ਨਿਊਜ਼ੀਲੈਂਡ ‘ਚ ਕੈਂਸਰ ਨਾਲ ਪੀੜ੍ਹਤ ਇਕ ਮਹਿਲਾ ਵਕੀਲ ਮਨਚਾਹੀ ਮੌਤ ਲਈ ਅਦਾਲਤ ਨਾਲ ਕਰ ਰਹੀ ਹੈ ਲੜਾਈ

NZ PIC 1 Juneਇਹ ਗੱਲ ਸੱਚ ਹੈ ਕਿ ਇਸ ਦੁਨੀਆ ਤੋਂ ਕਿਸੇ ਦਾ ਵੀ ਤੁਰ ਜਾਣ ਨੂੰ ਦਿਲ ਨਹੀਂ ਕਰਦਾ ਪਰ ਕੁਦਰਤ ਦੀ ਕਰੋਪੀ ਇਥੋਂ ਤੱਕ ਲੈ ਜਾਂਦੀ ਹੈ ਕਿ ਸੁੱਖੀ ਸਾਂਦੀ ਵਸਦਾ ਇਨਸਾਨ ਮੌਤ ਮੰਗਣ ਲਗਦਾ ਹੈ। ਨਿਊਜ਼ੀਲੈਂਡ ਦੇ ਵਿਚ ਇਕ 42 ਸਾਲਾ ਮਹਿਲਾ (ਲਿਕਰੇਟੀਆ ਸੀਲਜ਼) ਵਕੀਲ ਦੇ ਤੇਜ਼ ਤਰਾਰ ਦਿਮਾਗ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਅਜਿਹਾ ਘੇਰਿਆ ਕਿ ਜਿੱਸ ਅਦਾਲਤ ਦੇ ਵਿਚੋਂ ਉਹ ਲੋਕਾਂ ਨੂੰ ਜ਼ਿੰਦਗੀ ਦੀ ਇਕ ਰੌਸ਼ਨ ਕਿਰਨ ਵਿਖਾਇਆ ਕਰਦੀ ਸੀ ਉਸੇ ਅਦਾਲਤ ਤੋਂ ਉਹ ਮੌਤ ਦੇ ਘੋਰ ਅੰਧਾਰ ਵਿਚ ਸਮਾ ਜਾਣ ਲਈ ਤਰਲੇ ਪਾ ਰਹੀ ਹੈ। ਉਸਨੇ ਮਾਣਯੋਗ ਅਦਾਲਤ ਦੇ ਵਿਚ ਅਰਜ਼ੀ ਦਿੱਤੀ ਹੋਈ ਹੈ ਕਿ ਕੈਂਸਰ ਦੇ ਕਾਰਨ ਉਹ ਹਰ ਰੋਜ਼ ਹੌਲੀ-ਹੌਲੀ ਅਤੇ ਟੁਕੜੇ-ਟੁਕੜੇ ਹੋ ਕੇ ਮਰ ਰਹੀ ਹੈ, ਕ੍ਰਿਪਾ ਕਰਕੇ ਉਸ ਨੂੰ ਮੌਤ ਦੇ ਗਲ ਲਗ ਜਾਣ ਲਈ ਸੌਖੀ ਮੋਤ ਲਿਆਉਣ ਵਾਲੀ ਦਵਾਈ (ਯੂਥਾਨੇਸੀਆ) ਦਿੱਤੀ ਜਾਵੇ ਜਿਸ ਦੇ ਨਾਲ ਉਹ ਸੌਖਿਆ ਅਤੇ ਹਸਦੇ-ਹਸਦੇ ਮਰ ਜਾਵੇ। ਉਸਨੇ ਕਿਹਾ ਕਿ ਮੈਂ ਹਸਪਤਾਲ ਦਾ ਬੈਡ ਮੱਲ ਕੇ ਨਹੀਂ ਰੱਖਣਾ ਚਾਹੁੰਦੀ ਅਤੇ ਉਹ ਦਰਦ ਦੇ ਨਾਲ ਨਹੀਂ ਮਰਨਾ ਚਾਹੁੰਦੀ। ਉਸਨੇ ਅਦਾਲਤ ਦੇ ਵਿਚ ਅਰਜ਼ੀ ਦਿੱਤੀ ਹੋਈਹੈ ਕਿ ਉਸਦੇ ਜ਼ੀ.ਪੀ. ਨੂੰ ਅਜਿਹੀ ਦਵਾਈ ਦੇਣ ਦੀ ਆਗਿਆ ਦਿੱਤੀ ਜਾਵੇ ਜਿਸ ਨਾਲ ਉਹ ਸੌਖਿਆ ਮਰ ਜਾਵੇ ਅਤੇ ਜੀ.ਪੀ. ਉਤੇ ਕੋਈ ਅਪਰਾਧ ਦੀ ਧਾਰਾ ਨਾ ਲੱਗੇ। ਨਿਊਜ਼ੀਲੈਂਡ ਬਿੱਲ ਆਫ ਰਾਈਟ ਜੀਵਨ ਦੀ ਰੱਖਿਆ ਦੀ ਤਾਂ ਗਾਰੰਟੀ ਦਿੰਦਾ ਹੈ ਪਰ ਮਰਨ ਦੀ ਗਾਰੰਟੀ ਨਹੀਂ। ਮਾਣਯੋਗ ਅਦਾਲਤ ਦੇ ਲਈ ਕਿਸੀ ਨੂੰ ਮੌਤ ਗਲੇ ਲਗਾਉਣ ਦੀ ਆਗਿਆ ਦੇਣ ਵਾਲਾ ਫੈਸਲਾ ਦੇਣਾ ਔਖੀ ਘੜੀ ਵਿਚੋਂ ਨਿਕਲਣ ਬਰਾਬਰ ਹੈ।
ਅੱਜ ਆਈਆਂ ਤਾਜ਼ਾ ਖਬਰਾਂ ਦੇ ਵਿਚ ਪਾਇਆ ਗਿਆ ਹੈ ਕਿ ਕੈਂਸਰ ਪੀੜਤ ਇਹ ਮਹਿਲਾ ਹੁਣ ਜਿਆਦਾ ਜ਼ਿੰਦਗੀ ਨਹੀਂ ਗੁਜਾਰੇਗੀ ਅਤੇ ਵਲਿੰਗਟਨ ਹਾਈ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਜ਼ਿੰਦਗੀ ਨੂੰ ਸਲਾਮ ਕਹਿ ਜਾਵੇਗੀ।। ਉਸਨੇ ਅੱਖਾਂ ਬੰਦ ਕਰ ਲਈਆਂ ਹਨ ਅਤੇ ਖਾਣਾ-ਪੀਣਾ ਛੱਡ ਦਿੱਤਾ ਹੈ। ਉਸਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ। ਇਸ ਮਹਿਲਾ ਨੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਤੱਕ ਵੀ ਅਜਿਹੀ ਅਰਜ਼ੀ ਦਿੱਤੀ ਹੋਈ ਹੈ।