
ਭੁਲੱਥ-ਭੁਲੱਥ ਦੇ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ: ਸੁਖਪਾਲ ਸਿੰਘ ਖਹਿਰਾ ਨੇ ਆਪਣੇ ਪੇਜ ਤੇ ਪਾਈ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਹ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਦੋ ਇੱਕ ਐਡੀਸ਼ਨਲ ਚੀਫ ਸੈਕਟਰੀ ਲੈਵਲ ਦੇ ਅਫਸਰ ਨੇ ਆਪਣੇ ਹੀ ਮੰਤਰੀ ਸਾਧੂ ਸਿੰਘ ਧਰਮਸੋਤ ਉੱਪਰ 63 ਕਰੋੜ ਰੁਪਏ ਦੇ ਪੋਸਟ ਮ੍ਰੈਟਿਕ ਸਕਾਲਰਸ਼ਿਪ ਘੋਟਾਲੇ ਦੇ ਇਲਜ਼ਾਮ ਲਗਾਏ ਹਨ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਭ੍ਰਿਸਟ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਟਾਉਣ ਦੀ ਬਜਾਏ , ਚੀਫ ਸੈਕਟਰੀ ਕੋਲੋਂ ਬੋਗਸ ਜਾਂਚ ਕਰਵਾਕੇ ਉਸ ਨੂੰ ਬਚਾਉਣ , ਦੀ ਕੋਸ਼ਿਸ਼ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਇਸ ਘੁਟਾਲੇ ਵਿੱਚ ਸ਼ਾਮਿਲ ਹੋਰ ਲੋਕਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਜਾਂਚ ਹਾਈਕੋਰਟ ਦੇ ਕਿਸੇ ਵੀ ਮੋਜੂਦਾ ਜੱਜ ਕੋਲੋਂ ਕਰਵਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਾਸਤੇ ਵੀ ਹੁਣ ਇਹ ਇਮਤਿਹਾਨ ਦੀ ਘੜੀ ਹੈ ਜਿਸ ਨੇ ਹਰਪਾਲ ਚੀਮਾ ਨੂੰ ਐਲ.ੳ.ਪੀ ਲਗਾਉਣ ਸਮੇਂ ਕਿਹਾ ਸੀ ਕਿ ਇਹ ਦਲਿਤਾਂ ਦੇ ਹਿੱਤਾਂ ਦੀ ਰਾਖੀ ਲਈ ਇਹ ਜ਼ਰੂਰੀ ਹੈ, ਪਰ ਹੁਣ ਦੇਖਣਾ ਇਹ ਹੈ ਕਿ ਦਲਿਤਾਂ ਦੇ ਹਿੱਤਾਂ ਤੇ ਵੱਜੇ ਇੰਨੇ ਵੱਡੇ ਡਾਕੇ ਨੂੰ ਕੇਜਰੀਵਾਲ ਪਾਰਟੀ ਰੋਕ ਸਕਦੀ ਹੈ ਜਾਂ ਕਿ ਉਹ ਮੈਨੂੰ ਹਟਾਉਣ ਦੀ ਸਿਰਫ ਉਹਨਾਂ ਦੀ ਇੱਕ ਸਿਆਸੀ ਚਾਲ ਸੀ। ਖਹਿਰਾ ਨੇ ਇਹ ਵੀ ਸ਼ਪਸਟ ਕੀਤਾ ਕਿ ਉਹ ਮੁਕੰਮਲ ਤੋਰ ਤੇ ਅਜੇ ਤੱਕ ਸਿਹਤਯਾਬ ਨਹੀਂ ਹਨ ਅਤੇ ਸਿਹਤਯਾਬ ਹੋ ਜਾਣ ਤੇ ਉਹ ਇੰਨਾਂ ਅਹਿਮ ਮਸਲਿਆਂ ਤੇ ਆਪਣਾ ਸਟੈਂਡ ਜ਼ਰੂਰ ਸ਼ਪਸਟ ਕਰਨਗੇ।