ਕੈਪਟਨ ਸਰਕਾਰ ਦਾ ਪਹਿਲਾ ਸਾਲ ਨਿਰਾਸ਼ਾ-ਜਨਕ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਅੱਜ ਵੀ ਮਹਿਫ਼ੂਜ਼

baghel singh dhaliwal 180326 ਕੈਪਟਨ ਸਰਕਾਰ ਦਾ ਪਹਿਲਾ ਸਾਲ ਨਿਰਾਸਾaaaa
ਕੋਈ ਸਮਾ ਸੀ ਜਦੋਂ ਪਿੰਡਾਂ ਵਿਚ ਕਾਮਰੇਡਾਂ ਦੇ ਡਰਾਮੇ ਹੋਇਆ ਕਰਦੇ ਸਨ।ਉਨ੍ਹਾਂ ਡਰਾਮਿਆਂ ਵਿਚ ਇੱਕ ਨਾਹਰਾ ਜ਼ਰੂਰ ਸੁਣਨ ਨੂੰ ਮਿਲਦਾ ਸੀ, ਜਿਹੜਾ ਗਾਹੇ ਬ ਗਾਹੇ ਅੱਜ ਵੀ ਕਦੇ ਕਦਾਈਂ ਸੁਣਿਆ ਜਾਂਦਾ ਹੈ। ਪਰ ਅੱਜ ਉਹ ਨਾਹਰਾ ਲਾਉਣ ਵਾਲਿਆਂ ਦੀ ਉਹੋ ਜਿਹੀ ਨਾਂ ਹੀ ਕਿਧਰੇ ਗਰਜ਼ ਸੁਣਾਈ ਦਿੰਦੀ ਹੈ ਅਤੇ ਨਾਂ ਹੀ ਪੰਜਾਬ ਵਿਚ ਕਾਮਰੇਡਾਂ ਦੀ ਕੋਈ ਹੋਂਦ ਹੀ ਬਚੀ ਹੈ। ਉਹ ਨਾਹਰਾ ਸੀ , ” ਚਿੱਟੇ ਬਗਲੇ ਨੀਲੇ ਮੋਰ, ਉਹ ਵੀ ਚੋਰ,ਉਹ ਵੀ ਚੋਰ”, ਇਹ ਨਾਹਰਾ ਜਦੋਂ ਹੁਣ ਸੁਣਦੇ ਹਾਂ ਤਾਂ ਇੰਜ ਲੱਗਦਾ ਹੈ ਜਿਵੇਂ ਕੋਈ ਚੋਰ ਹੀ ਚੋਰ ਚੋਰ ਦੀ ਦੁਹਾਈ ਪਾ ਰਿਹਾ ਹੋਵੇ। ਪਰੰਤੂ ਜਦੋਂ ਗੰਭੀਰਤਾ ਨਾਲ ਇਸ ਨਾਹਰੇ ਦੇ ਅਰਥਾਂ ਨੂੰ ਸਮਝਦੇ ਹਾਂ ਤਾਂ ਰਾਜਨੀਤਕ ਪਾਰਟੀਆਂ ਦੀਆਂ ਕਿੰਨੀਆਂ ਅਜਿਹੀਆਂ ਆਪਸੀ ਸਮਾਨਤਾਵਾਂ ਮਿਲ ਜਾਂਦੀਆਂ ਹਨ,ਜਿਹੜੀਆਂ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੇ ਢੰਗਾਂ ਵਿਚ ਦੇਖੀਆਂ ਜਾ ਸਕਦੀਆਂ ਹਨ।ਹੁਣ ਸਮਾ ਬਹੁਤ ਬਦਲ ਗਿਆ ਹੈ।ਹੁਣ ਇਹ ਵੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ, ਹੁਣ ਉਹ ਲੀਡਰਾਂ ਦੀਆਂ ਇਹਨਾਂ ਮੀਸਣੀਆਂ ਚਾਲਾਂ ਨੂੰ ਬੜਾ ਛੇਤੀ ਸਮਝ ਲੈਂਦੇ ਹਨ, ਪਰ ਇਸ ਦੇ ਬਾਵਜੂਦ ਵੀ ਲੋਕ ਹਮੇਸ਼ਾ ਹੀ ਰਾਜਨੀਤਕ ਲੋਕਾਂ ਦੀਆਂ ਲਿੱਪੀਆਂ ਪੋਚੀਆਂ ਗੱਲਾਂ ਵਿਚ ਆ ਹੀ ਜਾਂਦੇ ਹਨ।

