾਰਤ ਦੀ ਲਾਮਬੰਦੀ ਕਰਕੇ ਰਾਜੀਵ ਗਾਂਧੀ ਨੇ ਲੋਕ ਸਭਾ ਦੀਆਂ 404 ਸੀਟਾਂ ਜਿੱਤੀਆਂ ਸਨ ਉਸੇ ਤਰਜ਼ ਤੇ ਭਾਜਪਾ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਘਟੀਆ ਖੇਡ ਖੇਡਣ ਦਾ ਮਨ ਬਣਾ ਲਿਆ ਸੀ। ਉਸ ਸ਼ਾਮ ਗਾਜੀਪੁਰ ਬਾਡਰ ਤੇ ਮਹਿਜ਼ 4,5 ਸੌ ਕਿਸਾਨ ਸਨ ਜਿਹਨਾਂ ਚੋਂ ਜਿਆਦਾ ਸਿੱਖ ਸਨ। ਅਚਾਨਕ ਇਸ ਮੋਰਚੇ ਨੂੰ ਜਾਂਦਾ ਬਿਜਲੀ ਪਾਣੀ ਬੰਦ ਕਰ ਦਿੱਤਾ ਗਿਆ।  2000 ਦੇ ਕਰੀਬ ਯੂ ਪੀ ਪੁਲਿਸ ਦੀ ਨਫ਼ਰੀ ਨੇ ਗਾਜੀਪੁਰ ਦੇ ਕੈਂਪ ਨੂੰ ਘੇਰ ਲਿਆ। ਯੂ ਪੀ ਨਾਲ ਸਬੰਧਿਤ ਇੱਕ ਭਾਜਪਾਈ ਵਿਧਾਇਕ ਨੰਦ ਕਿਸ਼ੋਰ ਗੁੱਜਰ ਕਰੀਬ 3,4 ਸੌ  ਲੱਠਮਾਰਾਂ ਨੂੰ ਨਾਲ  ਲੈ ਕੇ ਉਥੇ ਪਹੁੰਚ ਗਿਆ।  ਵਿਧਾਇਕ ਦੇ ਇਹ ਆਦਮੀ ਨਾਅਰੇ ਲਾ ਰਹੇ ਸਨ, “ਯੂ ਪੀ ਪੁਲਿਸ ਲੱਠ ਵਜਾਉ ਹਮ ਤੁਮਾਰੇ ਸਾਥ ਹੈਂ”।

ਪੁਲਿਸ ਪੂਰੀ ਤਰਾਂ ਉਹਨਾਂ ਨੂੰ ਸੁਰੱਖਿਆ ਦੇ ਰਹੀ ਸੀ। ਇਸ ਸਮੇ ਕਿਸਾਨ ਆਗੂ ਟਿਕੈਤ ਸਟੇਜ ਉੱਤੇ ਹਾਜਰ ਸੀ। ਇਹ ਹਾਲਤ ਦੇਖ ਕੇ 1984 ਦੀ ਸਾਰੀ ਕਹਾਣੀ ਫਿਲਮ ਵਾਂਗ ਉਹਦੇ ਦਿਮਾਗ ਵਿਚ ਘੁੰਮ ਗਈ ।ਬਕੌਲ ਟਿਕੈਤ ਉਸ ਨੇ ਆਪਣੀ ਕਲਪਣਾ ਅੰਦਰ ਦੇਸ਼ ਦਾ ਸੰਵਿਧਾਨ ਲੀਰੋ ਲੀਰ ਹੁੰਦਾ ਦੇਖਿਆ। ਉਸ ਨੇ ਦੇਖਿਆ ਕਿ ਪੁਲਿਸ ਅਤੇ ਭਾਜਪਾਈ ਗੁਰਗਿਆਂ ਦੇ ਘੇਰੇ ਵਿਚ ਸਿੱਖ ਕਿਸਾਨ ਹਨ। ਉਹ ਅੱਖ ਦੇ ਫੋਰ ਵਿੱਚ  ਸਰਕਾਰ ਦੀ ਸਾਰੀ ਸਾਜਿਸ਼ ਸਮਝ ਗਿਆ। ਗ੍ਰਿਫਤਾਰੀ ਦੇਣ ਲਈ ਤਿਆਰ ਟਿਕੈਤ ਨੇ ਫੈਸਲਾ ਬਦਲਦਿਆਂ ਐਲਾਨ ਕੀਤਾ ਕਿ ਉਹ ਫਾਂਸੀ ਲਗਾ ਲਵੇਗਾ ਪਰ ਸਿੱਖਾਂ ਨੂੰ ਬੇਇੱਜਤ ਨਹੀ ਹੋਣ ਦੇਵੇਗਾ। ਇਹ ਸੋਚਦਿਆਂ ਕਿ ਸਰਕਾਰ ਦੋ ਕੌਡੀ ਦੇ ਲੋਕਾਂ ਤੋਂ ਕਿਸਾਨਾਂ ਦੀਆਂ ਪੱਗਾਂ ਲਹਾਉਣ ਤੇ ਉਤਾਰੂ ਹੋ ਗਈ ਹੈ, ਉਹ ਬੇਹੱਦ ਭਾਵੁਕ ਹੋ ਗਿਆ।  ਇਹ ਵੀਡੀਓ ਵਾਇਰਲ ਹੋ ਕੇ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚ ਗਈ। ਇਸ ਵੀਡੀਓ ਨੇ ਕੁਝ ਘੰਟਿਆਂ ਵਿਚ ਬਾਜੀ ਪਲਟ ਦਿੱਤੀ। ਲਖਨਊ ਤੋਂ ਪੁਲਿਸ ਨੂੰ ਕੋਈ ਕਾਰਵਾਈ ਨਾ ਕਰਨ ਦੇ ਹੁਕਮ ਆ ਗਏ। ਰਾਤੋਂ ਰਾਤ ਯੂਪੀ, ਹਰਿਆਣਾ ਤੋਂ ਹਜਾਰਾਂ ਕਿਸਾਨ ਗਾਜੀਪੁਰ ਪਹੁੰਚ ਗਏ।

ਦੂਜੇ ਦਿਨ ਜਾਣੀ 28 ਜਨਵਰੀ ਨੂੰ  ਯੂ ਪੀ ਦੇ ਮੁਜੱਫਰਨਗਰ ਵਿੱਚ ਉਥੋਂ ਦੀਆਂ ਰਵਾਇਤਾਂ ਅਨੁਸਾਰ ਕਿਸਾਨ ਅੰਦੋਲਨ ਦੇ ਹੱਕ ਵਿਚ ਮਹਾਂ ਪੰਚਾਇਤ ਬੁਲਾਈ ਗਈ,ਜਿਸ ਵਿੱਚ ਲੱਖਾਂ ਕਿਸਾਨਾਂ ਨੇ ਸ਼ਿਰਕਤ ਕੀਤੀ । ਹਰਿਆਣਾ ਅਤੇ ਯੂਪੀ ਦੇ ਖਾਪ ਖੁੱਲ ਕੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆ ਗਏ ਹਨ।

ਜੇ ਕਿਸਾਨ ਆਗੂਆਂ ਦੀ ਦੂਰ ਅੰਦੇਸ਼ੀ ਸਦਕਾ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਹਰਿਆਣਾ ਅਤੇ ਯੂ ਪੀ ਦੇ ਕਿਸਾਨ ਸਿਖਾਂ ਨਾਲ ਹਿੱਕ ਡਾਹ ਕੇ ਨਾ ਖੜਦੇ ਤਾਂ ਬਾਹਰਲੇ ਰਾਜਾਂ ਵਿੱਚ ਵਸਦੇ ਸਿੱਖਾਂ ਨਾਲ 1984 ਨਾਲੋਂ ਵੀ ਜਿਆਦਾ ਬੁਰੀ ਹੋਣੀ ਸੀ। ਭਾਜਪਾ ਦੀ ਵਿਉਂਤਵੰਦੀ ਇਸ ਕਰਕੇ ਠੁੱਸ ਹੋ ਗਈ ਕਿ  ਕਿਸਾਨ ਜਥੇਬੰਦੀਆਂ ਨੇ ਪੂਰੇ ਭਾਰਤ ਵਿੱਚੋਂ ਹਮਦਰਦੀ ਬਟੋਰਨ ਦਾ ਸਫਲ ਯਤਨ ਕੀਤਾ ਹੈ। ਭਾਜਪਾ ਰਾਜਨੀਤਕ ਲਾਹਾ ਲੈਣ ਲਈ ਸਿੱਖ ਵਿਰੋਧੀ ਪੱਤਾ ਖੇਡ ਕੇ ਪੂਰੇ ਭਾਰਤ ਨੂੰ ਸਿੱਖਾਂ (ਪੰਜਾਬ) ਖਿਲਾਫ ਖੜਾ ਕਰਨ ਦੀ ਤਾਕ ਵਿੱਚ ਸੀ ਅਤੇ ਰਹੇਗੀ । ਸਰਕਾਰ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਉਹ ਅੰਦੋਲਨਾਂ ਵਿੱਚ ਸਿਧੇ ਤੌਰ ਤੇ ਦਖਲ ਦੇਣ ਦੀ ਥਾਂ ਅਸਿੱਧੇ ਤੌਰ ਤੇ ਦਖਲ ਦਿੰਦੀ ਹੈ। ਉਹ ਅਜਿਹੇ ਸਮੇਂ ਉਹਨਾਂ ਮਹਾਂਰਥੀਆਂ ਨੂੰ ਵਰਤਦੀ ਹੈ ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਸਰਕਾਰ ਦੇ ਸਭ ਤੋਂ ਵੱਡੇ ਦੁਸ਼ਮਣ ਦਿਖਾਈ ਦਿੰਦੇ ਹਨ। 

