ਨਿਊਜ਼ੀਲੈਂਡ ਦੀ ਮਹਿਲਾ ਪੁਲਿਸ ਕਰਮਚਾਰੀ ਭਾਰਤੀ ਮੂਲ ਦੇ ਟੈਕਸੀ ਚਾਲਕ ਨੂੰ ਨਸਲੀ ਵਿਤਕਰੇ ਭਰੇ ਸ਼ਬਦ ਕਹਿਣ ਦੀ ਦੋਸ਼ੀ

NZ PIC 2 Sep-1
ਨਿਊਜ਼ੀਲੈਂਡ ਦੇ ਦੱਖਣ-ਪੱਛਮ ਵਾਲੇ ਪਾਸੇ ਵਸੇ ਸੈਰ ਸਪਾਟਾ ਟਾਪੂ ਕੁਈਨਜ਼ ਟਾਊਨ ਦੀ ਅਦਾਲਤ ਦੇ ਵਿਚ ਇਕ ਨਸਲੀ ਵਿਤਕਰੇ ਦੇ ਮਾਮਲੇ ਦੀ ਦੂਜੇ ਦਿਨ ਦੀ ਸੁਣਵਾਈ ਸ਼ੁਰੂ ਹੋਈ।  ਇਸ ਮਾਮਲੇ ਵਿਚ ਨਿਊਜ਼ੀਲੈਂਡ ਪੁਲਿਸ (ਕੁਈਨਜ਼ ਟਾਊਨ) ਦੀ ਹੀ ਇਕ ਮਹਿਲਾ ਕਰਮਚਾਰੀ ਵਿਤਕਰੇ ਭਰੇ ਸ਼ਬਦ ਵਰਤਣ ਦੀ ਦੋਸ਼ੀ ਪਾਈ ਗਈ। ਘਟਨਾ ਪਿਛਲੇ ਸਾਲ 3 ਨਵੰਬਰ ਦੀ ਹੈ ਜਦੋਂ ਭਾਰਤੀ ਮੂਲ ਦੇ ਮਲੇਸ਼ੀਅਨ ਟੈਕਸੀ ਡ੍ਰਾਈਵਰ ਸ੍ਰੀ ਗਣੇਸ਼ ਪਰਮਨਾਥਨ ਨੂੰ ਇਸ 44 ਸਾਲਾ ਮਹਿਲਾ ਪੁਲਿਸ ਕਰਮਚਾਰੀ (ਸਿਪਾਹਟਨ) ਜੀਨੈਟ ਮੇ ਮੇਕਨੀ ਨੇ ਵਿਤਕਰੇ ਭਰੇ ਸ਼ਬਦ ਬੋਲੇ ਸਨ ਜਦੋਂ ਉਹ ਉਸ ਨੂੰ ਸਵਾਰੀ ਦੇ ਰੂਪ ਵਿਚ ਕਿਤੇ ਲਾਹ ਰਿਹਾ ਸੀ। ਉਸ ਨੇ ਉਸ ਵੱਲ ਉਂਗਲ ਕਰਕੇ ਕਿਹਾ ਸੀ ਕਿ ‘ਵਾਪਿਸ ਇੰਡੀਆ ਜਾਓ’ ਤੁਸੀਂ ‘ਕੀਵੀ ਲੋਕਾਂ ਦੀਆਂ ਨੌਕਰੀਆਂ’ ਲੈ ਰੱਖੀਆਂ ਹਨ ਤੇ ਜਾਓ ‘ਆਪਣੀਆਂ ਕਰ੍ਹੀਆਂ ਖਾਓ’। ਘਟਨਾ ਤੋਂ ਪਹਿਲਾਂ ਉਹ ਬਾਰ ਦੇ ਵਿਚੋਂ ਸ਼ਰਾਬ ਆਦਿ ਪੀ ਕੇ ਆਈ ਸੀ। ਉਸ ਸਮੇਂ ਕੁੱਲ 6 ਸਵਾਰੀਆਂ ਵੈਨ ਦੇ ਵਿਚ ਸਨ ਜਿਨਾਂ ਨੇ ਵੱਖ-ਵੱਖ ਥਾਵਾਂ ਉਤੇ ਉਤਰਨਾ ਸੀ ਅਤੇ ਇਹ ਮਹਿਲਾ ਪੁਲਿਸ ਵਾਲੀ ਪੈਸਿਆਂ ਦੇ ਲੈਣ-ਦੇਣ ਵਿਚ ਵੀ ਅੜਿੱਕਾ ਪਾ ਰਹੀ ਸੀ। ਜਦੋਂ ਇਹ ਸਿਪਾਹਟਨ ਜਿਆਦਾ ਹੀ ਬੋਲਣ ਲੱਗ ਪਈ ਸੀ ਤਾਂ ਡ੍ਰਾਈਵਰ ਨੇ ਵੀ ਉਸ ਵੱਲ ਉਂਗਲ ਕਰਕੇ ਜਬਾਨ ਨੂੰ ਲਗਾਮ ਦੇਣ ਵਾਸਤੇ ਕਿਹਾ ਸੀ ਅਤੇ ਪੁਲਿਸ ਨੂੰ ਸੱਦਣ ਬਾਰੇ ਕਿਹਾ ਸੀ। ਇਸ ਗੱਲ ਤੋਂ ਉਹ ਹੋਰ ਨਰਾਜ਼ ਹੋਈ ਅਤੇ ਧਮਕੀ ਭਰੇ ਲਹਿਜੇ ਵਿਚ ਕਹਿਣ ਲੱਗੀ ‘ਮੈਂ ਹਾਂ ਪੁਲਿਸ’। ਇਸ ਤੋਂ ਇਲਾਵਾ ਹੋਰ ਵੀ ਗਾਲੀ ਗਲੋਚ ਕੀਤਾ। 
ਅੱਦ ਅਦਾਲਤੀ ਕਾਰਵਾਈ ਸਮੇਂ ਇਸ ਮਹਿਲਾ ਕਰਮਚਾਰੀ ਦੇ ਬਹੁਤ ਸਾਰੇ ਸਹਿਯੋਗੀ ਅਤੇ ਦੋਸਤ ਪਹੁੰਚੇ ਹੋਏ ਸਨ ਪਰ ਪੁਲਿਸ ਨੇ ਮੀਡੀਆ ਨੂੰ ਸਿਪਾਹਟਨ ਦੀਆਂ ਫੋਟੋਆਂ ਨਹੀਂ ਖਿੱਚਣ ਦਿੱਤੀਆਂ। ਟੈਕਸੀ ਡ੍ਰਾਈਵਰ  ਆਪਣੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੇ ਨਾਲ ਹਾਜ਼ਿਰ ਸੀ ਅਤੇ ਜੱਜ ਦੇ ਕੀਤੇ ਫੈਸਲੇ ਤੋਂ ਦੋਵੇਂ ਖੁਸ਼ ਸਨ। ਮਾਣਯੋਗ ਜੱਜ ਨੇ ਸਾਫ ਕਰ ਦਿੱਤਾ ਕਿ ਇਸ ਮਾਮਲੇ ਵਿਚ ਟੈਕਸੀ ਡ੍ਰਾਈਵਰ ਦਾ ਕੋਈ ਦੋਸ਼ ਨਹੀਂ ਹੈ ਉਸਨੇ ਸਾਰੇ ਜਵਾਬ ਠੀਕ ਦਿੱਤੇ ਜਦ ਕਿ ਇਸ ਨਸਲੀ ਸਿਪਾਹਟਨ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਹੀ ਨਾ ਦਿੱਤੇ। ਟੈਕਸੀ ਦੇ ਵਿਚ ਲੱਗੇ ਕੈਮਰੇ ਨੇ ਸਭ ਸੱਚ ਲਿਆ ਕੇ ਸਾਹਮਣੇ ਰੱਖ ਦਿੱਤਾ ਹੈ। ਇਸ ਮਹਿਲਾ ਕਰਮਚਾਰੀ ਦੇ ਵਕੀਲ ਨੇ ਅਦਾਲਤ ਅੱਗੇ ਦੁਬਾਰਾ ਫਰਿਆਦ ਰੱਖਣ ਲਈ ਸਮਾਂ ਲਿਆ ਹੈ ਜਿਸ ਦੇ ਵਿਚ ਉਹ ਇਹ ਅਪੀਲ ਕਰਨਗੇ ਦੋਸ਼ੀ ਸਾਬਿਤ ਹੋਣ ਦੇ ਬਾਵਜੂਦ ਵੀ ਇਸ ਮਹਿਲਾ ਦਾ ਰਿਕਾਰਡ ਸਾਫ ਰੱਖਿਆ ਜਾਵੇ। ਅਗਲੀ ਤਾਰੀਕ 23 ਸਤੰਬਰ ਪਾਈ ਗਈ ਹੈ ਅਤੇ ਇਹ ਮਹਿਲਾ ਅਫਸਰ ਹੁਣ ਤੱਕ ਬਿਨਾਂ ਤਨਖਾਹ ਤੋਂ ਚੱਲ ਰਹੀਹੈ।