ਕਾਰਡੀਨਲ ਜਾਰਜ ਪੈਲ ਦਾ ਰੋਮ ਵਿੱਚ ਦੇਹਾਂਤ

ਪ੍ਰਧਾਨ ਮੰਤਰੀ ਵੱਲੋਂ ਦੁੱਖ ਜਾਹਿਰ, ਮ੍ਰਿਤਕ ਦੇਹ ਲਿਆਂਦੀ ਜਾਵੇਗੀ ਆਸਟ੍ਰੇਲੀਆ

ਆਸਟ੍ਰੇਲੀਆ ਵਿਚ ਇਸਾਈਅਤ ਦੇ ਸਭ ਤੋਂ ਉਚੇ ਪਦ ਤੇ ਬਿਰਾਜਮਾਨ ਕਾਰਡੀਨਲ ਜਾਰਜ ਪੈਲ ਦਾ 81 ਸਾਲਾਂ ਦੀ ਉਮਰ ਵਿੱਚ, ਰੋਮ ਵਿੱਚ ਦੇਹਾਂਤ ਹੋ ਗਿਆ ਹੈ। ਉਹ ਉਥੇ ਆਪਣੇ ਇੱਕ ਆਪ੍ਰੇਸ਼ਨ ਲਈ ਗਏ ਹੋਏ ਸਨ।
ਐਂਗਲੀਕਨ ਪਿਤਾ ਅਤੇ ਆਇਰਿਸ਼ ਕੈਥਲਿਕ ਮਾਤਾ ਦੇ ਘਰ (ਬੈਲਾਰਾਟ) ਵਿੱਚ ਸਾਲ 1941 ਵਿੱਚ ਜਨਮੇ, ਅਤੇ ਕੈਥਲਿਕ ਚਰਚ ਵਿੱਚ ਵੱਖਰੇ ਵੱਖਰੇ ਪਦਾਂ ਤੇ ਸੇਵਾਵਾਂ ਨਿਭਾਉਂਦਿਆਂ ਹੋਇਆਂ, ਕਾਰਡੀਨਲ ਜਾਰਜ ਪੈਲ ਇਸ ਸਮੇਂ ਮੈਲਬੋਰਨ ਅਤੇ ਸਿਡਨੀ ਦੋਹਾਂ ਥਾਂਵਾਂ ਦੇ ਕੈਥਲਿਕ ਚਰਚਾਂ ਵਿੱਚ ਆਰਚਬਿਸ਼ਪ ਦੀ ਭੂਮਿਕਾ ਨਿਭਾ ਰਹੇ ਸਨ।
ਇਸ ਦੇ ਨਾਲ ਹੀ ਉਹ ਪੋਪ ਫਰੈਂਸਿਸ ਜੇ ਸਲਾਹਕਾਰ ਵੀ ਹਨ ਜੋ ਕਿ ਇਸ ਸਮੇਂ ਵੈਟੀਕਨ ਸਿਟੀ ਦੀਆਂ ਸਭ ਤੋਂ ਤਾਕਤਵਾਰ ਹਸਤੀਆਂ ਵਿੱਚ ਸ਼ੁਮਾਰ ਹਨ।
ਆਪਣੀ ਜ਼ਿੰਦਗੀ ਵਿੱਚ ਕਾਰਡੀਨਲ ਜਾਰਜ ਪੈਲ ਨੇ ਕਾਫੀ ਉਤਾਰ ਚੜ੍ਹਾਅ ਦੇਖੇ ਅਤੇ ਉਸ ਸਮੇਂ ਉਨ੍ਹਾਂ ਨੂੰ ਜਨਤਕ ਤੌਰ ਤੇ ਲੋਕਾਂ ਵੱਲੋਂ ਅਪਮਾਨ ਵੀ ਸਹਿਣਾ ਪਿਆ ਜਦੋਂ ਉਨ੍ਹਾਂ ਉਪਰ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਸਨ। ਇਸ ਤਹਿਤ ਉਨ੍ਹਾਂ ਨੂੰ ਇੱਕ ਸਾਲ ਤੋਂ ਵੀ ਵੱਧ ਸਮੇਂ ਤੱਕ ਜੇਲ੍ਹ ਅੰਦਰ ਵੀ ਰਹਿਣਾ ਗਿਆ ਸੀ। ਪਰੰਤੂ ਮਾਣਯੋਗ ਅਦਾਲਤ ਨੇ ਸਾਲ 2020 ਵਿੱਚ ਇਸ ਫ਼ੈਸਲੇ ਨੂੰ ਬਦਲਦਿਆਂ, ਕਾਰਡੀਨਲ ਜਾਰਜ ਪੈਲ ਨੂੰ ਰਿਹਾ ਕਰ ਦਿੱਤਾ ਸੀ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਉਨ੍ਹਾਂ ਦੇ ਅਕਾਲ ਚਲਾਣੇ ਉਪਰ ਦੁੱਖ ਜਾਹਿਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਸਟ੍ਰੇਲੀਆ ਲਿਆਂਦਾ ਜਾਵੇਗਾ ਅਤੇ ਇਸ ਬਾਬਤ, ਵਿਦੇਸ਼ ਮੰਤਰਾਲੇ ਅਤੇ ਵਪਾਰ ਮੰਤਰਾਲੇ ਇਸੇ ਕੰਮ ਵਿੱਚ ਲੱਗ ਗਏ ਹਨ।

ਆਸਟ੍ਰੇਲੀਆ ਦੇ ਨਾਲ ਨਾਲ ਸਮੁੱਚੇ ਸੰਸਾਰ ਅੰਦਰ ਹੀ ਉਨ੍ਹਾਂ ਦੇ ਚਾਹਵਾਨ, ਮਿੱਤਰਾਂ, ਸੰਬੰਧੀਆਂ, ਰਾਜਨੀਤਿਕ ਨੇਤਾਵਾਂ ਅਤੇ ਹੋਰ ਮਸ਼ਹੂਰ ਹਸਤੀਆਂ ਆਦਿ ਵੱਲੋਂ ਕਾਰਡੀਨਲ ਜਾਰਜ ਪੈਲ ਦੇ ਅਕਾਲ ਚਲਾਣੇ ਉਪਰ ਦੁੱਖ ਜਤਾਇਆ ਜਾ ਰਿਹਾ ਹੈ।