ਪਿਛਲਾ ਇਤਿਹਾਸ ਦੱਸਦਾ ਹੈ ਕਿ ਸਰਕਾਰਾਂ ਉਦੋਂ ਹੀ ਝੁਕਦੀਆਂ ਹਨ ਜਦੋਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਜੇਕਰ ਇਹ ਅੰਦੋਲਨ ਲੰਬਾ ਚੱਲਿਆ ਤਾਂ ਉਹਨਾਂ ਦੇ ਵੋਟ ਬੈਂਕ ਨੂੰ ਸੱਟ ਵੱਜੇਗੀ। ਹੁਣ ਤੱਕ ਭਾਜਪਾ  ਸਮਝਦੀ ਸੀ ਕਿ ਪੰਜਾਬ ਅਤੇ ਹਰਿਆਣਾ ਦੀਆਂ ਸੀਟਾਂ ਤੋਂ ਬਿਨਾਂ ਵੀ ਉਹ ਸਰਕਾਰ ਬਣਾ ਸਕਦੀ ਹੈ। ਯੂਪੀ ਵਿੱਚ ਅੰਦੋਲਨ ਨੇ ਪੰਜਾਬ ਅਤੇ ਹਰਿਆਣਾ ਦੀ ਤਰਾਂ ਜੋਰ ਨਹੀਂ ਫੜਿਆ ਸੀ। ਇਸ ਸਮੇ ਪੱਛਮੀ ਉੱਤਰ ਪ੍ਰਦੇਸ਼ ਦੇ ਨਾਲ ਨਾਲ ਅੰਦੋਲਨ ਦੀ ਅੱਗ, ਅੱਗੇ ਤੋਂ ਅੱਗੇ ਫੈਲਣੀ ਸ਼ੁਰੂ ਹੋ ਗਈ ਹੈ। ਸਰਕਾਰ ਖਿਲਾਫ ਤੇਜ ਹੋ ਰਹੀ ਲਹਿਰ ਨੂੰ ਦੇਖ ਕੇ ਕੇਂਦਰ ਸਰਕਾਰ ਦਾ ਮੱਥਾ ਠਣਕਣ ਲੱਗ ਪਿਆ ਹੈ। ਜਿਸ ਪ੍ਰਧਾਨ ਮੰਤਰੀ ਨੇ ਇਸ ਅੰਦੋਲਨ ਵਾਰੇ ਕਦੇ ਵੀ ਮੂੰਹ ਨਹੀਂ ਖੋਹਲਿਆ ਸੀ ਉਸ ਨੂੰ ਗਲਬਾਤ ਦਾ ਸੰਕੇਤ ਦੇਣਾ ਪਿਆ ਹੈ। ਰਕੇਸ਼ ਟਿਕੈਤ ਨੇ ਨਿਊਜ਼ 24 ਦੇ ਸੰਦੀਪ ਚੌਧਰੀ ਨਾਲ ਗੱਲ ਬਾਤ ਦੌਰਾਨ ਕਿਹਾ ਹੈ ਕਿ ਕਿਸਾਨ ਬੰਦੂਕ ਦੀ ਨੋਕ ਤੇ ਕੇਂਦਰ ਸਰਕਾਰ ਨਾਲ ਗੱਲ ਬਾਤ ਨਹੀਂ ਕਰਨਗੇ । ਇਸੇ ਤਰਾਂ ਦਾ ਮਿਲਦਾ ਜੁਲਦਾ ਬਿਆਨ ਰਾਸ਼ਟਰੀ ਕਿਸਾਨ ਮੋਰਚਾ ਨੇ ਦਿੱਤਾ ਹੈ, ਜਿਸ ਅਨੁਸਾਰ ਸੁਖਾਵਾਂ ਮਹੌਲ ਬਣਾਏ ਬਿਨਾਂ ਗਲਬਾਤ ਨਹੀਂ ਹੋਵੇਗੀ।

(ਹਰਜਿੰਦਰ ਸਿੰਘ ਗੁਲਪੁਰ)
h.gulpur@gmail.com

Install Punjabi Akhbar App

Install
×