ਮਿਸਾਲ ਦੇ ਤੌਰ ਤੇ ਜੇ ਸ਼ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਸਰਕਾਰ ਦੇ ੧੦ ਸਾਲਾ ਕਾਰਜਕਾਲઠ ਗੱਲ ਕਰੀਏ ,ਤਾਂ ਉਸ ਰਾਜ ਵਿਚ ਬਹੁਤ ਕੁੱਝ ਅਜਿਹਾ ਵਾਪਰਿਆ ਜਿਹੜਾ ਉਨ੍ਹਾਂ ਦੇ ਪਤਨ ਦਾ ਕਾਰਨ ਵੀ ਬਣਿਆ। ਜੇ ਸਰਕਾਰੀ ਤੇ ਗੈਰ ਸਰਕਾਰੀ ਲੋਟੂ ਮਾਫ਼ੀਏ ਦੀ ਗੱਲ ਕੀਤੀ ਜਾਵੇ, ਤਾਂ ਕਹਿ ਸਕਦੇ ਹਾਂ ਕਿ ਉਹ ਰਾਜ ਦੇ ਵਿਚ ਲੋਕਾਂ ਨੂੰ ਹਰ ਪਾਸੇ ਤੋ ਹਰ ਤਰਾਂ ਨਾਲ ਲੁੱਟਿਆ ਤੇ ਕੁੱਟਿਆ ਜਾਂਦਾ ਰਿਹਾ। ਟਰਾਂਸਪੋਰਟ ਦਾ ਕਾਰੋਬਾਰ,ਕੇਬਲ ਨੈੱਟਵਰਕ, ਰੇਤਾ,ਬਜਰੀ ਅਤੇ ਨਜਾਇਜ਼ ਜ਼ਮੀਨੀ ਕਬਜ਼ਿਆਂ ਦਾ ਕਾਰੋਬਾਰ ਅਸਮਾਨੀ ਪਹੁੰਚ ਗਿਆ। ਰੇਤਾ ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਵੀ ਮੁੱਲ ਖਰੀਦਣਾ ਪੈ ਸਕਦਾ ਹੈ, ਉਹ ਦੀ ਖ਼ਰੀਦ ਆਮ ਆਦਮੀ ਦੀ ਪਹੁੰਚ ਤੋ ਹੀ ਦੂਰ ਹੋ ਗਈ।ਕੇਬਲ ਤੇ ਸਰਕਾਰੀ ਸਹਿ ਪ੍ਰਾਪਤ ਮਾਫ਼ੀਏ ਨੇ ਕਬਜ਼ਾ ਕਰ ਲਿਆ।ਟਰਾਂਸਪੋਰਟ ਦੇ ਖੇਤਰ ਵਿਚ ਇੱਕ ਪਰਿਵਾਰ ਦੀ ਅਜਾਰੇਦਾਰੀ ਸਥਾਪਤ ਹੋ ਗਈ।

ਇੱਕ ਅਖਾਣ ਕਿ ” ਛੋਟੀ ਮੱਛੀ ਨੂੰ ਵੱਡੀ ਮੱਛੀ ਨਿਗਲ ਜਾਂਦੀ ਹੈ” ਸੱਚ ਹੋਈ ਪ੍ਰਤੱਖ ਦੇਖੀ ਗਈ। ਦੋ ਦੋ, ਚਾਰ ਚਾਰ ਬੱਸਾਂ ਵਾਲੇ ਟਰਾਂਸਪੋਰਟਰਾਂ ਨੂੰ ਵੱਡੀਆਂ ਟਰਾਂਸਪੋਰਟਾਂ ਨਿਗਲ ਗਈਆਂ। ਸੜਕਾਂ ਤੇ ਇੱਕੋ ਪਰਿਵਾਰ ਦੇ ਵੱਖ ਵੱਖ ਨਾਵਾਂ ਵਾਲੀਆਂ ਕੰਪਨੀਆਂ ਦੀਆਂ ਬੱਸਾਂ ਹੀ ਦਨ-ਦਨਾਉਣ ਲੱਗੀਆਂ। ਪ੍ਰਮੁੱਖ ਸਰਕਾਰੀ ਅਦਾਰੇ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡਵੇਜ਼ ਇਹਨਾਂ ਨਿੱਜੀ ਕੰਪਨੀਆਂ ਸਾਹਮਣੇ ਵਿਚਾਰੇ ਬਣ ਕੇ ਰਹਿ ਗਏ। ਟਰੱਕ ਯੂਨੀਅਨਾਂ ਤੇ ਸਰਕਾਰ ਪੱਖੀ ਲੋਕਾਂ ਦੇ ਕਬਜ਼ਿਆਂ ਨੇ ਗ਼ਰੀਬ ਟਰੱਕ ਓਪਰੇਟਰਾਂ ਨੂੰ ਕੰਗਾਲ ਕਰ ਕੇ ਰੱਖ ਦਿੱਤਾ।ਵਿੱਦਿਆ ਦੇ ਖੇਤਰ ਵਿਚ ਨਿੱਜੀ ਸਕੂਲਾਂ ਨੇ ਸਰਕਾਰੀ ਸਕੂਲਾਂ ਦੀ ਅਹਿਮੀਅਤ ਹੀ ਖ਼ਤਮ ਕਰ ਦਿੱਤੀ। ਸਰਕਾਰੀ ਸਕੂਲ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਬੱਚਿਆਂ ਦੇ ਸਕੂਲ ਬਣ ਗਏ। ਸਿਹਤ ਸਹੂਲਤਾਂ ਦਾ ਬੁਰਾ ਹਾਲ ਹੋ ਗਿਆ।ਇੱਥੇ ਵੀ ਨਿੱਜੀ ਹਸਪਤਾਲਾਂ ਦੀ ਲੁੱਟ ਨੇ ਲੋਕਾਂ ਦੀ ਸਿਹਤ ਨਾਲ ਬਿਮਾਰੀਆਂ ਤੋਂ ਵੱਧ ਖਿਲਵਾੜ ਕੀਤਾ।ਪੰਜਾਬ ਵਿਚ ਫੈਲੀਆਂ ਭਿਆਨਕ ਬਿਮਾਰੀਆਂ ਨੇ ਇਸ ਖੇਤਰ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਦੀ ਚਾਂਦੀ ਬਣਾ ਦਿੱਤੀ।

ਆਮ ਬਿਮਾਰੀਆਂ ਨੂੰ ਵੀ ਡਰਾਉਣੀਆਂ ਬਣਾ ਕੇ ਨਿੱਜੀ ਹਸਪਤਾਲਾਂ ਵਾਲੇ ਜਿੱਥੇ ਆਮ ਤੇ ਬੇਵੱਸ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ ਓਥੇ ਲੋਕਾਂ ਦੀ ਆਰਥਿਕ ਲੁੱਟ ਵੀ ਬੇਖ਼ੌਫ ਤੇ ਸ਼ਰੇਆਮ ਕੀਤੀ ਜਾਂਦੀ ਹੈ।