ਕੈਂਸਰ ਪੀੜ੍ਹਤ ਲੜਕੀਂ ਇਨਸਾਫ਼ ਲਈ ਐਸ.ਐਸ.ਪੀ. ਦਫ਼ਤਰ ਅੱਗੇ ਬੈਠੇਗੀ ਭੁੱਖ ਹੜਤਾਲ ਤੇ!!

29gsc1 copy

ਪਿਛਲੇ ਸਮੇਂ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਹੋਏ ਬਹੁ-ਚਰਚਿਤ ਕੈਂਸਰ ਪੀੜ੍ਹਤ ਘੁਟਾਲੇ ‘ਚ ਜ਼ਿਲ੍ਹਾ ਫਰੀਦਕੋਟ ਦੇ 25-30 ਕੈਂਸਰ ਪੀੜਤਾਂ ਨੇ ਹਲਫੀਆ ਬਿਆਨ ਦੇ ਕੇ ਡਾਕਟਰਾਂ ਅਤੇ ਮੈਡੀਕਲ ਸਟੋਰ ਮਾਲਕਾਂ ‘ਤੇ ਕੈਂਸਰ ਪੀੜ੍ਹਤਾਂ ਦੇ ਲੱਖਾਂ ਰੁਪੈ ਹੜੱਪਣ ਦਾ ਦੋਸ਼ ਲਾਇਆ ਸੀ। ਜਿਸ ਕਰਕੇ ਇਹ ਮਾਮਲਾ ਅਖਬਾਰਾਂ ਸਮੇਤ ਟੀ.ਵੀ.ਚੈੱਨਲਾਂ ‘ਤੇ ਵੀ ਸੁਰਖੀਆਂ ਬਣਿਆ ਸੀ। ਜਿਥੇ ਇਸ ਮਾਮਲੇ ਦੇ ਸਬੰਧ ‘ਚ ਤਤਕਾਲੀਨ ਡਿਪਟੀ ਕਮਿਸ਼ਨਰ ਨੇ ਕੈਂਸਰ ਪੀੜ੍ਹਤਾਂ ਦੇ ਬਿਆਨਾਂ ਦੀ ਸੀ.ਡੀ. ਅਤੇ ਹਲਫੀਆ ਬਿਆਨ ਦੀਆਂ ਕਾਪੀਆਂ ਲੈ ਕੇ ਸੂਬੇ ਦੇ ਗ੍ਰਹਿ ਵਿਭਾਗ ਪਾਸੋਂ ਕਾਰਵਾਈ ਦੀ ਮੰਗ ਕੀਤੀ ਸੀ ਪਰ ਸੂਤਰਾਂ ਮੁਤਾਬਕ ਉਸ ਕਰਵਾਈ ਨੂੰ ਪ੍ਰਸ਼ਾਸ਼ਨ ਨੇ ਠੰਢੇ ਬਸਤੇ ‘ਚ ਬੰਦ ਕਰ ਦਿੱਤਾ ਹੈ, ਜੋ ਅੱਜ ਤੱਕ ਵੀ ਉਜਾਗਰ ਨਹੀਂ ਹੋ ਸਕਿਆ। ਸਾਦਿਕ ਨੇੜਲੇ ਪਿੰਡ ਅਹਿਲ ਦੀ ਇਕ ਕੈਂਸਰ ਪੀੜ੍ਹਤ ਲੜਕੀ ਦੇ ਗਰੀਬ ਪਿਤਾ ਜਸਪਾਲ ਸਿੰਘ ਨੇ ਵੀ ਉਸ ਸਮੇਂ ਆਪਣੇ ਨਾਲ ਹੋਈ ਠੱਗੀ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਨਸਾਫ਼ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਗੁਰਜੀਤ ਸਿੰਘ ਰੋਮਾਣਾ ਡੀ.ਐਸ.ਪੀ. ਦੀ ਅਗਵਾਈ ‘ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਦੋਸ਼ੀਆਂ ਖਿਲਾਫ ਐਫ.ਆਈ.ਆਰ.ਨੰ.325 ਮਿਤੀ 20/09/2013 ਅਧੀਨ ਧਾਰਾ 420/465/467/468/ 461/120-ਬੀ ਆਈ.ਪੀ.ਸੀ. ਡਰੱਗ ਐਂਡ ਪ੍ਰਾਈਸ ਕੰਟਰੋਲ ਆਰਡਰ 1995 ਆਈ.ਪੀ.ਸੀ. ਥਾਣਾ ਸਿਟੀ ਫਰੀਦਕੋਟ ਵਿਚ ਦਰਜ ਕੀਤੀ ਸੀ ਅਤੇ ਉਸ ਸਮੇਂ ਮੈਡੀਕਲ ਕਾਲਜ ਫਰੀਦਕੋਟ ਅੰਦਰ ਦਵਾਈਆਂ ਦੀ ਦੁਕਾਨ ਦੇ ਮਾਲਕ ਪੁਨੀਤ ਤਾਇਲ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ ਸੀ ਜੋ ਤਿੰਨ ਮਹੀਨੇ ਜੇਲ੍ਹ ਚ ਬੰਦ ਰਿਹਾ ਸੀ ਅਤੇ ਲੋਕਲ ਅਦਾਲਤ ਵਿਚ ਉਸਦੀ ਜ਼ਮਾਨਤ ਵੀ ਨਹੀਂ ਹੋਈ ਸੀ । ਪਰ ਪੀੜਤ ਪਰਵਾਰ ਦੇ ਇਕ ਹਮਦਰਦ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਜਾਣਕਾਰੀ ਰਾਹੀਂ ਖੁਲਾਸਾ ਹੋਇਆ ਹੈ ਕਿ ਜ਼ਿਲ੍ਹਾ ਪੁਲਿਸ ਨੇ ਅੱਜ ਤੋਂ ਦੋ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਉਕਤ ਮੁਕੱਦਮੇ ਦਾ ਅਦਾਲਤ ‘ਚ ਚਲਾਣ ਹੀ ਪੇਸ਼ ਨਹੀਂ ਕੀਤਾ, ਬਲਕਿ ਸਿਆਸੀ ਦਬਾਅ ਕਾਰਨ ਪੁਲਿਸ ਪ੍ਰਸ਼ਾਸ਼ਨ ਨੇ ਉਕਤ ਮੁਕੱਦਮੇ ਦੀ ਅਖ਼ਰਾਜ ਰਿਪੋਰਟ ਭਰ ਦਿੱਤੀ ਹੈ।

