ਇੰਡੀਅਨਐਪਲਸ ’ਚ ਮਾਰੇ ਗਏ 8 ਲੋਕਾਂ ਦੀ ਯਾਦ ਵਿੱਚ ਕੈਂਡਲ ਲਾਇਟ ਵਿਜ਼ਲ ਦਾ ਆਯੋਜਨ

ਨਿਊਯਾਰਕ -ਬੀਤੇਂ ਦਿਨੀ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਅਨਐਪਲਸ ਵਿਖੇ ਮਾਰੇ ਗਏ 8 ਲੋਕਾਂ ਦੀ ਯਾਦ ਵਿੱਚ ਅਮਰੀਕਾ ਦੇ ਸੂਬੇ  ਕੈਲੀਫੋਰਨੀਆ ਦੇ ਐਲਕ ਗਰੋਵ ਸ਼ਹਿਰ ਵਿੱਚ ਇਕ ਕੈਂਡਲ ਲਾਇਟ ਵਿਜ਼ਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿਚ ਲੋਕਾਂ ਨੇ ਆਣ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਬੀਤੇਂ ਦਿਨੀਂ  ਇੰਡੀਅਨਐਪਲਸ ਵਿੱਚ  ਮਾਰੇ ਗਏ 8 ਲੋਕਾਂ ਵਿਚੋਂ 4 ਸਿੱਖ ਭਾਈਚਾਰੇ ਨਾਲ ਸੰਬੰਧਤ ਸਨ, ਜਿਨ੍ਹਾਂ ਵਿਚ 66 ਸਾਲਾ ਅਮਰਜੀਤ ਕੌਰ ਜੌਹਲ, 50 ਸਾਲਾ ਜਸਵਿੰਦਰ ਕੌਰ, 68 ਸਾਲਾ ਜਸਵਿੰਦਰ ਸਿੰਘ ਅਤੇ 48 ਸਾਲਾ ਅਮਰਜੀਤ ਕੌਰ ਸੇਖੋਂ ਸ਼ਾਮਲ ਸਨ।ਸਿੰਘ ਐਂਡ ਕੌਰ ਪਾਰਕ, ਐਲਕ ਗਰੋਵ ਵਿਖੇ ਹੋਏ ਇਸ ਸਮਾਗਮ ਵਿਚ ਬੋਲਦਿਆਂ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਨੇ ਕਿਹਾ ਕਿ ਸਾਡੇ ਭਾਈਚਾਰੇ ਲਈ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਐਲਕ ਗਰੋਵ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਇਆਂ ਕਿਹਾ ਕਿ ਸਤੰਬਰ 11 ਦੀਆਂ ਘਟਨਾਵਾਂ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ ਨੂੰ ਸਮੇਂ-ਸਮੇਂ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਪਛਾਣ ਬਣਾਉਣ ਲਈ ਅਮਰੀਕੀ ਵਿਵਸਥਾ ਵਿਚ ਸ਼ਾਮਲ ਹੋਣ ਦੀ ਸਖ਼ਤ ਲੋੜ ਹੈ। ਇਸ ਸਮਾਗਮ ਵਿਚ ਸਿੱਖ ਭਾਈਚਾਰੇ ਤੋਂ ਇਲਾਵਾ ਏਸ਼ੀਅਨ, ਗੋਰੇ, ਕਾਲੇ, ਮੈਕਸੀਕਨ ਆਦਿ ਭਾਈਚਾਰੇ ਨੇ ਵੀ ਹਿੱਸਾ ਲਿਆ। ਆਏ ਲੋਕਾਂ ਵੱਲੋਂ ਦਿਨ ਢਲਦਿਆਂ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

Install Punjabi Akhbar App

Install
×