ਹਰ ਪਾਸੇ ਕੁੱਝ ਖ਼ਾਸ ਲੋਕਾਂ ਨੂੰ ਲੁੱਟਣ ਦੇ ਮੌਕੇ ਪ੍ਰਦਾਨ ਕਰਵਾ ਕੇ ਲੋਕਾਂ ਦੀਆਂ ਸਰਕਾਰਾਂ ਲੋਕਾਂ ਨਾਲ ਹੀ ਵਾਅਦਾ ਖ਼ਿਲਾਫ਼ੀ, ਧੋਖਾ ਅਤੇ ਵਿਸ਼ਵਾਸਘਾਤ ਕਰ ਰਹੀਆਂ ਹਨ। ਨਸ਼ਿਆਂ ਦੇ ਕਾਲੇ ਕਾਰੋਬਾਰ ਜਿਹੜੇ ਪੰਜਾਬ ਦੀ ਜੁਆਨੀ ਨੂੰ ਹਨੇਰੇ ਭਵਿੱਖ ਵੱਲ ਧੱਕ ਰਹੇ ਹਨ, ਉਨ੍ਹਾਂ ਦੇ ਵੀ ਮਾਲਕ। ਦਲ ਗਏ ਪਰ ਕਰਿੰਦੇ ਉਹ ਹੀ ਹਨ,ਇਸ ਲਈ ਉਨ੍ਹਾਂ ਨੂੰ ਕੋਈ ਡਰ ਖ਼ੌਫ਼ ਨਹੀਂ ਹੈ। ਪੰਜਾਬ ਵਿਚ ਸੱਤਾ ਬਦਲੀ ਨੂੰ ਇੱਕ ਸਾਲ ਹੋ ਗਿਆ ਹੈ ਤਾਂ ਕਿਸੇ ਪਾਸੇ ਵੀ ਨਜ਼ਰ ਮਾਰਿਆਂ ਕੋਈ ਬਦਲਾ ਨਜ਼ਰ ਨਹੀਂ ਆ ਰਿਹਾ। ਸਾਰਾ ਕੁੱਝ ਜਿਉਂ ਦਾ ਤਿਉਂ ਚੱਲ ਰਿਹਾ ਹੈ। ਬਦਲਿਆ ਹੈ ਤਾਂ ਸਿਰਫ਼ ਪਾਰਟੀ ਦਾ ਨਾਮ ਬਦਲਿਆ ਹੈ। ਨੀਲਿਆਂ ਤੋਂ ਬਾਅਦ ਚਿੱਟੇ ਆ ਗਏ ਹਨ। ਸਾਰੇ ਕਾਰੋਬਾਰ ਉਸ ਤਰਾਂ ਹੀ ਧੜੱਲੇ ਨਾਲ ਚੱਲ ਰਹੇ ਹਨ। ਨਾ ਨਸ਼ਾ ਬੰਦ ਹੋਇਆ,ਨਾ ਰੇਤ ਬਜਰੀ ਦੀ ਲੁੱਟ ਰੁਕ ਸਕੀ, ਨਾ ਟਰਾਂਸਪੋਰਟ ਦੇ ਕਾਰੋਬਾਰ ਵਿਚ ਕੋਈ ਬਦਲਾਅ ਆਇਆ,ਨਾ ਕੇਬਲ ਟੀ ਵੀ ਨੂੰ ਨੱਥ ਪਈ, ਨਾ ਹੀ ਕਿਧਰੇ ਭ੍ਰਿਸ਼ਟਾਚਾਰ ਨੂੰ ਨੱਥ ਪੈ ਸਕੀ ਹੈ ਅਤੇ ਨਾ ਹੀ ਸਭ ਤੋਂ ਅਹਿਮ ਮੁੱਦਾ ਜਿਹੜਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਿਚ ਕੋਈ ਦਿਲਚਸਪੀ ਦਿਖਾਈ ਦਿੰਦੀ ਹੈ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਜਿੱਤ ਅਸੰਭਵ ਜਾਪਦੀ ਸੀ, ਇਹੋ ਕਾਰਨ ਸੀ ਕਿ ਉਹ ਚੋਣਾਂ ਤੋ ਪਹਿਲਾਂ ਇਹ ਕਹਿੰਦੇ ਵੀ ਸੁਣੇ ਗਏ ਕਿ ਮੇਰੀ ਇਹ ਆਖ਼ਰੀ ਚੋਣ ਹੈ, ਮੈ ਹਾਰਾਂ ਭਾਵੇਂ ਜਿੱਤਾਂ ਮੁੜ ਕੇ ਚੋਣ ਨਹੀਂ ਲੜਾਂਗਾ, ਤੇ ਸਿਆਸਤ ਤੋ ਸਨਿਆਸ ਲੈ ਲਵਾਂਗਾ। ਆਮ ਆਦਮੀ ਪਾਰਟੀ ਦੀ ਚੜ੍ਹਤ ਤੋ ਡਰਦਿਆਂ ਹੀ ਕੈਪਟਨ ਨੇ ਲੋਕਾਂ ਨਾਲ ਕੁੱਝ ਅਜਿਹੇ ਵਾਅਦੇ ਵੀ ਕਰ ਲਏ ਜਿਹੜੇ ਪੂਰੇ ਨਹੀਂ ਸੀ ਕੀਤੇ ਜਾ ਸਕਦੇ, ਜਿਵੇਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਘਰ ਘਰ ਵਿਚ ਬੇਰੁਜ਼ਗਾਰਾਂ ਨੂੰ ਨੌਕਰੀਆਂ, ਨੌਜਵਾਨਾਂ ਨੂੰ ਸਮਾਰਟ ਫ਼ੋਨ, ਸਭ ਤੋ ਵੱਡਾ ਤੇ ਅਹਿਮ ਵਾਅਦਾ ਸੀ ਪੰਜਾਬ ਨੂੰ ਇੱਕ ਮਹੀਨੇ ਅੰਦਰ ਨਸ਼ਾ ਮੁਕਤ ਕਰਨ ਦਾ,ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਰੈਲੀ ਮੌਕੇ ਹੱਥ ਵਿਚ ਗੁਟਕਾ ਸਾਹਿਬ ਫੜਕੇ ਉੱਪਰ ਲਹਿਰਾ ਲਹਿਰਾ ਤੇ ਅਖੀਰ ਮੱਥੇ ਨੂੰ ਲਾ ਕੇ ਕਸਮ ਖਾ ਕੇ ਲੋਕਾਂ ਨਾਲ ਕੀਤਾ ਸੀ?

ਇਹਨਾਂ ਵਾਅਦਿਆਂ ਨੇ ਲੋਕਾਂ ਦਾ ਧਿਆਨ ਖਿੱਚਿਆ ਤੇ ਲੋਕ ਹਵਾ ਕੈਪਟਨ ਵੱਲ ਨੂੰ ਹੋ ਤੁਰੀ। ਕਾਂਗਰਸ ਦੀ ਸੋਚ ਦੇ ਉਲਟ ਜਾ ਕੇ ਕੈਪਟਨ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਈ। ਇਸ ਜਿੱਤ ਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣੀ ਤੇ ਕਰਨੀ ਦਾ ਪੂਰਾ ਆਗੂ ਮੰਨਦੇ ਸਨ। ਲੋਕਾਂ ਨੂੰ ਇਹ ਭਰੋਸਾ ਸੀ ਕਿ ਜੋ ਕੈਪਟਨ ਅਮਰਿੰਦਰ ਸਿੰਘ ਵਾਅਦੇ ਕਰਦਾ ਹੈ,ਉਨ੍ਹਾਂ ਨੂੰ ਹਰ ਹਾਲਤ ਵਿਚ ਪਹਿਲ ਦੇ ਆਧਾਰ ਤੇ ਪੂਰਾ ਵੀ ਕਰੇਗਾ। ਪਰ ਸਰਕਾਰ ਬਣਦਿਆਂ ਹੀ ਸਾਰਾ ਕੁੱਝ ਬਦਲ ਗਿਆ। ਕੈਪਟਨ ਆਪਣੇ ਇੱਕ ਮਹੀਨੇ ਦੇ ਅੰਦਰ ਨਸ਼ਾ ਮੁਕਤ ਪੰਜਾਬ ਵਾਲੇ ਵਾਅਦੇ ਸਮੇਤ ਸਾਰੇ ਵਾਅਦੇ ਹੀ ਭੁੱਲ ਗਿਆ, ਬਲਕਿ ਸਾਰੇ ਹੀ ਗੈਰ ਕਾਨੂੰਨੀ ਧੰਦੇ ਪਹਿਲਾਂ ਦੀ ਤਰਾਂ ਚੱਲਦੇ ਰਹੇ ਤੇ ਚੱਲ ਰਹੇ ਹਨ। ਅੱਜ ਵੀ ਹਰ ਕਾਰੋਬਾਰ ਤੇ ਮਾਫ਼ੀਆ ਕਾਬਜ਼ ਹੈ।