ਪਿੰਡ ਅਹਿਲ ਦੇ ਵਸਨੀਕ ਜਸਪਾਲ ਸਿੰਘ ਪੁੱਤਰ ਬੇਅੰਤ ਸਿੰਘ ਨੇ ਐਸ ਐਸ ਪੀ ਫਰੀਦਕੋਟ, ਇਨਵੈਸਟੀਗੇਸ਼ਨ ਬਿਊਰੋ, ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ, ਡੀ.ਜੀ.ਪੀ.ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਪਾਸੋਂ ਦਰਖਾਸਤ ਦੇ ਕੇ ਇਨਸਾਫ ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਦੱਸਿਆ ਕਿ ਪ੍ਰਾਰਥੀ ਦੀ ਲੜਕੀ ਨੂੰ ਬਲੱਡ ਕੈਂਸਰ ਹੋ ਗਿਆ ਸੀ, ਜਿਸ ਦਾ ਇਲਾਜ ਕਈ ਹਸਪਤਾਲਾਂ ‘ਚੋਂ ਕਰਾਉਣ ਸਮੇਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ‘ਚ ਵੀ ਹੋਇਆ। ਇਸ ਸਬੰਧੀ ਜੋ ਦਵਾਈਆਂ ਖਰੀਦੀਆਂ ਸਨ, ਉਨ੍ਹਾਂ ਦਾ ਬਿੱਲ ਯੂਨੀਵਰਸਲ ਮੈਡੀਕਲ ਸਟੋਰ ਫਰੀਦਕੋਟ ਦੇ ਮਾਲਕਾਂ ਨੇ ਕਾਫ਼ੀ ਗੁਣਾ ਵੱਧ ਪੈਸੇ ਵਸੂਲ ਕੀਤੇ ਸਨ ਅਤੇ ਜ਼ਾਅਲੀ ਬਿੱਲ ਵੀ ਤਿਆਰ ਕੀਤੇ ਸਨ, ਜਿਸ ਦੇ ਸਿੱਟੇ ਵਜੋਂ ਸਬੰਧਤ ਮੈਡੀਕਲ ਸਟੋਰ ਦੇ ਮਾਲਕ ਖਿਲਾਫ ਉਕਤ ਮੁਕੱਦਮਾ ਨੰ. 325/2013 ਥਾਣਾ ਸਿਟੀ ਫਰੀਦਕੋਟ ‘ਚ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਮੁਲਜ਼ਮਾਂ ਦਾ ਚਲਾਣ ਪੇਸ਼ ਕਰਨ ਦੀ ਬਜਾਇ ਉਲਟਾ ਕੇਸ ਨੂੰ ਕਮਜ਼ੋਰ ਕਰਨ ਵੱਲ ਜ਼ਿਆਦਾ ਜ਼ੋਰ ਲਾਇਆ। ਪੀੜ੍ਹਤ ਨੂੰ ਸੂਚਨਾ ਦੇ ਅਧਿਕਾਰ ਐਕਟ ਤਹਿਤ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਲੱਗਾ ਕਿ ਉਕਤ ਮੁਕੱਦਮੇ ਦੀ ਅਖ਼ਰਾਜ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ‘ਚ ਦੋਸ਼ੀ ਨੂੰ ਬਿਲਕੁਲ ਨਿਰਦੋਸ਼ ਸਾਬਤ ਕੀਤਾ ਗਿਆ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮ ਖਿਲਾਫ ਕੋਈ ਕਾਰਵਾਈ ਨਾ ਕਰਨ ਅਤੇ ਅਖਰਾਜ ਰਿਪੋਰਟ ਤਿਆਰ ਕਰਨ ਕਾਰਨ ਪ੍ਰਾਰਥੀ ਨੂੰ ਸਮੇਤ ਪਰਿਵਾਰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਇਹ ਮੁਕੱਦਮਾ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਪੜ੍ਹਤਾਲ ਰਿਪੋਰਟ ਉਪਰੰਤ ਦਰਜ ਹੋਏ ਮੁਕੱਦਮੇ ਦੀ ਅਖਰਾਜ ਰਿਪੋਰਟ ਭਰਨੀ ਪੁਲਿਸ ਵਿਭਾਗ ਦੀ ਮੁਲਜ਼ਮਾਂ ਨਾਲ ਮਿਲੀਭੁਗਤ ਸਾਬਤ ਕਰਦੀ ਹੈ। ਅਖਰਾਜ ਰਿਪੋਰਟ ਤਿਆਰ ਕਰਨੀ ਕਾਨੂੰਨ ਤੇ ਨਿਆਂ ਦਾ ਅਪਮਾਨ ਕਰਨਾ ਹੈ। ਉਨ੍ਹਾਂ ਆਪਣੀ ਅਰਜ਼ੀ ‘ਚ ਲਿਖਿਆ ਹੈ ਕਿ ਮੁਲਜ਼ਮ ਅਜੇ ਵੀ ਪ੍ਰਾਰਥੀ ਨੂੰ ਸ਼ਰੇਆਮ ਧਮਕੀਆਂ ਦੇ ਰਿਹਾ ਹੈ। ਸ਼ਿਕਾਇਤ ਕਰਤਾ ਅਨੁਸਾਰ ਕੈਂਸਰ ਪੀੜ੍ਹਤ ਉਸ ਦੀ ਲੜਕੀ ਤੇ ਹੋਰ ਪਰਿਵਾਰਕ ਮੈਂਬਰ ਇਨਸਾਫ਼ ਲੈਣ ਲਈ ਐਸ ਐਸ ਪੀ ਦਫਤਰ ਫਰੀਦਕੋਟ ਦੇ ਅੱਗੇ ਭੁੱਖ ਹੜਤਾਲ ਤੇ ਬੈਠਣਗੇ ਅਤੇ ਇਹ ਮਾਮਲਾ ਮੁੜ ਤੋਂ ਭਖਣ ਦੇ ਆਸਾਰ ਬਣ ਗਏ ਹਨ। ਅਜੇ ਫਰੀਦਕੋਟ ਬੱਸ ਕਾਂਡ ਵਾਲਾ ਮਸਲਾ ਠੰਡਾ ਨਹੀ ਪਿਆ ਅਤੇ ਇਹ ਹੋਰ ਸੰਗੀਨ ਮਸਲਾ ਸਾਹਮਣੇ ਆ ਗਿਆ ਹੈ ਜਿਸ ਵਿਚ ਪੀੜਤ ਪਰਵਾਰ ਨਾਲ ਪੁਲਿਸ ਅਤੇ ਰਾਜਨੀਤਕ ਲੋਕਾਂ ਨੇ ਇਕ ਹੋਰ ਘੋਰ ਅਨਿਆਂ ਕਰ ਵਿਖਾਇਆ ਹੈ।

Install Punjabi Akhbar App

Install
×