ਨਸ਼ਾ ਤਸਕਰੀ ਰੋਕਣ ਲਈ ਕੈਪਟਨ ਸਰਕਾਰ ਨੂੰ ਸਖ਼ਤ ਫੈਸਲੇ ਲੈਣੇ ਪੈਣਗੇ

  • ਨਸ਼ਾ ਤਸਕਰਾਂ ਨਾਲ ਸਿਵਲ, ਪੁਲਿਸ ਅਫ਼ਸਰਾਂ ਤੇ ਸਿਆਸਤਦਾਨਾਂ ਮਿਲੀਭੁਗਤ ਜੱਗ ਜਾਹਰ

balwinder singh bullar 180703 Nashe Capt
ਮਨੁੱਖੀ ਜੀਵਨ ਨਿਯਮਾਂ ਅਤੇ ਆਦਰਸ਼ਾਂ ਨਾਲ ਬੰਨਿਆਂ ਹੋਇਆ ਹੈ, ਜਿਉਂ ਜਿਉਂ ਉਹ ਇਹਨਾਂ ਗੁਣਾਂ ਤੋਂ ਲਾਂਭੇ ਹੁੰਦਾ ਜਾਵੇਗਾ ਤਿਉਂ ਤਿਉਂ ਉਹ ਮੌਤ ਦੇ ਦਰਵਾਜੇ ਵੱਲ ਕਦਮ ਵਧਾਉਂਦਾ ਜਾਵੇਗਾ। ਮਨੁੱਖ ਦੀ ਜਿੰਦਗੀ ਭਾਵੇਂ ਬਹੁਤ ਛੋਟੀ ਹੈ ਇਸ ਨੂੰ ਜਾਣੇ ਅਣਜਾਣੇ ਨਸ਼ਟ ਕਰਨ ਦੀ ਬਜਾਏ ਦੇਸ਼ ਸਮਾਜ ਅਤੇ ਲੋਕਾਈ ਦੀ ਭਲਾਈ ਲਈ ਵਰਤਣਾ ਚਾਹੀਦਾ ਹੈ, ਪਰੰਤੂ ਇਨਸਾਨੀ ਦਿਮਾਗ ਤੇ ਗਲਤ ਅਸਰ ਕਰਕੇ ਉਸਨੂੰ ਸਹੀ ਰਸਤੇ ਤੋਂ ਭਟਕਾਉਣ ਵਾਲੀਆਂ ਨਸ਼ੇ ਰੂਪੀ ਵਸਤੂਆਂ ਮਨੁੱਖ ਨੂੰ ਉਸਦੇ ਨਿਯਮਾਂ ਅਤੇ ਆਦਰਸ਼ਾਂ ਤੋਂ ਪਾਸੇ ਕਰ ਰਹੀਆਂ ਹਨ। ਜੇਕਰ ਇਹਨਾਂ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਵਿਚਾਰ ਕਰੀਏ ਤਾਂ ਇਹ ਜਿੱਥੇ ਦੇਸ਼ ਤੇ ਸਮਾਜ ਪ੍ਰਤੀ ਅਤੀ ਨੁਕਸਾਨਦੇਹ ਹਨ, ਉੱਥੇ ਮਨੁੱਖੀ ਜੀਵਨ ਦੀ ਤਬਾਹੀ ਦਾ ਵੀ ਕਾਰਨ ਹਨ। ਸੰਸਾਰ ਦੀਆਂ ਸਾਰੀਆਂ ਸੈਨਾਵਾਂ ਰਲ ਕੇ ਇਨ੍ਹੇ ਮਨੁੱਖਾਂ ਅਤੇ ਜਾਇਦਾਦ ਨੂੰ ਤਬਾਹ ਨਹੀਂ ਕਰ ਸਕਦੀਆਂ, ਜਿਨ੍ਹੀ ਨਸ਼ੇ ਕਰਦੇ ਹਨ।
ਨਸ਼ੇ ਸਾਰੀ ਦੁਨੀਆਂ ਵਿੱਚ ਹੀ ਵਰਤੇ ਜਾਂਦੇ ਹਨ, ਪਰੰਤੂ ਦੁਨੀਆਂ ਭਰ ਚੋਂ ਭਾਰਤ ਸਭ ਤੋਂ ਵੱਧ ਨਸ਼ਿਆਂ ਦਾ ਇਸਤੇਮਾਲ ਕਰਨ ਵਾਲਾ ਦੇਸ ਹੈ ਅਤੇ ਭਾਰਤ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਆਉਂਦਾ ਹੈ। ਦੁਨੀਆਂ ਭਰ ਵਿੱਚ ਸ਼ਰਾਬ ਦੀ ਵਰਤੋਂ ਨਸ਼ੇ ਦੇ ਤੌਰ ਤੇ ਵਧੇਰੇ ਕੀਤੀ ਜਾਂਦੀ ਹੈ, ਪਰੰਤ૮ੂ ਜੇਕਰ ਪੰਜਾਬ ਦੇ ਹਾਲਾਤਾਂ ਤੇ ਝਾਤ ਮਾਰੀਏ ਤਾਂ ਸ਼ਰਾਬ ਹੁਣ ਬੁਰਾ ਨਸ਼ਾ ਹੀ ਦਿਖਾਈ ਨਹੀਂ ਦਿੰਦਾ ਕਿਉਂਕਿ ਇਸਤੋਂ ਬਹੁਤ ਜਿਆਦਾ ਨੁਕਸਾਨ ਕਰਨ ਵਾਲੇ ਹੋਰ ਨਸ਼ੇ ਇੱਥੇ ਵਰਤੇ ਜਾ ਰਹੇ ਹਨ। ਅਫੀਮ ਭੁੱਕੀ ਗਾਂਜਾ ਆਦਿ ਵੀ ਭਾਵੇਂ ਸਦੀਆਂ ਤੋਂ ਹੀ ਵਰਤੋਂ ਵਿੱਚ ਲਿਆਂਦੇ ਜਾ ਰਹੇ ਸਨ, ਪਰ ਕੁਝ ਦਹਾਕੇ ਪਹਿਲਾਂ ਆਇਓਡੈਕਸ, ਡੱਡੂਆਂ ਦਾ ਪਸੀਨਾਂ, ਕਿਰਲੀਆਂ ਮਾਰ ਕੇ ਖਾਣਾ ਲੋਕਾਂ ਨੇ ਸੁਰੂ ਕਰ ਦਿੱਤਾ ਸੀ। ਫੇਰ ਨਸ਼ੀਲੀਆਂ ਗੋਲੀਆਂ, ਨਸ਼ੇ ਵਾਲੀਆਂ ਦਵਾਈਆਂ ਵਰਤੀਆਂ ਜਾਣ ਲੱਗੀਆਂ। ਜਿਉਂ ਨਸ਼ਿਆਂ ਦੀ ਲਤ ਵਧਦੀ ਗਈ ਤਿਉਂ ਤਿਉਂ ਨਵੀਆਂ ਨਸ਼ੀਲੀਆਂ ਵਸਤੂਆਂ ਈਜਾਦ ਹੁੰਦੀਆਂ ਗਈਆਂ। ਸਮੈਕ, ਹੈਰੋਇਨ ਅਤੇ ਚਿੱਟੇ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਤੇ ਪਹੁੰਚਾ ਦਿੱਤਾ। ਅੱਜ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਨਸ਼ਿਆਂ ਦੀ ਮਾਰ ਹੇਠ ਹੈ। ਹੁਣ ਹਾਥੀ ਨੂੰ ਬੇਹੋਸ ਕਰਨ ਵਾਲੀ ਦਵਾਈ ਨਸ਼ੱਈਆਂ ਨੇ ਵਰਤਣੀ ਸੁਰੂ ਕਰ ਦਿੱਤੀ ਹੈ, ਜੋ ਚਿੱਟੇ ਨਾਲੋਂ ਵੀ ਕਰੀਬ ਸੌ ਗੁਣਾਂ ਵਧੇਰੇ ਨਸ਼ਾ ਦੇਣ ਵਾਲੀ ਅਤੇ ਨੁਕਸਾਨ ਕਰਨ ਵਾਲੀ ਵਸਤੂ ਹੈ। ਇਹੋ ਦਵਾਈ ਵਰਤਣ ਵਾਲੇ ਵੱਧ ਮਾਤਰਾ ਵਿੱਚ ਲੈਣ ਕਾਰਨ ਮੌਤ ਦੇ ਮੂੰਹ ਜਾ ਰਹੇ ਹਨ।