ਜੇ ਕੁੱਝ ਬਦਲਿਆ ਤਾਂ ਸਿਰਫ਼ ਚਿਹਰੇ ਬਦਲੇ ਹਨ, ਹੋਰ ਕੁੱਝ ਨਹੀਂ ਬਦਲਿਆ। ਰੇਤਾ ਬਜਰੀ ਪਹਿਲਾਂ ਅਕਾਲੀਆਂ ਲਈ ਲੋਕਾਂ ਦੀ ਲੁੱਟ ਦਾ ਕਾਰੋਬਾਰ ਸੀ ਹੁਣ ਕਾਂਗਰਸੀਆਂ ਦਾ ਬਣ ਗਿਆ। ਨਸ਼ਿਆਂ ਦੇ ਕਾਰੋਬਾਰ ਪਹਿਲਾਂ ਅਕਾਲੀਆਂ ਦੇ ਚਹੇਤੇ ਕਰਦੇ ਸਨ,ਹੁਣ ਕਾਂਗਰਸੀਆਂ ਦੇ ਆ ਗਏ।ਰੇਤਾ ਪਹਿਲਾਂ ਨਾਲੋਂ ਮਹਿੰਗਾ ਮਿਲਦਾ ਹੈ ਤੇ ਸ਼ਰਾਬ ਸਸਤੀ ਕੀਤੀ ਗਈ ਹੈ। ਬਾਕੀ ਚਿੱਟੇ ਕਾਲੇ ਨਸ਼ੇ ਪਹਿਲਾਂ ਦੀ ਤਰਾਂ ਅੱਜ ਵੀ ਘਰ ਘਰ ਪਹੁੰਚ ਰਹੇ ਹਨ। ਜੇ ਹੁਣ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕਰੀਏ ਤਾਂ ਇੱਕ ਸਾਲ ਵਿਚ ਸਿਰਫ਼ ਇੱਕ ਜਾਂਚ ਕਮਿਸ਼ਨ ਬਣਿਆ ਹੈ, ਜਿਸ ਦੀ ਸਾਰਥਿਕਤਾ ਦਾ ਅੰਦਾਜ਼ਾ ਪਹਿਲੇ ਕਮਿਸ਼ਨਾਂ ਤੋ ਲਾਇਆ ਜਾ ਸਕਦਾ ਹੈ।

ਕਮਿਸ਼ਨ ਸਿਰਫ਼ ਲੋਕਾਂ ਦੇ ਹੰਝੂ ਪੂਜਣ ਦਾ ਸੌਖਾ ਤਰੀਕਾ ਹੈ ਹੋਰ ਇਸ ਤੋ ਵੱਧ ਕੁੱਝ ਵੀ ਨਹੀਂ,ਜਾ ਫਿਰ ਵਿਰੋਧੀਆਂ ਨੂੰ ਸਿਆਸਤ ਕਰਨ ਦਾ ਮੌਕਾ , ਕਿਉਂਕਿ ਇਹਨਾਂ ਕਮਿਸ਼ਨਾਂ ਦੀਆਂ ਜਾ ਤਾਂ ਸਾਲਾਂ ਬੱਧੀ ਰਿਪੋਰਟਾਂ ਹੀ ਨਹੀਂ ਆਉਂਦੀਆਂ ਜਾਂ ਫਿਰ ਸਰਕਾਰ ੳੇਹਨਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦੀ ਹੈ।