ਨਿਊ ਸਾਊਥ ਵੇਲਜ਼ ਵਿੱਚ ਮਨਾਇਆ ਜਾ ਰਿਹਾ ”ਵੂਮੇਨਜ਼ ਵੀਕ 2021”

ਔਰਤਾਂ ਵਾਲੇ ਮਾਮਲਿਆਂ ਸਬੰਧੀ ਵਿਭਾਗ ਦੇ ਮੰਤਰੀ ਬਰੋਨੀ ਟੇਲਰ ਨੇ ਜਾਣਕਾਰੀ ਦਿੰਦਿਆਂ ਦੱਸਿਅ ਹੈ ਕਿ ਰਾਜ ਅੰਦਰ ਮਹਿਲਾਵਾਂ ਨੂੰ ਸਮਰਪਿਤ ਸਪਤਾਹ ”ਵੂਮੇਨਜ਼ ਵੀਕ 2021” ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਪੇਂਡੂ ਅਤੇ ਹੋਰ ਖੇਤਰਾਂ ਅੰਦਰ ਔਰਤਾਂ ਵੱਲੋਂ ਅਪਣਾਏ ਜਾਂਦੇ ਕੰਮ-ਧੰਦਿਆਂ ਪ੍ਰਤੀ ਜਾਗਰੂਕਤਾ ਪੈਦਾ ਅਤੇ ਕਾਇਮ ਕਰਨ ਦੇ ਨਾਲ ਨਾਲ ਅਜਿਹੀਆਂ ਮਹਿਲਾਵਾਂ ਦੀਆਂ ਉਪਲੱਭਧੀਆਂ ਵੀ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਜਿਨ੍ਹ ਨੇ ਕਿ ਵੱਖ ਵੱਖ ਖੇਤਰਾਂ ਵਿੱਚ ਆਪਣਾ ਅਤੇ ਆਪਣੇ ਭਾਈਚਾਰੇ ਦੇ ਨਾਮ ਦੇ ਨਾਲ ਨਾਲ ਰਾਜ ਦਾ ਨਾਮ ਵੀ ਉਤਮ ਸ਼੍ਰੇਣੀ ਵਿੱਚ ਰੱਖਿਆ ਹੋਇਆ ਹੈ ਅਤੇ ਇਸ ਵਾਸਤੇ #ChooseToChallenge ਦਾ ਥੀਮ ਵੀ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮਹਿਲਾ ਹੀ ਅਜਿਹਾ ਕਿਰਦਾਰ ਹੈ ਜੋ ਕਿ ਇਨਸਾਨ ਦੀ ਤਰੱਕੀ, ਸਿਹਤ ਅਤੇ ਹੋਰ ਉਸਾਰੂ ਕੰਮਾਂ ਆਦਿ ਵਿੱਚ ਪੂਰਨ ਯੋਗਦਾਨ ਪਾਉਂਦੀ ਹੈ ਅਤੇ ਲਗਾਤਾਰ ਯੋਗਦਾਨ ਪਾ ਵੀ ਰਹੀ ਹੈ ਅਤੇ ਇਸ ਵਾਸਤੇ ਉਸਦੀ ਤਾਰੀਫ ਕਰਨੀ ਵੀ ਬਣਦੀ ਹੈ ਅਤੇ ਉਸਦਾ ਪੂਰਨ ਧੰਨਵਾਦ ਕਰਨਾ ਵੀ ਬਣਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਅੰਦਰ ਹਾਲੇ ਵੀ ਕੁੱਝ ਖੜੋਤਾਂ ਆਦਿ ਅਜਿਹੀਆਂ ਹਨ ਜੋ ਕਿ ਮਹਿਲਾਵਾਂ ਦੇ ਵਧਣ ਫੁਲਣ ਵਿੱਚ ਅੜਿੱਕਾ ਬਣਦੀਆਂ ਹਨ ਪਰੰਤੂ ਮਹਿਲਾਵਾਂ ਦੀ ਤਾਕਤ ਅਤੇ ਸਮਝ ਹੁਣ ਅਜਿਹੀਆਂ ਔਕੜਾਂ ਨੂੰ ਲਗਾਤਾਰ ਪਾਰ ਕਰਕੇ ਅੱਗੇ ਵੱਧ ਰਹੀ ਹੈ ਅਤੇ ਇਹ ਕਿਰਿਆ ਦਿਨ-ਪ੍ਰਤੀ ਦਿਨ ਹੋਰ ਵੀ ਵੱਧ ਫੁਲ ਰਹੀ ਹੈ।