ਅੱਜ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ, ਮਾਪੇ ਬੇਵੱਸ ਹਨ, ਨਸ਼ਾ ਤਸਕਰ ਜਵਾਨੀ ਦੇ ਖਾਤਮੇ ਨਾਲੋਂ ਮੋਟੀ ਕਮਾਈ ਕਰਕੇ ਆਪਣੀ ਜਾਇਦਾਦ ਵਧਾਉਣ ਲਈ ਯਤਨਸ਼ੀਲ ਹਨ, ਨਸ਼ਾ ਤਸਕਰਾਂ ਨਾਲ ਪ੍ਰਸਾਸਨਿਕ ਅਧਿਕਾਰੀਆਂ ਸਿਆਸਤਦਾਨਾਂ ਤੇ ਪੁਲਿਸ ਅਫ਼ਸਰਾਂ ਦੀ ਮਿਲੀਭੁਗਤ ਜੱਗ ਜਾਹਰ ਹੋ ਰਹੀ ਹੈ, ਪਰ ਰਾਜ ਦੀ ਤਬਾਹ ਹੋ ਰਹੀ ਜਵਾਨੀ ਨੂੰ ਦੇਖਦਿਆਂ ਬੁੱਧੀਜੀਵੀ ਵਰਗ ਬਹੁਤ ਚਿੰਤਤ ਹੈ। ਪਿਛਲੇ ਦਸ ਸਾਲਾਂ ਤੋਂ ਵੱਡੇ ਸਿਆਸਤਦਾਨਾਂ ਵੱਲੋਂ ਨਸ਼ਾ ਤਸਕਰੀ ਕਰਨ ਸਬੰਧੀ ਉਂਗਲ ਉੱਠ ਰਹੀ ਹੈ। ਮੌਜੂਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਮੱਥੇ ਨਾਲ ਲਾ ਕੇ ਪਬਲਿਕ ਤੌਰ ਤੇ ਸਹੁੰ ਖਾਧੀ ਸੀ, ਕਿ ਉਹਨਾਂ ਦੀ ਸਰਕਾਰ ਬਣਨ ਤੇ ਕੁਝ ਹਫ਼ਤਿਆਂ ਵਿੱਚ ਨਸ਼ਿਆਂ ਤੇ ਮੁਕੰਮਲ ਰੋਕ ਲਾ ਦਿੱਤੀ ਜਾਵੇਗੀ। ਮੌਜੂਦਾ ਕੈਪਟਨ ਸਰਕਾਰ ਨੂੰ ਹੋਂਦ ਵਿੱਚ ਆਇਆ ਸਵਾ ਸਾਲ ਹੋ ਗਿਆ ਹੈ, ਪਰੰਤੂ ਨਸ਼ਿਆਂ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ, ਇਸ ਵਿੱਚ ਕੋਈ ਸੱਕ ਨਹੀਂ ਕਿ ਪਹਿਲਾਂ ਨਾਲੋਂ ਨਸ਼ਿਆਂ ਦੀ ਸਮਗਲਿੰਗ ਵਿੱਚ ਕੁੱਝ ਖੜੋਤ ਜਰੂਰ ਆਈ ਹੈ, ਪਰੰਤੂ ਨਸ਼ੇ ਬੰਦ ਨਹੀਂ ਕੀਤੇ ਜਾ ਸਕੇ।
ਇਸ ਅਤੀ ਮਾੜੇ ਰੁਝਾਨ ਨੂੰ ਰੋਕਣ ਦੇ ਉਲਟ ਨਸ਼ਿਆਂ ਦੇ ਮੁੱਦੇ ਤੇ ਸਿਆਸਤ ਕਰਨ ਦੀਆਂ ਕਾਰਵਾਈਆਂ ਲਗਾਤਾਰ ਵਧ ਰਹੀਆਂ ਹਨ। ਮਿਸ਼ਾਲ ਦੇ ਤੌਰ ਤੇ ਬੀਤੇ ਦਿਨ ਸ੍ਰੋਮਣੀ ਅਕਾਲੀ ਦਲ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਫਰੀਦਕੋਟ ਤੋਂ ਕੋਟਕਪੂਰਾ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ ਹੈ, ਪਰ ਪਿਛਲੇ ਦਸ ਸਾਲ ਅਕਾਲੀ ਦਲ ਦੀ ਰਾਜ ਵਿੱਚ ਸਰਕਾਰ ਰਹੀ ਹੈ ਅਤੇ ਅਜ਼ਾਦੀ ਤੋਂ ਬਾਅਦ ਇਸ ਰਾਜ ਦੌਰਾਨ ਸਭ ਤੋਂ ਵੱਧ ਨਸ਼ਿਆਂ ਦੀ ਸਮਗਲਿੰਗ ਹੋਈ ਅਤੇ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਤਬਾਹੀ ਦੇ ਕੰਢੇ ਤੇ ਪਹੁੰਚੀ। ਅਕਾਲੀ ਮੰਤਰੀਆਂ ਤੇ ਹੋਰ ਅਹੁਦੇਦਾਰਾਂ ਦੇ ਨਾਂ ਨਸ਼ਾ ਤਸਕਰੀ ਵਿੱਚ ਬੋਲਦੇ ਰਹੇ ਜਿਹਨਾਂ ਬਾਰੇ ਰਾਜ ਦਾ ਬੱਚਾ ਬੱਚਾ ਜਾਣੂ ਹੈ। ਮੌਜੂਦਾ ਕਾਂਗਰਸ ਸਰਕਾਰ ਬਣਨ ਤੇ ਵੀ ਜੇਕਰ ਅਕਾਲੀ ਵਰਕਰ ਜਾਂ ਆਗੂ ਸੱਚਮੁੱਚ ਹੀ ਨਸ਼ਾ ਤਸਕਰੀ ਰੋਣ ਲਈ ਸੁਹਿਰਦ ਹਨ ਤਾਂ ਉਹਨਾਂ ਨੂੰ ਅਜਿਹੇ ਰੋਸ ਮਾਰਚ ਕਰਨ ਦੇ ਉਲਟ ਆਪਣੀ ਪਾਰਟੀ ਅੰਦਰ ਛੁਪੇ ਸਮਗਲਰਾਂ ਦੀ ਲਿਸਟ ਤਿਆਰ ਕਰਕੇ ਜੱਗ ਜਾਹਰ ਕਰਨੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਸਰਕਾਰ ਵੀ ਕਾਰਵਾਈ ਕਰਨ ਦੇ ਸਮਰੱਥ ਹੋ ਸਕੇ।
ਅੱਜ ਜਾਗਰੂਕ ਤੇ ਬੁੱਧੀਜੀਵੀ ਲੋਕ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ੇ ਬੰਦ ਕਰਾਉਣ ਲਈ ਖਾਧੀ ਸਹੁੰ ਯਾਦ ਕਰਵਾ ਕੇ ਠੋਸ ਕਾਰਵਾਈ ਕਰਨ ਲਈ ਦਬਾਅ ਪਾ ਰਹੇ ਹਨ। ਬੀਤੇ ਦਿਨ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਸ਼ੇ ਰੋਕਣ ਲਈ ਚਰਚਾ ਹੋਈ ਤੇ ਦੋ ਫੈਸਲੇ ਲਏ, ਪਹਿਲਾ ਨਸ਼ਾ ਤਸਕਰਾਂ ਤੇ ਸਖ਼ਤੀ ਕਰਦਿਆਂ ਨਸ਼ਿਆਂ ਦੇ ਸੌਦਾਗਰਾਂ ਤਸਕਰਾਂ ਲਈ ਮੌਤ ਦੀ ਸਜ਼ਾ ਤਹਿ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਸਿਫ਼ਾਰਸ ਕੀਤੀ ਜਾਵੇਗੀ ਅਤੇ ਦੂਜਾ ਵਿਸੇਸ਼ ਕਾਰਜ ਸਮੂਹ ਕਾਇਮ ਕਰਨ ਦਾ, ਜੋ ਨਸ਼ੇ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਨਿਗਰਾਨੀ ਕਰੇਗਾ। ਇਸ ਗਰੁੱਪ ਵਿੱਚ ਵਧੀਕ ਮੁੱਖ ਸਕੱਤਰ ਸਿਹਤ ਸ੍ਰੀ ਸਤੀਸ਼ ਚੰਦਰਾ, ਡੀ ਜੀ ਪੀ ਅਮਨ ਤੇ ਕਾਨੂੰਨ ਸ੍ਰੀ ਈਸ਼ਵਰ ਸਿੰਘ, ਡੀ ਜੀ ਪੀ ਇੰਟੈਲੀਜੈਂਸ ਸ੍ਰੀ ਦਿਨਕਰ ਗੁਪਤਾ ਅਤੇ ਏ ਡੀ ਜੀ ਪੀ ਵਿਸੇਸ਼ ਟਾਸਕ ਫੋਰਸ ਐੱਚ ਐੱਸ ਸਿੱਧੂ ਸਾਮਲ ਹਨ। ਇਸ ਵਿੱਚ ਵੀ ਕੋਈ ਸੱਕ ਨਹੀਂ ਕਿ ਗਰੁੱਪ ਵਿੱਚ ਸਾਮਲ ਅਧਿਕਾਰੀਆਂ ਤੇ ਆਮ ਲੋਕ ਵਿਸਵਾਸ ਕਰਦੇ ਹਨ ਅਤੇ ਉਹਨਾਂ ਤੋਂ ਚੰਗੇ ਦੀ ਵੱਡੀ ਉਮੀਦ ਹੈ।
ਰਾਜ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਲਏ ਇਹਨਾਂ ਫੈਸਲਿਆਂ ਤੋਂ ਸਰਕਾਰ ਦੀ ਨਸ਼ੇ ਰੋਕਣ ਲਈ ਸੁਹਿਰਦਤਾ ਤਾਂ ਝਲਕਦੀ ਹੈ, ਪਰੰਤੂ ਜੇਕਰ ਪਹਿਲੇ ਫੈਸਲੇ ਬਾਰੇ ਦੇਖਿਆ ਜਾਵੇ ਤਾਂ ਇਹ ਇੱਕ ਸ਼ੀਸ਼ਾ ਦਿਖਾਉਣ ਵਾਲੀ ਕਾਰਵਾਈ ਹੀ ਹੈ, ਕਿਉਂਕਿ ਫਾਂਸੀ ਦੀ ਸਜ਼ਾ ਬਾਰੇ ਸਿਫ਼ਾਰਸ ਭੇਜਣਾ ਕੋਈ ਠੋਸ ਕਾਰਵਾਈ ਨਹੀਂ ਮੰਨੀ ਜਾ ਸਕਦੀ। ਕੇਂਦਰ ਸਰਕਾਰ ਜੇਕਰ ਸਿਫ਼ਾਰਸ ਨੂੰ ਸਵੀਕਾਰ ਵੀ ਕਰ ਲਵੇ ਤਾਂ ਵੀ ਲੋਕ ਸਭਾ, ਫਿਰ ਰਾਜ ਸਭਾ ਵਿੱਚ ਮਤਾ ਪਾਸ ਕਰਵਾ ਕੇ ਰਾਸਟਰਪਤੀ ਤੋਂ ਪ੍ਰਵਾਨਗੀ ਹਾਸਲ ਕਰਕੇ ਹੀ ਕਾਨੂੰਨ ਬਣਾਇਆ ਜਾ ਸਕਦਾ ਹੈ। ਇਹ ਕਾਰਵਾਈ ਬਹੁਤ ਲੰਬੀ ਹੈ, ਜਦ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਤੁਰੰਤ ਢੰਗ ਤਰੀਕਾ ਅਪਣਾਉਣ ਦੀ ਲੋੜ ਹੈ। ਹਾਂ! ਦੂਜਾ ਫੈਸਲਾ ਕੁਝ ਦਮਦਾਰ ਹੈ, ਪਰ ਜੇਕਰ ਗਰੁੱਪ ਨੂੰ ਫਰੀ ਹੈਂਡ ਕਰਕੇ ਉਸਨੂੰ ਸਕਤੀਸ਼ਾਲੀ ਬਣਾਇਆ ਜਾਵੇ ਅਤੇ ਉਸ ਦੇ ਸੁਝਾਵਾਂ ਤੇ ਤੁਰੰਤ ਅਮਲ ਕੀਤਾ ਜਾਵੇ।