ਬੇਅਦਬੀ ਦੇ ਸ਼ਾਂਤਮਈ ਰੋਸ ਧਰਨੇ ਤੇ ਗੋਲੀਆਂ ਚਲਾ ਕੇ ਨਿਹੱਥੇ ਲੋਕਾਂ ਨੂੰ ਗੰਭੀਰ ਜ਼ਖਮੀ ਕਰਨ ਅਤੇ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦੇਣ ਵਾਲੇ ”ਅਣਪਛਾਤੇ ਪੁਲਿਸ ਅਫ਼ਸਰਾਂ” ਨੂੰ ਫੜਕੇ ਜੇਲ੍ਹਾਂ ਵਿਚ ਸੁੱਟਣ ਵਾਲੀ ਗੱਲ ਤਾਂ ਬਹੁਤ ਦੂਰ ਜਾਪਦੀ ਹੈ। ਬਲਕਿ ਉਨ੍ਹਾਂ ਦੀ ਅੱਜ ਤੱਕ ਸ਼ਨਾਖ਼ਤ ਵੀ ਨਹੀਂ ਕਰਵਾਈ ਜਾ ਸਕੀ। ਇੱਥੇ ਸ਼ਨਾਖ਼ਤ ਕਰਵਾਉਣ ਦੀ ਗੱਲ ਇਸ ਕਰ ਕੇ ਕਹੀ ਗਈ ਹੈ, ਕਿਉਂਕਿ ਪੰਜਾਬ ਦੀ ਤਤਕਾਲੀ ਸਰਕਾਰ ਵਿਚ ਪੁਲਿਸ ਨੂੰ ਵੀ ਅਣਪਛਾਤਾ ਘੋਸ਼ਿਤ ਕਰ ਦਿੱਤਾ ਗਿਆ ਸੀ,ਜਿਹੜਾ ਬੇਹੱਦ ਹੀ ਸ਼ਰਮਨਾਕ ਵਰਤਾਰਾ ਕਿਹਾ ਜਾ ਸਕਦਾ ਹੈ।ਕਹਿ ਸਕਦੇ ਹਾਂ ਕਿ ਬਾਦਲ ਦੇ ਤਤਕਾਲੀ ਰਾਜ ਅਤੇ ਮੌਜੂਦਾ ਕੈਪਟਨ ਸਰਕਾਰ ਦੇ ਰਾਜ ਭਾਗ ਵਿਚ ਕੋਈ ਅੰਤਰ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਲੋਕ ਉਨ੍ਹਾਂ ਦੇ ਪਿਛਲੇ ਕਾਰਜਕਾਲ ਵਿਚ ਕੀਤੇ ਪਾਣੀਆਂ ਦੇ ਸਮਝੌਤੇ ਸਮੇਤ ਕੁੱਝ ਹੋਰ ਚੰਗੇ ਕਾਰਜਾਂ ਨੂੰઠ ਯਾਦ ਰੱਖ ਕੇ ਰਿਣ ਉਤਾਰ ਸਕਦੇ ਹਨ, ਤਾਂ ਪੰਜਾਬ ਦੇ ਗ਼ੈਰਤਮੰਦ ਲੋਕ ਕੈਪਟਨ ਦੀ ਇਸ ਵਾਅਦਾ-ਖ਼ਿਲਾਫ਼ੀ ਨੂੰ ਵੀ ਬਹੁਤ ਦੇਰ ਤੱਕ ਯਾਦ ਰੱਖਣਗੇ।ਸੋ ਚੰਗਾ ਹੋਵੇ ਜੇ ਕੈਪਟਨ ਸਰਕਾਰ ਘੱਟੋ ਘੱਟ ਆਪਣੇ ਗੁਰੂ ਦੀ ਸਹੁੰ ਖਾਣ ਵਾਲੇ ਵਾਅਦੇ ਅਤੇ ਆਪਣੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਸਜਾਵਾਂ ਦੇਣ ਤੇ ਆਪਣੇ ਵਾਅਦੇ ਅਨੁਸਾਰ ਦੋਸ਼ੀ ਪੁਲਿਸ ਅਫ਼ਸਰਾਂ ਤੇ ਵੀ ਬਣਦੀ ਕਾਰਵਾਈ ਕਰੇ, ਤਾਂਕਿ ਲੋਕ ਮਨਾਂ ਤੇ ਲੱਗੀ ਵਾਅਦਾ-ਖਿਲਾਫ਼ੀ ਦੀ ਸੱਟ ਦੇ ਦਰਦ ਨੂੰ ਆਰਾਮ ਮਿਲ ਸਕੇ।

Install Punjabi Akhbar App

Install
×