ਰਾਜ ਅੰਦਰ ਮਨਾਏ ਜਾ ਰਹੇ ਇਸ ਹਫ਼ਤੇ ਦੌਰਾਨ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਨ੍ਹਾਂ ਰਾਹੀਂ ਇਹ ਦਰਸਾਇਆ ਜਾ ਰਿਹਾ ਹੈ ਕਿ ਮਹਿਲਾਵਾਂ ਕਿਵੇਂ ਆਪਣੇ ਕੰਮ-ਧੰਦਿਆਂ ਦੇ ਨਾਲ ਨਾਲ ਆਪਣੇ ਘਰ ਅਤੇ ਗ੍ਰਹਿਸਥੀ ਨੂੰ ਵੀ ਸਲਾਮਤ ਰੱਖਦੀਆਂ ਹਨ ਅਤੇ ਦੋਹਾਂ ਦਾ ਸਮਤੋਲ ਬਣਾਈ ਰੱਖਣ ਵਿੱਚ ਕਿਸ ਹੱਦ ਤੱਕ ਕਾਰਜਸ਼ੀਲ ਰਹਿੰਦੀਆਂ ਹਨ।
ਇਸ ਪ੍ਰੋਗਰਾਮ ਵਾਸਤੇ ਸਰਕਾਰ ਨੇ 27 ਸੰਸਥਾਵਾਂ ਨੂੰ 100,00 ਡਾਲਰਾਂ ਦਾ ਫੰਡ ਦਿੱਤਾ ਹੈ ਜਿਨ੍ਹਾਂ ਵਿੱਚ ਸਭਿਆਚਾਰਕ ਅਤੇ ਮਨੋਰੰਜਕ ਪ੍ਰੋਗਰਾਮਾਂ ਦੇ ਨਾਲ ਨਾਲ ਸਭਿਆਚਾਰਕ ਕ੍ਰਾਫਟ ਗਰੁੱਪ, ਯੂਨੀਵਰਸਿਟੀ ਟੈਕਸ ਕਲਿਨਿਕ ਅਤੇ ਮਾਊਂਟੇਨ ਬਾਈਕ ਕਲੱਬ ਆਦਿ ਸੰਸਥਾਵਾਂ ਵੀ ਸ਼ਾਮਿਲ ਹਨ।
ਅੱਜ 8 ਮਾਰਚ ਤੋਂ ਇਹ ਸਪਤਾਹ ਸ਼ੁਰੂ ਹੋਇਆ ਹੈ ਅਤੇ ਹੁਣ 10 ਮਾਰਚ ਨੂੰ ‘ਵੂਮੇਨ ਆਫ਼ ਦਾ ਇਅਰ’ ਇਨਾਮ ਦੇ ਤਹਿਤ ਇਸ ਵਿੱਚ ਦੋ ਨਵੀਆਂ ਸ਼੍ਰੇਣੀਆਂ ਵੀ ਦਾਖਿਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ 7 ਤੋਂ 17 ਸਾਲਾਂ ਤੱਕ ਦੀ ਇੱਕ ਬੱਚੀ ਨੂੰ ਵੀ ‘The One to Watch Award’ ਲਈ ਚੁਣਿਆ ਜਾਣਾ ਹੈ ਅਤੇ ਇਸ ਤੋਂ ਇਲਾਵਾ ‘NSW Woman of Excellence Award’ ਇਨਾਮ ਦੀ ਵੀ ਘੋਸ਼ਣਾ ਕੀਤੀ ਗਈ ਹੈ।
ਜ਼ਿਆਦਾ ਜਾਣਕਾਰੀ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਦੀ ਵੈਬਸਾਈਟ https://www.women.nsw.gov.au/news-and-events/nsw-womens-week ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×