ਸਿਡਨੀ ਵਿਖੇ ਹਜ਼ਾਰਾਂ ਹੀ ਕੈਥਲਿਕ ਅਧਿਆਪਕਾਂ ਵੱਲੋਂ ਹੜਤਾਲ ਅਤੇ ਮੁਜ਼ਾਹਰਾ

ਜ਼ਿਆਦਾ ਤਨਖ਼ਾਹ ਅਤੇ ਕੰਮ ਕਰਨ ਦੀਆਂ ਬਿਹਤਰ ਸਹੂਲਤਾਂ ਦੀ ਘਾਟ ਦੇ ਚਲਦਿਆਂ, ਅੱਜ, ਸਿਡਨੀ ਸੀ.ਬੀ.ਡੀ. ਵਿਖੇ ਨਿਊ ਸਾਊਥ ਵੇਲਜ਼ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਕੈਥਲਿਕ ਅਧਿਆਪਕ ਹੜਤਾਲ ਕਰਦਿਆਂ ਧਰਨੇ ਲਗਾ ਰਹੇ ਹਨ ਅਤੇ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਕੰਮ, ਇਸੇ ਜ਼ਰੀਏ ਕਰ ਰਹੇ ਹਨ।
ਇਸ ਹੜਤਾਲ ਅਤੇ ਮੁਜ਼ਾਹਰੇ ਵਿੱਚ ਰਾਜ ਦੇ 540 ਕੈਥਲਿਕ ਸਕੂਲਾਂ ਦੇ 18,000 ਦੇ ਕਰੀਬ ਅਧਿਆਪਕ ਹਿੱਸਾ ਲੈ ਰਹੇ ਹਨ ਅਤੇ ਸਮੁੱਚੇ ਰਾਜ ਵਿੱਚ ਹੀ ਹੜਤਾਲ ਅਤੇ ਰੋਸ ਮੁਜਾਹਰਿਆਂ ਦਾ ਨਾਅਰਾ ਦੇ ਰਹੇ ਹਨ।
ਸਿੱਖਿਆ ਸੰਗਠਨ (The Independent Education Union (IEU)) ਆਈ.ਈ.ਯੂ. ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਤਨਖਾਹ, ਭੱਤਿਆਂ ਆਦਿ ਵਿੱਚ 10% ਤੋਂ 15% ਤੱਕ ਦਾ ਇਜ਼ਾਫ਼ਾ ਕੀਤਾ ਜਾਵੇ ਅਤੇ ਉਨ੍ਹਾਂ ਉਪਰ ਪਿਆ ਹੋਇਆ ਬੇਵਜਹ ਦਾ ਕਾਗਜ਼ੀ ਕਾਰਵਾਈਆਂ ਦਾ ਬੋਝ ਘਟਾਇਆ ਜਾਵੇ। ਸਕੂਲਾਂ ਵਿੱਚ ਲਗਾਤਾਰ ਘੱਟ ਰਹੀ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾਵੇ ਕਿਉਂਕਿ ਇਸ ਘਾਟ ਕਾਰਨ ਅਧਿਆਪਕਾਂ ਉਪਰ ਵਾਧੂ ਦਾ ਬੋਝ ਪੈਂਦਾ ਹੈ ਕਿਉਂਕਿ ਹੋਰਨਾਂ ਦਾ ਕੰਮ ਵੀ ਉਨ੍ਹਾਂ ਉਪਰ ਲੱਦ ਦਿੱਤਾ ਜਾਂਦਾ ਹੈ।
ਰਾਜ ਦੇ ਸਿੱਖਿਆ ਮੰਤਰੀ, ਸਾਰਾਹ ਮਿਸ਼ੈਲ ਨੇ ਇਸ ਉਪਰ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਅੱਜ, ਜੋ ਅਧਿਆਪਕ ਜੱਥੇਬੰਦੀਆਂ ਨੇ ਸਰਕਾਰ ਦੇ ਖ਼ਿਲਾਫ਼ ਇਹ ਹੜਤਾਲ ਵਾਲਾ ਕਦਮ ਚੁੱਕਿਆ ਹੈ, ਇਹ ਜਾਇਜ਼ ਨਹੀਂ ਹੈ। ਇਸ ਨਾਲ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਲਿਖਾਈ ਵਿੱਚ ਖਲਲ ਪੈਂਦਾ ਹੈ ਉਥੇ ਹੀ ਉਨ੍ਹਾਂ ਦੇ ਮਾਪਿਆਂ ਦਾ ਸਿੱਧੇ ਤੌਰ ਤੇ ਨੁਕਸਾਨ ਹੁੰਦਾ ਹੈ।

Install Punjabi Akhbar App

Install
×