ਹੁਣ ਸਵਾਲ ਉਠਦਾ ਹੈ ਕੀ ਰਾਜ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੇ ਸਮਰੱਥ ਹੈ ਅਤੇ ਸਖ਼ਤ ਫੈਸਲਾ ਲੈ ਸਕਦੀ ਹੈ? ਇਸ ਵਿੱਚ ਕੋਈ ਸੱਕ ਨਹੀਂ ਕਿ ਪਿਛਲੇ ਦਸ ਸਾਲਾਂ ਵਿੱਚ ਵੱਡੇ ਨਸ਼ਾ ਤਸਕਰਾਂ ਨੇ ਉਸ ਸਮੇਂ ਦੀ ਸਤ੍ਹਾਧਾਰੀ ਪਾਰਟੀ ਨਾਲ ਆਪਣੇ ਸਬੰਧ ਪੂਰੀ ਤਰ੍ਹਾਂ ਜੋੜ ਲਏ ਸਨ ਅਤੇ ਜੇਕਰ ਹੁਣ ਕੈਪਟਨ ਸਰਕਾਰ ਉਹਨਾਂ ਤੇ ਕੋਈ ਕਾਰਵਾਈ ਕਰਨ ਦਾ ਯਤਨ ਕਰੇ ਤਾਂ ਬਦਲਾਖੋਰੀ ਦੀ ਕਾਰਵਾਈ ਕਹਿ ਕੇ ਕਥਿਤ ਨਸ਼ਾ ਤਸਕਰਾਂ ਦੇ ਹੱਕ ਵਿੱਚ ਵੀ ਵਿਰੋਧੀ ਪਾਰਟੀਆਂ ਰੌਲਾ ਪਾਉਣਗੀਆਂ। ਅਜਿਹੇ ਵਿੱਚ ਸਰਕਾਰ ਠੋਸ ਕਾਰਵਾਈ ਕਰਨ ਤੋਂ ਪਿੱਛੇ ਹਟ ਜਾਵੇਗੀ ਜਾਂ ਜਵਾਨੀ ਨੂੰ ਬਚਾਉਣ ਲਈ ਸਖ਼ਤ ਫੈਸਲਾ ਲਵੇਗੀ, ਇਹ ਸਵਾਲ ਅੱਜ ਹਰ ਜਾਗਰੂਕ ਵਿਅਕਤੀ ਦੇ ਜਿਹਨ ਵਿੱਚ ਘੁੰਮ ਰਿਹਾ ਹੈ।
ਕੁਲ ਮਿਲਾ ਕੇ ਅੱਜ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ੇ ਰੋਕਣਾ ਸਮੇਂ ਦਾ ਮੁੱਖ ਮੱਦਾ ਹੈ। ਜੇਕਰ ਰਾਜ ਸਰਕਾਰ ਆਪਣੇ ਵਾਅਦੇ ਅਨੁਸਾਰ ਸੁਹਿਰਦ ਹੈ ਤਾਂ ਵੱਡੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਤੋਂ ਕਾਰਵਾਈ ਸੁਰੂ ਕੀਤੀ ਜਾਣੀ ਚਾਹੀਦੀ ਹੈ। ਨਸ਼ਾ ਤਸਕਰ ਚਾਹੇ ਵਿਰੋਧੀ ਪਾਰਟੀ ਦੇ ਹਮਦਰਦ ਹੋਣ ਚਾਹੇ ਸੱਤਾਧਾਰ ਪਾਰਟੀ ਨਾਲ ਸਬੰਧਤ ਹੋਣ, ਬਿਨ੍ਹਾਂ ਲਿਹਾਜ਼ੂ ਰਵੱਈਆ ਅਪਣਾਉਣ ਦੇ ਸਖ਼ਤ ਕਾਰਵਾਈ ਕਰਨੀ ਸਮੇਂ ਦੀ ਲੋੜ ਹੈ। ਇਸ ਅਤੀ ਸੰਵੇਦਨਸ਼ੀਲ ਮੁੱਦੇ ਲਈ ਸਰਕਾਰ ਵੱਲੋਂ ਸਾਰੀਆਂ ਸਿਆਸੀ ਧਿਰਾਂ ਸਮੇਤ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਸਹਿਯੋਗ ਲੈਣਾ ਚਾਹੀਦਾ ਹੈ ਅਤੇ ਸੂਬਾ ਪੱਧਰ ਤੇ ਲੋਕ ਲਹਿਰ ਉਸਾਰਨੀ ਚਾਹੀਦੀ ਹੈ।

(ਬਲਵਿੰਦਰ ਸਿੰਘ ਭੁੱਲਰ)
+91 098882-75913

Install Punjabi Akhbar App

Install
×