ਸਕਾਟ ਮੋਰੀਸਨ -ਅਵਮਾਨਨਾ ਦਾ ਪ੍ਰਸਤਾਵ: 86 ਭੁਗਤੇ ਸਾਬਕਾ ਪ੍ਰਧਾਨ ਮੰਤਰੀ ਦੇ ਖ਼ਿਲਾਫ਼

ਪਾਰਲੀਮੈਂਟ ਦੇ ਹਾਊਸ ਆਫ਼ ਰਿਪਰੀਜ਼ੈਂਟੇਟਿਵਜ਼ ਵਿੱਚ, ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਖ਼ਿਲਾਫ਼ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਕਿ 86 ਵੋਟਾਂ ਸਕਾਟ ਮੋਰੀਸਨ ਦੇ ਖ਼ਿਲਾਫ਼ ਪਈਆਂ ਹਨ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਉਪਰ ਮੌਜੂਦਾ ਫੈਡਰਲ ਸਰਕਾਰ ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਬਹੁਤ ਸਾਰੇ ਅਜਿਹੇ ਅਹਿਮ ਅਹੁਦਿਆਂ ਉਪਰ ਆਪਣੇ ਆਪ ਨੂੰ ਨਾਮਜ਼ਦ ਕੀਤਾ ਹੋਇਆ ਸੀ ਅਤੇ ਖੁਦਮੁਖ਼ਤਿਆਰੀ ਦਾ ਐਲਾਨ ਵੀ ਕੀਤਾ ਹੋਇਆ ਸੀ। ਅਜਿਹੇ ਅਹੁਦਿਆਂ ਉਪਰ ਰਹਿੰਦਿਆਂ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਗਏ ਜੋ ਕਿ ਦੇਸ਼ ਦੀ ਅਰਥ ਵਿਵਸਥਾ ਅਤੇ ਕਾਨੂੰਨਾਂ ਦੇ ਖ਼ਿਲਾਫ਼ ਸਨ ਅਤੇ ਹੁਣ ਉਨ੍ਹਾਂ ਦੇ ਖ਼ਿਲਾਫ਼ ਇਸ ਮੁਹਿੰਮ ਦੁਆਰਾ ਇਹ ਸਾਬਿਤ ਕੀਤਾ ਜਾ ਰਿਹਾ ਹੈ ਕਿ ਉਸ ਸਮੇਂ ਜੋ ਕੀਤਾ ਗਿਆ ਉਹ ਗਲਤ ਸੀ ਅਤੇ ਦੇਸ਼ ਹਿਤਾਂ ਵਿੱਚ ਨਹੀਂ ਸੀ।
ਪ੍ਰਸਤਾਵ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਉਪਰੋਕਤ ਅਹਿਮ ਪਦਾਂ ਦੀ ਕੁਰਸੀ ਨੂੰ ਗੁਪਤ ਤਰੀਕਿਆਂ ਦੇ ਨਾਲ ਸੰਭਾਲਿਆ ਹੋਇਆ ਸੀ ਅਤੇ ਸਮਾਂ ਰਹਿੰਦਿਆਂ ਇਸ ਦੀ ਜਾਣਕਾਰੀ ਪਾਰਲੀਮੈਂਟ ਦੇ ਮੈਂਬਰਾਂ, ਮੀਡੀਆ, ਅਤੇ ਜਨਤਕ ਤੌਰ ਤੇ ਗੁਪਤ ਹੀ ਰੱਖੀ ਗਈ ਸੀ ਅਤੇ ਇਸ ਸਭ ਦੀ ਪ੍ਰਧਾਨ ਮੰਤਰੀ ਦੇ ਕੁੱਝ ਚਹੇਤਿਆਂ ਨੂੰ ਹੀ ਇਸ ਬਾਬਤ ਜਾਣਕਾਰੀ ਦਿੱਤੀ ਗਈ ਸੀ।
ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ ਦਲੀਲ ਵਿੱਚ ਬੇਸ਼ੱਕ ਇਹੀ ਕਿਹਾ ਹੈ ਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ ਅਤੇ ਦੇਸ਼ ਦੇ ਸੰਵਿਧਾਨ ਅਤੇ ਮਾਨਤਾਵਾਂ ਨੂੰ ਮੁੱਖ ਰੱਖ ਕੇ ਹੀ ਸਾਰੇ ਕੰਮ ਕੀਤੇ ਹਨ ਪਰੰਤੂ ਫੇਰ ਵੀ ਫੈਡਰਲ ਸਰਕਾਰ ਵੱਲੋਂ ਕੀਤੀ ਗਈ ਵੋਟਿੰਗ ਇਹੀ ਦਰਸਾਉਂਦੀ ਹੈ ਕਿ ਹਾਲ ਦੀ ਘੜੀ ਪਾਰਲੀਮਾਨੀ ਮੈਂਬਰਾਂ ਦੀ ਬਹੁਤਾਤ, ਸਾਬਕਾ ਪ੍ਰਧਾਨ ਮੰਤਰੀ ਦੀਆਂ ਕਾਰਜਕਾਰਨੀਆਂ ਦੇ ਖ਼ਿਲਾਫ਼ ਹੀ ਭੁਗਤ ਰਹੀ ਹੈ।